ਜੂਨੀਅਰ ਓਪਨ ਪੰਜਾਬ ਅਥਲੈਟਿਕਸ ਵਿੱਚ ਦੀਵਾਨਾ ਦੇ ਖਿਡਾਰੀ ਛਾਏ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 7 ਅਕਤੂਬਰ
ਪਿੰਡ ਦੀਵਾਨਾ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਲੁਧਿਆਣਾ ’ਚ ਕਰਵਾਏ 99ਵੇਂ ਜੂਨੀਅਰ ਓਪਨ ਪੰਜਾਬ ਅਥਲੈਟਿਕ ਮੁਕਾਬਲਿਆਂ ਵਿੱਚ ਇਸ ਪਿੰਡ ਦੇ 3 ਖਿਡਾਰੀਆਂ ਨੇ ਚਾਰ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਜੇਤੂ ਖਿਡਾਰੀ ਹੁਣ ਕੌਮੀ ਪੱਧਰ ’ਤੇ ਸੂਬੇ ਦੀ ਨੁਮਾਇੰਦਗੀ ਕਰਨਗੇ। ਅੰਡਰ-18 ਲੜਕੀਆਂ ਦੇ 100 ਮੀਟਰ ਅੜਿੱਕਾ ਦੌੜ ਵਿੱਚ ਹਰਮਨ ਕੌਰ ਨੇ ਸੂਬੇ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਅੰਡਰ-16 ਦੇ ਲੰਬੀ ਛਾਲ ਮੁਕਾਬਲਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਦਿਲਪ੍ਰੀਤ ਸਿੰਘ ਨੇ ਅੰਡਰ-14 ਦੇ ਦੋ ਮੁਕਾਬਲਿਆਂ ਲੰਬੀ ਛਾਲ ਅਤੇ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਖੇਡ ਮੈਦਾਨ ਨੂੰ ਜਗਸੀਰ ਸਿੰਘ ਵੜਿੰਗ ਅਤੇ ਵਰਿੰਦਰ ਦੀਵਾਨਾ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤਿਆਰ ਕੀਤਾ ਸੀ।