ਮਾਲਵੇ ’ਚ ਕਿਸਾਨਾਂ ਦੇ ‘ਆਪ’ ਵਿਧਾਇਕਾਂ ਦੇ ਘਰਾਂ ਮੂਹਰਿਓਂ ਪੱਕੇ ਮੋਰਚੇ ਸਮਾਪਤ
ਜੋਗਿੰਦਰ ਸਿੰਘ ਮਾਨ/ਸ਼ਗਟ ਕਟਾਰੀਆ
ਮਾਨਸਾ/ਬਠਿੰਡਾ, 2 ਨਵੰਬਰ
ਮਾਲਵਾ ਖੇਤਰ ਵਿੱਚ ‘ਆਪ’ ਵਿਧਾਇਕਾਂ ਅਤੇ ਵਜ਼ੀਰਾਂ ਦੇ ਘਰਾਂ ਮੂਹਰੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਸਮੇਤ ਪਰਾਲੀ ਬਾਰੇ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਵਿਰੁੱਧ 16-17 ਦਿਨਾਂ ਤੋਂ ਵਿੱਢੇ ਪੱਕੇ ਮੋਰਚੇ ਅੱਜ ਸਮਾਪਿਤ ਕਰ ਦਿੱਤੇ ਗਏ ਹਨ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਹੋਰ ਤਕੜਾ ਸੰਘਰਸ਼ ਕਰਨ ਲਈ 4 ਨਵੰਬਰ ਤੋਂ ਜ਼ਿਮਨੀ ਚੋਣ ਵਾਲੇ ਹਲਕਿਆਂ ਵਿੱਚ ਭਾਜਪਾ, ‘ਆਪ’ ਉਮੀਦਵਾਰਾਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਨਿਰਣਾ ਲਿਆ ਗਿਆ ਹੈ। ਜਥੇਬੰਦੀ ਨੇ ਟੌਲ-ਪਲਾਜ਼ਿਆਂ ’ਤੇ ਚੱਲ ਰਹੇ ਪੱਕੇ ਪਰਚੀ ਮੁਕਤ ਮੋਰਚੇ ਪਹਿਲਾਂ ਵਾਂਗ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਭਲਕੇ 3 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਬਕਾਇਦਾ ਥਾਵਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਵਿੱਚ ਹੋ ਰਹੀ ਦੇਰੀ ਵਿਰੁੱਧ ਕਿਸਾਨਾਂ ਵੱਲੋਂ ਸਬੰਧਤ ਅਧਿਕਾਰੀਆਂ ਜਾਂ ਫ਼ੋਕੀ ਟੌਹਰ ਵਜੋਂ ਦੌਰਾ ਕਰਨ ਆਏ ਸਿਆਸੀ ਆਗੂਆਂ ਦੇ ਘਿਰਾਓ ਵੀ ਕੀਤੇ ਜਾਣਗੇ।
ਅੱਜ ਮਾਨਸਾ ਵਿੱਚ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਅੱਗੇ ਦਿੱਤੇ ਗਏ ਧਰਨੇ ਤੋਂ ਬਾਅਦ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਜ਼ਿਲ੍ਹੇ ਦੇ ਤਿੰਨੋਂ ਵਿਧਾਇਕਾਂ ਦੇ ਘਰਾਂ ਮੁਹਰੋਂ ਅੱਜ ਧਰਨੇ ਸਮਾਪਤ ਕਰਨ ਤੋਂ ਮਗਰੋਂ ਜਥੇਬੰਦੀ ਵੱਲੋਂ ਭਲਕੇ ਜ਼ਿਲ੍ਹਾ ਪੱਧਰੀ ਇਕੱਠ ਜ਼ਿਲ੍ਹਾ ਕਚਹਿਰੀਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਕੱਠ ਵਿੱਚ ਸੂਬਾਈ ਕਮੇਟੀ ਦੇ ਫੈਸਲੇ ਮੁਤਾਬਕ ਅਗਲੇ ਸੰਘਰਸ਼ ਲਈ ਲਾਮਬੰਦੀ ਕੀਤੀ ਜਾਵੇਗੀ।
ਲੰਬੀ (ਪੱਤਰ ਪ੍ਰੇਰਕ): ਖਰੀਦ ਦੇ ਮਾੜੇ ਪ੍ਰਬੰਧਾਂ ਬਾਰੇ ਸੂਬਾ ਸਰਕਾਰ ਵੱਲੋਂ ਕੋਈ ਕਦਮ ਨਾ ਪੁੱਟੇ ਜਾਣ ਕਾਰਨ ਭਾਕਿਯੂ ਏਕਤਾ ਉਗਰਾਹਾਂ ਨੇ ਸੰਘਰਸ਼ ਨੂੰ ਬਦਲਵੇਂ ਤਿੱਖੇ ਸੁਰ ਦੇਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਸੂਬਾਈ ਸੱਦੇ ’ਤੇ ਅੱਜ ਜਥੇਬੰਦੀ ਨੇ ਪਿੰਡ ਖੁੱਡੀਆਂ ਵਿਚ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਮੂਹਰੇ ਲੱਗਿਆ ਪੱਕਾ ਮੋਰਚਾ ਸੋਲਵੇਂ ਦਿਨ ਸਮਾਪਤ ਕਰ ਦਿੱਤਾ।
ਟੌਲ ਪਲਾਜ਼ਿਆਂ ’ਤੇ ਜਾਰੀ ਰਹਿਣਗੇ ਕਿਸਾਨਾਂ ਦੇ ਧਰਨੇ
ਪੱਖੋ ਕੈਂਚੀਆਂ/ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਮੋਗਾ ਨੈਸ਼ਨਲ ਹਾਈਵੇਅ ਉਪਰ ਪਿੰਡ ਮੱਲ੍ਹੀਆਂ ਦੇ ਟੌਲ ਪਲਾਜ਼ਾ ਉਪਰ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਨੇ ਭਾਵੇਂ ਵਿਧਾਇਕਾਂ ਦੇ ਘਰਾਂ ਮੂਹਰਿਓਂ ਸੰਘਰਸ਼ ਸਮਾਪਤ ਕਰ ਦਿੱਤਾ ਹੈ ਪਰ ਟੌਲ ਪਲਾਜ਼ਿਆਂ ’ਤੇ ਜਾਰੀ ਰਹੇਗਾ। ਪ੍ਰਦਰਸ਼ਨਕਾਰੀਆਂ ਨੇ ਝੋਨੇ ਦੀ ਖ਼ਰੀਦ ਹੋਣ, ਡੀਏਪੀ ਖ਼ਾਦ ਦੀ ਸਪਲਾਈ ਹੋਣ ਅਤੇ ਪਰਾਲੀ ਦੇ ਮੁੱਦੇ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ, ਡੀਏਪੀ ਖਾਦ ਦਾ ਪ੍ਰਬੰਧ ਕਰਨ ਅਤੇ ਪਰਾਲੀ ਪ੍ਰਬੰਧਨ ਦੇ ਠੋਸ ਹੱਲ ਲਈ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਅੱਜ ਸਤਾਰਵੇਂ ਦਿਨ ਵੀ ਮੋਰਚਾ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਮਾਸਟਰ ਨਛੱਤਰ ਸਿੰਘ, ਬਲਜੀਤ ਸਿੰਘ ਪੂਹਲਾ, ਲਖਵੀਰ ਸਿੰਘ, ਅਵਤਾਰ ਸਿੰਘ ਅਤੇ ਗੁਰਮੇਲ ਸਿੰਘ ਢੱਡੇ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੀਤੇ ਜਾ ਰਹੇ ਦਾਅਵੇ ਬਿੱਲਕੁੱਲ ਖੋਖਲੇ ਹਨ।