ਜਲੰਧਰ ਵਿੱਚ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਜਲੰਧਰ ਵਿੱਚ ਖਸਤਾ ਹਾਲ ਸੜਕਾਂ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿਮਸ ਹਸਪਤਾਲ ਤੋਂ ਗੜ੍ਹਾ ਚੌਕ ਤੱਕ ਸੜਕ ਅਤੇ ਅੱਗੇ ਡਿਫੈਂਸ ਕਲੋਨੀ ਤੱਕ ਜਾਂਦੀ ਸੜਕ ਦੀ ਹਾਲਤ ਬਹੁਤ ਖਸਤਾ ਹੈ, ਜਿੱਥੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਇਸ ਸੜਕ ਦੀ ਵਿਧਾਨ ਸਭਾ ਚੋਣਾਂ ਦੌਰਾਨ ਮੁਰੰਮਤ ਕੀਤੀ ਗਈ ਸੀ ਪਰ ਹੁਣ ਵੱਡੇ-ਵੱਡੇ ਟੋਇਆਂ ਨਾਲ ਭਰੀ ਹੋਈ ਹੈ ਅਤੇ ਉਥੋਂ ਲੰਘਣ ਵਾਲਿਆਂ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ, ਖਾਸ ਕਰਕੇ ਜਦੋਂ ਮੀਂਹ ਪੈਂਦਾ ਹੈ। ਇੱਕ ਸਾਲ ਪਹਿਲਾਂ ਵੀ ਇਸ ਸੜਕ ’ਤੇ ਪੈਚ ਵਰਕ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਨੂੰ ਮਾਮੂਲੀ ਜਿਹੀ ਰਾਹਤ ਮਿਲੀ ਸੀ। ਹਾਲਾਂਕਿ ਇਹ ਰਾਹਤ ਥੋੜ੍ਹੇ ਸਮੇਂ ਲਈ ਸੀ, ਕਿਉਂਕਿ ਸਰਫੇਸ ਵਾਟਰ ਪ੍ਰਾਜੈਕਟ ਦੇ ਹਿੱਸੇ ਵਜੋਂ ਪਾਈਪਲਾਈਨ ਪਾਉਣ ਲਈ ਇੱਕ ਵਾਰ ਫਿਰ ਸੜਕ ਨੂੰ ਪੁੱਟ ਦਿੱਤਾ ਗਿਆ।
ਪਾਈਪਲਾਈਨ ਵਿਛਾਉਣ ਦੇ ਯਤਨਾਂ ਦੇ ਮੁਕੰਮਲ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਸੜਕ ਨੂੰ ਇਸ ਦੀ ਤਰਸਯੋਗ ਹਾਲਤ ’ਤੇ ਛੱਡ ਦਿੱਤਾ, ਜਿਸ ਦੇ ਪੁਨਰ-ਨਿਰਮਾਣ ਲਈ ਬਹੁਤ ਲੋੜੀਂਦਾ ਕੰਮ ਸ਼ੁਰੂ ਕਰਨ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਸਥਾਨਕ ਨਿਵਾਸੀਆਂ ਨੇ ਸੜਕ ਦੀ ਖਸਤਾ ਹਾਲਤ ਕਾਰਨ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ।
ਰਾਜੇਸ਼ ਸ਼ਰਮਾ ਨੇ ਕਿਹਾ ਕਿ ਬਰਸਾਤ ਦੌਰਾਨ ਟੋਏ ਛੱਪੜ ਵਿੱਚ ਬਦਲ ਜਾਂਦੇ ਹਨ ਅਤੇ ਪਾਣੀ ਇਕੱਠਾ ਹੋਣ ਕਾਰਨ ਵਾਹਨ ਚਲਾਉਣਾ ਖਤਰਨਾਕ ਹੋ ਜਾਂਦਾ ਹੈ। ਡਿਫੈਂਸ ਕਲੋਨੀ ਦੇ ਵਸਨੀਕ ਮੀਨਾ ਸਿੰਘ ਨੇ ਬਜ਼ੁਰਗਾਂ ਅਤੇ ਬੱਚਿਆਂ ’ਤੇ ਪੈਣ ਵਾਲੇ ਪ੍ਰਭਾਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਬਜ਼ੁਰਗ ਅਤੇ ਸਕੂਲੀ ਬੱਚਿਆਂ ਨੂੰ ਸਕੂਲ ਛੱਡਣ ਜਾਣ ਲਈ ਇਸ ਸੜਕ ’ਤੇ ਪੈਦਲ ਜਾਂ ਗੱਡੀ ਚਲਾਉਣਾ ਮੁਸ਼ਕਲ ਬਣ ਗਿਆ ਹੈ। ਨਿਵਾਸੀ ਹੁਣ ਨਗਰ ਨਿਗਮ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਹ ਅਧਿਕਾਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਸੜਕ ਦੇ ਪੁਨਰ ਨਿਰਮਾਣ ਨੂੰ ਤਰਜੀਹ ਦਿੱਤੀ ਜਾਵੇ।