ਕੇਹਰ ਸ਼ਰੀਫ਼ ਦੀ ਯਾਦ ਵਿਚ
ਆਪਣੀ ਕਵਿਤਾ ਅੰਦਰ ‘ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ’ ਲਿਖਣ ਵਾਲੇ ਕੇਹਰ ਸ਼ਰੀਫ਼ ਨੇ 12 ਮਈ ਨੂੰ ਸਬੂਤੀ ਅਲਵਿਦਾ ਆਖ ਦਿੱਤੀ। ਆਪਣੇ ਜਰਮਨੀ ਕਿਆਮ ਤੋਂ ਪਹਿਲਾਂ ਉਨ੍ਹਾਂ ਪੰਜਾਬ ਅੰਦਰ ਬਤੌਰ ਕਮਿਊਨਿਸਟ ਕੁਲਵਕਤੀ ਸਰਗਰਮੀ ਕੀਤੀ ਅਤੇ ਪੱਤਰਕਾਰੀ ਦਾ ਖੇਤਰ ਵੀ ਛਾਣਿਆ। ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਲਗਾਤਾਰ ਲਿਖਿਆ। ਉਨ੍ਹਾਂ ਦੇ ਭਰਾਤਾ ਅਤੇ ਸੀਨੀਅਰ ਪੱਤਰਕਾਰ ਸ਼ਾਮ ਸਿੰਘ ਨੇ ਉਨ੍ਹਾਂ ਨੂੰ ਇਸ ਕਵਿਤਾ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਹੈ:
ਸ਼ਾਮ ਸਿੰਘ
ਕੇਹਰ ਕੱਲੇ ਦਾ ਕੱਲਾ ਹੀ ਜਾਪਦਾ ਸੀ,
ਭਰੀ ਭਰਾਤੀ ਬਰਾਤ ਜਿਉਂ ਤਾਰਿਆਂ ਦੀ।
ਬੋਲਾਂ ਵਿਚ ਸਨ ਤਾਰੇ ਪਰੋਏ ਹੁੰਦੇ,
ਭਾਸ਼ਾ ਕਰਦੀ ਸੀ ਲੋਅ ਇਸ਼ਾਰਿਆਂ ਦੀ।
ਦਿੰਦਾ ਰਿਹਾ ਉਹ ਹੋਕਾ ਬਰਾਬਰੀ ਦਾ,
ਜਿਹੜੀ ਗੱਲ ਹੈ ਸਾਰੇ ਦੇ ਸਾਰਿਆਂ ਦੀ।
ਅਮਲ ਵਿਚ ਜਦ ਹੁੰਦੇ ਦੇਖਦਾ ਨਾ,
ਨਿੰਦਾ ਕਰਦਾ ਸੀ ਫੋਕੇ ਨਾਅਰਿਆਂ ਦੀ।
ਵਿਤਕਰਿਆਂ ਵਿਚ ਵਿਚਰਦੇ ਲੋਕ ਦੇਖੇ,
ਉਹਨੂੰ ਚਿੰਤਾ ਸੀ ਸਾਰੇ ਨਾਕਾਰਿਆਂ ਦੀ।
ਮਹਿਲ ਦੇਖੇ ਜਦ ਸ਼ੀਸ਼ੇ ਵਾਂਗ ਚਮਕੇ,
ਪੁੱਛਦਾ ਕਿਉਂ ਹਰ ਕੋਠੜੀ ਗਾਰਿਆਂ ਦੀ।
ਆਪਣੇ ਲੋਕ ਵੀ ਜਦ ਗ਼ਲਤ ਕਰਦੇ,
ਰਿਐਤ ਕਰਦਾ ਨਾ ਕਦੇ ਪਿਆਰਿਆਂ ਦੀ।
ਖੋਲ੍ਹੇ ਪੋਲ ਪਖੰਡ ਦੇ ਸਦਾ ਉਸ ਨੇ,
ਕੱਢਦਾ ਰਿਹਾ ਫੂਕ ਫੋਕੇ ਨਾਅਰਿਆਂ ਦੀ।
ਜਿੱਤਿਆਂ ਨੂੰ ਨਫ਼ਰਤ ਸੀ ਨਹੀਂ ਕਰਦਾ,
ਧਿਰ ਬਣਦਾ ਸੀ ਉਹ ਤਾਂ ਹਾਰਿਆਂ ਦੀ।
ਤਾਨਾਸ਼ਾਹਾਂ ਨੂੰ ਕਦੇ ਸਵੀਕਾਰਿਆਂ ਨਾ,
ਰਾਜ ਚਾਹੁੰਦਾ ਸੀ ਕਿਰਤੀ ਸਤਿਕਾਰਿਆਂ ਦੀ।
ਇੱਛਾ ਸੀ ਉਹ ਬਣਦੇ ਇਨਸਾਨ ਦੇਖੇ,
ਅਧੂਰੀ ਰਹਿ ਗਈ ਉਹਦੇ ਸੁਪਨਾਰਿਆਂ ਦੀ।
ਕਿਸੇ ਲਾਟ ਦੀ ਨਹੀਂ ਪਰਵਾਹ ਕੀਤੀ,
ਗਾਥਾ ਫੋਲਦਾ ਸੀ ਉਨ੍ਹਾਂ ਦੇ ਕਾਰਿਆਂ ਦੀ।
ਗਿਆਨ ਵੰਡਦਾ ਰਿਹਾ ਉਹ ਉਮਰ ਪੂਰੀ,
ਲਾ ਕੇ ਅਨੁਭਵ ‘ਤੇ ਝਾਲ ਸਿਤਾਰਆਂ ਦੀ।
ਉਹਦੇ ਬੋਲ ਰਹਿਣਗੇ ਸਦਾ ਜਿਊਂਦੇ,
ਗੱਲ ਜਿਨ੍ਹਾਂ ‘ਚ ਕਈ ਅਦਾਰਿਆਂ ਦੀ।
ਫੇਸਬੁੱਕ ‘ਤੇ ਟੁਣਕ ਕੇ ਰਿਹਾ ਲਿਖਦਾ,
ਦਹਿਸ਼ਤ ਮੰਨੀ ਨਾ ਕਦੇ ਹੰਕਾਰਿਆਂ ਦੀ।
ਸਮ ਸਮਾਜ ਲਈ ਬੋਲਿਆ ਤੇ ਲਿਖਿਆ,
ਮੰਨੀ ਕੋਈ ਨਾ ਹਉਂਮੈ ਦੇ ਮਾਰਿਆਂ ਦੀ।
ਪੜ੍ਹ ਗੁੜ੍ਹ ਕੇ ਉੱਚੇ ਸਿਰ ਸਦਾ ਤੁਰਿਆ,
ਜ਼ਰੂਰਤ ਰਹੀ ਨਾ ਹੋਰ ਸਹਾਰਿਆਂ ਦੀ।
ਹੁਣ ਲੱਭਣਾ ਨਹੀਂ ਕੇਹਰ ਸ਼ਰੀਫ਼ ਕਿਧਰੇ,
ਚਾਹੇ ਭੋਂ ਗਾਹੋ ਬਲਖ ਬੁਖਾਰਿਆਂ ਦੀ।
(24 ਮਈ 2023 ਨੂੰ ਸਸਕਾਰ ਅਤੇ ਅੰਤਿਮ ਅਰਦਾਸ ‘ਤੇ)