ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਵਿੱਚ ਕਾਂਗਰਸ ਨੂੰ ਅੰਦਰੂਨੀ ਫੁੱਟ ਲੈ ਬੈਠੀ

08:35 AM Oct 09, 2024 IST
ਜੀਂਦ ਜ਼ਿਲ੍ਹੇ ਦੇ ਜੁਲਾਨਾ ਹਲਕੇ ਵਿੱਚ ਜੇਤੂ ਰੈਲੀ ਕਰਦੀ ਹੋਈ ਕਾਂਗਰਸ ਉਮੀਦਵਾਰ ਵਿਨੇਸ਼ ਫੌਗਾਟ। -ਫੋਟੋ: ਪੀਟੀਆਈ

ਆਤਿਸ਼ ਗੁਪਤਾ
ਚੰਡੀਗੜ੍ਹ, 8 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਅੰਦਰੁੂਨੀ ਫੁੱਟ ਦਾ ਲਾਹਾ ਲੈਂਦਿਆਂ ਭਾਜਪਾ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ’ਚ ਕਾਮਯਾਬ ਰਹੀ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਨੇ 48, ਕਾਂਗਰਸ ਨੇ 37, ਇਨੈਲੋ ਨੇ 2 ਅਤੇ ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਹੀ ਇਨੈਲੋ, ਜੇਜੇਪੀ ਤੇ ‘ਆਪ’ ਦੇ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ’ਚ ਅੰਦਰੁੂਨੀ ਧੜੇਬੰਦੀਆਂ ਬਣ ਗਈਆਂ ਸਨ, ਜੋ ਕਿ ਚੋਣਾਂ ਵਿੱਚ ਟਿਕਟਾਂ ਦੀ ਵੰਡ ਸਮੇਂ ਲਗਾਤਾਰ ਵਧਦੀਆਂ ਗਈਆਂ। ਇਸੇ ਦੌਰਾਨ ਸੂਬਾ ਪ੍ਰਧਾਨ ਚੌਧਰੀ ਉਦੈਭਾਨ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਧੜੇ ਦੇ ਆਗੂਆਂ ਨੂੰ ਜ਼ਿਆਦਾ ਟਿਕਟਾਂ ਮਿਲਣ ਕਾਰਨ ਸੂਬੇ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਵਧਦੀ ਗਈ। ਇੰਨਾ ਹੀ ਨਹੀਂ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਨ ਕਰਕੇ ਵੀ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਤੇ ਰਣਦੀਪ ਸੂਰਜੇਵਾਲਾ ਵਿਚਕਾਰ ਰੇੜਕਾ ਜਾਰੀ ਰਿਹਾ।
ਇਸੇ ਕਰਕੇ ਕੁਮਾਰੀ ਸ਼ੈਲਜਾ ਵੱਲੋਂ ਲੰਮਾ ਸਮੇਂ ਚੋਣ ਪ੍ਰਚਾਰ ਤੋਂ ਵੀ ਪਾਸਾ ਵੱਟਿਆ ਗਿਆ। ਦੂਜੇ ਪਾਸੇ ਰਣਦੀਪ ਸੂਰਜੇਵਾਲਾ ਆਪਣੇ ਪੁੱਤਰ ਲਈ ਵਿਧਾਨ ਸਭਾ ਹਲਕਾ ਕੈਥਲ ਵਿੱਚ ਹੀ ਡਟੇ ਰਹੇ, ਜਿਸ ਕਰਕੇ ਉਹ ਹੋਰਨਾਂ ਸੀਟਾਂ ’ਤੇ ਪ੍ਰਚਾਰ ਹੀ ਨਾ ਕਰ ਸਕੇ। ਵਿਧਾਨ ਸਭਾ ਚੋਣਾਂ ਦੌਰਾਨ ਭੁਪਿੰਦਰ ਸਿੰਘ ਹੁੱਡਾ ਤੇ ਕਈ ਹੋਰ ਆਗੂਆਂ ਵੱਲੋਂ ਜਾਟ ਵੋਟ ਵੱਲ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਕਰ ਕੇ ਹੋਰਨਾਂ ਵਰਗਾਂ ਦੇ ਲੋਕ ਕਾਂਗਰਸ ਤੋਂ ਨਾਰਾਜ਼ ਹੋ ਗਏ।
ਦੂਜੇ ਪਾਸੇ ਭਾਜਪਾ ਨੇ ਕਾਂਗਰਸ ਦੀ ਅੰਦਰੁੂਨੀ ਫੁੱਟ ਅਤੇ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਦਾ ਪੁੂਰਾ ਲਾਹਾ ਲਿਆ। ਭਾਜਪਾ ਵੱਲੋਂ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਕਰਕੇ ਸੂਬੇ ਦੇ ਓਬੀਸੀ ਵਰਗ ਨੇ ਭਾਜਪਾ ਨੂੰ ਵਧੇਰੇ ਹਮਾਇਤ ਦਿੱਤੀ।
ਦੂਜੇ ਪਾਸੇ ਭਾਜਪਾ ਦੀ ਜਿੱਤ ਦਾ ਵੱਡਾ ਕਾਰਨ ਡੇਰਾ ਮੁਖੀ ਨੂੰ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਪੈਰੋਲ ਦੇਣਾ ਵੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਆਰਐੱਸਐੱਸ ਦਾ ਵੀ ਵਧੇਰੇ ਸਹਾਰਾ ਮਿਲਿਆ ਤੇ ਆਰਐੱਸਐੱਸ ਨੇ ਖੁੱਲ੍ਹ ਕੇ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

Advertisement

ਕਾਂਗਰਸ ਦੀ ‘ਹਰਿਆਣਾ ਮੰਗੇ ਜਵਾਬ’ ਮੁਹਿੰਮ ਵੀ ਨਾ ਦਿਖਾ ਸਕੀ ਰੰਗ

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਭਾਜਪਾ ਨੂੰ 10 ਸਾਲਾਂ ਦੀ ਕਾਰਗੁਜ਼ਾਰੀ ’ਤੇ ਘੇਰਨ ਲਈ ਚਲਾਈ ਮੁਹਿੰਮ ‘ਹਰਿਆਣਾ ਮੰਗੇ ਜਵਾਬ’ ਵੀ ਕੋਈ ਰੰਗ ਨਾ ਦਿਖਾ ਸਕੀ। ਇਸ ਮੁਹਿੰਮ ਤਹਿਤ ਕਾਂਗਰਸ ਵੱਲੋਂ ਭਾਜਪਾ ਨੂੰ ਸੂਬੇ ਭਰ ਵਿੱਚ ਭੰਡਿਆ ਗਿਆ ਪਰ ਫਿਰ ਵੀ ਭਗਵਾਂ ਪਾਰਟੀ ਸੂਬੇ ਵਿੱਚ ਸਰਕਾਰ ਬਣਾਉਣ ’ਚ ਸਫ਼ਲ ਰਹੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਆਖਰੀ ਸਮੇਂ ‘ਹਰਿਆਣਾ ਵਿਜੈ ਸੰਕਲਪ’ ਯਾਤਰਾ ਕੀਤੀ ਸੀ, ਜਿਸ ਦਾ ਵੀ ਪਾਰਟੀ ਨੂੰ ਕੋਈ ਲਾਹਾ ਨਾ ਮਿਲ ਸਕਿਆ।

ਪੰਜਾਬ ਭਾਜਪਾ ਨੇ ਜਿੱਤ ਦਾ ਜਸ਼ਨ ਮਨਾਇਆ

ਚੰਡੀਗੜ੍ਹ (ਟਨਸ): ਪੰਜਾਬ ਭਾਜਪਾ ਨੇ ਅੱਜ ਹਰਿਆਣਾ ’ਚ ਭਾਜਪਾ ਦੀ ਜਿੱਤ ਦਾ ਜਸ਼ਨ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ’ਚ ਭੰਗੜੇ ਅਤੇ ਢੋਲ ਵਜਾ ਕੇ ਮਨਾਇਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਲੋਕਾਂ ਵਿੱਚ ਲੱਡੂ ਵੰਡੇ। ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਢਿੱਲੋਂ ਸਮੇਤ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਦਫ਼ਤਰ ਸਕੱਤਰ ਸੁਨੀਲ ਦੱਤ, ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਹੋਰ ਵਰਕਰਾਂ ਨੇ ਇੱਕ ਦੂਜੇ ਨਾਲ ਜਿੱਤ ਦੀ ਖੁਸ਼ੀ ਸਾਂਝੀ ਕੀਤੀ। ਕੇਵਲ ਢਿੱਲੋਂ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਦੀ ਬਿਨਾਂ ਭੇਦਭਾਵ ਸਭ ਦਾ ਵਿਕਾਸ ਦੀ ਨੀਤੀ ਦੀ ਜਿੱਤ ਹੈ ਅਤੇ ਹਰਿਆਣਾ ਵਿੱਚ ਨਰਿੰਦਰ ਮੋਦੀ ਦੀ ਕੇਂਦਰੀ ਸਕੀਮਾਂ ਰਾਹੀਂ ਜੋ ਵਿਕਾਸ ਹੋਇਆ ਹੈ ਉਸ ਦੀ ਜਿੱਤ ਹੈ।

Advertisement

Advertisement