ਖੰਨਾ ਵਿੱਚ ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ
ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਨਵੰਬਰ
ਨਗਰ ਕੌਂਸਲ ਖੰਨਾ ਦੀ ਤਹਿਬਾਜ਼ਾਰੀ ਟੀਮ ਦੇ ਇੰਚਾਰਜ ਅਨਿਲ ਕੁਮਾਰ ਗੱਟੂ ਦੀ ਅਗਵਾਈ ਹੇਠ ਦੀਵਾਲੀ ਉਪਰੰਤ ਮੁੜ ਨਾਜਾਇਜ਼ ਕਬਜ਼ਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਕੌਂਸਲ ਦੀਆਂ ਟੀਮਾਂ ਨੇ ਅਮਲੋਹ ਰੋਡ ਅਤੇ ਜਰਨੈਲੀ ਸੜਕ ’ਤੇ ਮੰਜਾ ਮਾਰਕੀਟ ਦੇ ਨਾਲ ਬੀਐੱਸਐੱਨਐੱਲ ਐਕਸਚੇਂਜ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਦੱਸਣਯੋਗ ਹੈ ਕਿ ਕੌਂਸਲ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਨਾਜਾਇਜ਼ ਕਬਜ਼ਿਆਂ ਸਬੰਧੀ ਕਾਰਵਾਈ ਕੁਝ ਸਮੇਂ ਲਈ ਬੰਦ ਕਰ ਦਿੱਤੀ ਸੀ ਜਿਸ ਦਾ ਫਾਇਦਾ ਚੁੱਕਦਿਆਂ ਕੁਝ ਲੋਕਾਂ ਵੱਲੋਂ ਮੁੜ ਜੀਟੀ ਰੋਡ ’ਤੇ ਰੇਹੜੀਆਂ ਫੜੀਆਂ ਆਮ ਵਾਂਗ ਲਾਉਣੀਆਂ ਆਰੰਭ ਦਿੱਤੀਆਂ ਗਈਆਂ ਜਿਸ ਕਾਰਨ ਸ਼ਹਿਰ ਵਿੱਚ ਸਾਰਾ ਦਿਨ ਟਰੈਫਿਕ ਜਾਮ ਰਹਿੰਦਾ ਹੈ। ਇਸ ਮੌਕੇ ਨਾਜਾਇਜ਼ ਕਬਜ਼ੇ ਹਟਾਉਂਦਿਆਂ ਕੌਂਸਲ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਕਬਜ਼ੇ ਕੀਤੇ ਗਏ ਤਾਂ ਸਖਤ ਕਾਰਵਾਈ ਕਰਦੇ ਹੋਏ ਸਾਮਾਨ ਵੀ ਜ਼ਬਤ ਕੀਤਾ ਜਾਵੇਗਾ।
ਇਸ ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ, ਪਰ ਅਧਿਕਾਰੀਆਂ ਨੇ ਇੱਕ ਨਾ ਸੁਣੀ। ਇਸ ਦੇ ਨਾਲ ਹੀ ਸੜਕਾਂ ’ਤੇ ਲੱਗੇ ਨਾਜਾਇਜ਼ ਹੋਰਡਿੰਗ ਵੀ ਹਟਾਏ ਗਏ। ਕੌਂਸਲ ਟੀਮ ਵੱਲੋਂ ਕੀਤੀ ਕਾਰਵਾਈ ਉਪਰੰਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਮਦਦ ਮਿਲੀ ਹੈ। ਇਸ ਮੌਕੇ ਅਨਿਲ ਕੁਮਾਰ ਨੇ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਸ਼ਹਿਰ ਵਿੱਚ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ
ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੀਤੇ ਕਬਜ਼ਿਆਂ ਨੂੰ ਖੁਦ ਹਟਾ ਲੈਣ ਤਾਂ ਜੋ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ।