ਮਾਨਸਾ ਹਲਕੇ ਵਿੱਚ 55 ਆਮ ਘਰਾਂ ਦੇ ਜੰਮਿਆਂ ਨੂੰ ਮਿਲੀ ਸਰਪੰਚੀ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਕਤੂਬਰ
ਮਾਨਸਾ ਹਲਕੇ ਦੇ ਕੁੱਲ 63 ਪਿੰਡਾਂ ਦੀਆਂ ਸਰਪੰਚੀ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਨ ਤੋਂ ਬਾਅਦ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ 55 ਆਮ ਘਰਾਂ ਦੇ ਜੰਮੇ-ਜਾਇਆਂ ਨੂੰ ਸਰਪੰਚ ਬਣਨ ਦਾ ਮੌਕਾ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜਿਹੜੇ ਪਿੰਡਾਂ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਸਰਪੰਚੀ ਲਈ ਸਰਦਾਰੀ ਚਲੀ ਆ ਰਹੀ ਸੀ, ਉਸ ਨੂੰ ਐਤਕੀਂ ਫ਼ਨਾਅ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪਿੰਡਾਂ ਵਿੱਚ ਅਕਾਲੀ ਤੇ ਕਾਂਗਰਸੀ ਇਕੱਠੇ ਹੋਕੇ ਚੋਣ ਲੜਦੇ ਰਹੇ ਸਨ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਪੂਰੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਨਤਾ ਨੇ ਆਪ ਦੀਆਂ ਨੀਤੀਆਂ ਨਾਲ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਮਾਨਸਾ ਹਲਕੇ ਦੇ ਕੁੱਝ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਅਤੇ ਪੰਚ ਚੁਣੇ ਗਏ ਹਨ ਅਤੇ ਸਰਪੰਚੀ ਦੀਆ ਵੋਟਾ ਨੂੰ ਕਿਸੇ ਰਾਜਨੀਤਕ ਦਲ ਦੀਆ ਵੋਟਾਂ ਨਾ ਬਣਾਕੇ ਪਿੰਡ ਦੀਆ ਵੋਟਾ ਬਣਾ ਕੇ ਹਲਕੇ ਦੀਆਂ ਪੰਚਾਇਤਾਂ ਦੇ ਪੰਚ ਅਤੇ ਸਰਪੰਚ ਉਨ੍ਹਾਂ ਆਮ ਘਰਾਂ ਦੇ ਲੋਕਾਂ ਨੂੰ ਚੁਣਿਆ ਹੈ, ਜੋ ਪਹਿਲਾਂ ਹੀ ਆਪਣੇ-ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੂਰੇ ਹਲਕੇ ਦੇ ਹਰੇਕ ਪਿੰਡ ਵਿੱਚ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਦੀ ਹਨ੍ਹੇਰੀ ਲਿਆਂਦੀ ਜਾਵੇਗੀ ਅਤੇ ਕਿਸੇ ਵੀ ਪਿੰਡ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਸਰਪੰਚਾਂ ਵਿੱਚ ਪਿੰਡ ਫਫੜੇ ਭਾਈਕੇ ਤੋਂ ਜ਼ਸਵੀਰ ਕੌਰ, ਭੁੱਲਰ ਕੋਠੇ ਤੋਂ ਵੀਰਪਾਲ ਕੌਰ, ਅਲੀਸ਼ੇਰ ਕਲਾਂ ਤੋਂ ਪਾਲ ਕੌਰ, ਕੋਟਲੱਲੂ ਅੰਗਰੇਜ਼ ਕੌਰ, ਦਲੇਲ ਸਿੰਘ ਵਾਲਾ ਹਰਦੀਪ ਸਿੰਘ, ਨਰਿੰਦਰਪੁਰਾ ਤੋਂ ਸਰਬਜੀਤ ਕੌਰ, ਚੁਕੇਰੀਆਂ ਜਗਬੀਰ ਸਿੰਘ, ਠੂਠਿਆਂਵਾਲੀ ਤੋਂ ਜਸਵੀਰ ਕੌਰ, ਭੈਣੀਬਾਘਾ ਤੋਂ ਸਿਮਰਜੀਤ ਕੌਰ, ਬੁਰਜ ਰਾਠੀ ਤੋਂ ਦਰਸ਼ਨ ਸਿੰਘ, ਤਾਮਕੋਟ ਤੋਂ ਜਗਦੀਪ ਸਿੰਘ, ਉਭਾ ਤੋਂ ਸਿੰਗਾਰਾ ਸਿੰਘ,ਬੁਰਜ ਢਿੱਲਵਾਂ ਤੋਂ ਸ਼ੇਰ ਸਿੰਘ, ਅਕਲੀਆ ਤੋਂ ਜ਼ਸਵੀਰ ਸਿੰਘ, ਰੜ੍ਹ ਪਰਮਜੀਤ ਕੌਰ, ਬੁਰਜ ਝੱਬਰ ਤੋਂ ਸੁਖਜੀਤ ਕੌਰ ਸ਼ਾਮਲ ਹਨ।
ਮੁਕਤਸਰ ਵਿੱਚ ‘ਆਪ’ ਦੀਆਂ 43 ਪੰਚਾਇਤਾਂ ਬਣੀਆਂ: ਕਾਕਾ ਬਰਾੜ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਅਤੇ ਆਪ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਵਿੱਚ ਪੰਚਾਇਤ ਚੋਣਾਂ ਅਮਨ ਸ਼ਾਂਤੀ ਨਾਲ ਸੰਪਨ ਹੋਣ ’ਤੇ ਪਿੰਡਾਂ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰੀਬ 43 ਪਿੰਡਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਪੰਚਾਇਤ ਚੋਣਾਂ ਮੌਕੇ ਲੜਾਈਆਂ, ਧੱਕੇ ਅਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਸਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਿੰਡ ਫੱਤਣਵਾਲਾ ਦਾ ਸਰਪੰਚ ਅਮਰਿੰਦਰ ਸਿੰਘ ਬਰਾੜ 1095 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ।