ਹਰਿਆਣਾ ’ਚ ਛੜਿਆਂ ਨੂੰ ਮਿਲ ਸਕਦੀ ਹੈ ਪੈਨਸ਼ਨ
ਪੀ.ਪੀ. ਵਰਮਾ
ਪੰਚਕੂਲਾ, 3 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿੱਚ 45 ਤੋਂ 60 ਸਾਲ ਉਮਰ ਤੱਕ ਛਡ਼ੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ’ਤੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਯੋਜਨਾ ’ਤੇ ਸਰਕਾਰ ਇਕ ਮਹੀਨੇ ਦੇ ਅੰਦਰ ਫੈਸਲਾ ਲਵੇਗੀ। ਉਹ ਬੀਤੇ ਦਿਨ ਜ਼ਿਲ੍ਹਾ ਕਰਨਾਲ ਦੇ ਪਿੰਡ ਕਲਾਮਪੁਰ ਵਿੱਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿੰਡ ਕਲਾਮਪੁਰ ਦੇ ਜਨਤਕ ਕੇਂਦਰ ਵਿੱਚ ਬੂਟਾ ਵੀ ਲਗਾਇਆ।
ਜਨ ਸੰਵਾਦ ਵਿੱਚ ਇਕ 60 ਸਾਲ ਦੇ ਛਡ਼ੇ ਬਜ਼ੁਰਗ ਨੇ ਮੁੱਖ ਮੰਤਰੀ ਸਾਮਹਣੇ ਪੈਨਸ਼ਨ ਸਬੰਧੀ ਸ਼ਿਕਾਇਤ ਰੱਖੀ, ਜਿਸ ਤੇ ਮੁੱਖ ਮੰਤਰੀ ਨੇ ਉਪਰੋਕਤ ਐਲਾਨ ਕੀਤਾ। ਸ੍ਰੀ ਖੱਟਰ ਨੇ ਪਿੰਡ ਕਲਾਮਪੁਰ ਵਿੱਚ ਸੰਸਕ੍ਰਿਤ ਮਾਡਲ ਸਕੂਲ ਬਣਾਉਣ ਦਾ ਐਲਾਨ ਵੀ ਕੀਤਾ। ਨਾਲ ਹੀ ਉਨ੍ਹਾਂ ਸਰਕਾਰੀ ਸਕੂਲ ਦੇ ਨਵੇਂ ਭਵਨ ਦਾ ਨਿਰਮਾਣ ਕਰਨ ਅਤੇ ਕਾਛਵਾ ਤੋਂ ਕਲਾਮਪੁਰ ਤੱਕ ਸੜਕ ਦਾ ਅਗਲੇ ਦੋ ਮਹੀਨੇ ਵਿੱਚ ਨਿਰਮਾਣ ਕਰਨ ਲਈ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਸਰਕਾਰੀ ਸਕੂਲ ਵਿੱਚ ਵਾਲੀਬਾਲ ਖੇਡ ਮੈਦਾਨ ਬਣਾਉਣ ਦੇ ਨਾਲ-ਨਾਲ ਤਲਾਬ ਦੀ ਮੁਰੰਮਤ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਰੱਖੀਆਂ ਗਈਆਂ 19 ਮੰਗਾਂ ਦਾ ਅਧਿਐਨ ਕਰਨ ਤੋਂ ਬਾਅਦ ਸਾਰੀਆਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।