For the best experience, open
https://m.punjabitribuneonline.com
on your mobile browser.
Advertisement

ਹਰੀਕੇ ਕਲਾਂ ’ਚ ਹਰ ਪੰਜਵੇਂ ਘਰ ਦਾ ਬੱਚਾ ਵਿਦੇਸ਼ ਗਿਅਾ

07:57 AM Jul 05, 2023 IST
ਹਰੀਕੇ ਕਲਾਂ ’ਚ ਹਰ ਪੰਜਵੇਂ ਘਰ ਦਾ ਬੱਚਾ ਵਿਦੇਸ਼ ਗਿਅਾ
ਮੁਕਤਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਦੇ ਸਰਕਾਰੀ ਸਕੂਲ ਦੀ ਬਾਹਰੀ ਝਲਕ।
Advertisement

ਅਰਚਿਤ ਵਤਸ
ਮੁਕਤਸਰ, 4 ਜੁਲਾੲੀ
ਵਿਦੇਸ਼ ਜਾ ਕੇ ਵਸਣ ਦੇ ਮਾਮਲੇ ਵਿੱਚ ਮਲਵੲੀ ਵੀ ਦੋਆਬੇ ਵਾਲਿਆਂ ਤੋਂ ਪਿੱਛੇ ਨਹੀਂ ਹਨ। ਮਾਲਵੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਆਇਲਸ (ਆਇਲੈਟਸ) ਕੋਚਿੰਗ ਸੈਂਟਰ ਤੇ ਵੀਜ਼ਾ ਕੰਸਲਟੈਂਸੀ ਦਫਤਰ ਖੁੱਲ੍ਹਣ ਮਗਰੋਂ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਦਰ ਸਿਖਰ ’ਤੇ ਪੁੱਜ ਗਈ ਹੈ।
ਜਦੋਂ ‘ਟ੍ਰਿਬਿੳੂਨ ਸਮੂਹ’ ਦੀ ਟੀਮ ਵੱਲੋਂ ਤੱਥ ਜਾਣਨ ਲਈ ਗਿੱਦੜਬਾਹਾ ਨੇੜਲੇ ਪਿੰਡ ਹਰੀਕੇ ਕਲਾਂ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਹਰ ਪੰਜਵੇਂ ਘਰ ਵਿਚੋਂ ਇਕ ਨੌਜਵਾਨ ਵਿਦੇਸ਼ ਪੜ੍ਹਨ ਗਿਆ ਹੈ। ਹਰੀਕੇ ਕਲਾਂ ਦੀ ਅਾਬਾਦੀ ਦਸ ਹਜ਼ਾਰ ਹੈ ਤੇ ਇਸ ਪਿੰਡ ਦੇ ਢਾਈ ਸੌ ਤੋਂ ਤਿੰਨ ਸੌ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੈਨੇਡਾ ਵਿਚ ਅਗਲੇਰੀ ਪੜ੍ਹਾਈ ਲਈ ਗਏ ਹਨ। ਬੱਚਿਆਂ ਨੂੰ ਬਾਹਰ ਭੇਜਣ ਲਈ ਪਿੰਡ ਦੇ ਕਈ ਪਰਿਵਾਰਾਂ ਨੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵੀ ਵੇਚ ਦਿੱਤੀ ਹੈ। ਇਥੇ ਜ਼ਮੀਨ ਵੇਚਣ ਵਾਲੇ ਖਰੀਦਣ ਵਾਲਿਆਂ ਤੋਂ ਜ਼ਿਆਦਾ ਹਨ, ਜਿਸ ਕਾਰਨ ਜ਼ਮੀਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।
ਪਿੰਡ ਵਾਸੀ ਬਲਜਿੰਦਰ ਸਿੰਘ ਦਾ ਭਤੀਜਾ ਤੇ ਭਤੀਜੀ ਕੈਨੇਡਾ ਪੜ੍ਹਨ ਗਏ ਹਨ। ਉਸ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਪਿੰਡ ਵਿੱਚ ਜ਼ਮੀਨ ਦੀ ਕੀਮਤ ਪ੍ਰਤੀ ਏਕੜ 35 ਲੱਖ ਰੁਪਏ ਸੀ ਪਰ ਅੱਜ ਇਹ ਦਰ 20-25 ਲੱਖ ਪ੍ਰਤੀ ਏਕੜ ਰਹਿ ਗਈ ਹੈ। ਇਹ ਦਰ ਇਸ ਲਈ ਹੇਠਾਂ ਆਈ ਹੈ ਕਿਉਂਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਬਾਹਰ ਭੇਜਣ ਲਈ ਧੜਾਧੜ ਜ਼ਮੀਨਾਂ ਵੇਚ ਰਹੇ ਹਨ। ਔਸਤਨ ਹਰ ਪੰਜ ਘਰਾਂ ਵਿਚੋਂ ਇਕ ਨੌਜਵਾਨ ਵਿਦੇਸ਼ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਅਜਿਹਾ ਕੋਈ ਵਿਅਕਤੀ ਨਹੀਂ ਮਿਲਿਆ ਜਿਸ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਵੇ ਤੇ ਬਾਅਦ ਵਿਚ ਵੇਚੀ ਗਈ ਜ਼ਮੀਨ ਮੁੜ ਖਰੀਦੀ ਹੋਵੇ। ਇਨ੍ਹਾਂ ਨੌਜਵਾਨਾਂ ਦੇ ਕੈਨੇਡਾ ਤੇ ਆਸਟਰੇਲੀਆ ਜਾਣ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਇਥੋਂ ਵੱਡੀ ਗਿਣਤੀ ਨੌਜਵਾਨ ਆਇਲਸ ਪ੍ਰੀਖਿਆ ਦੀ ਤਿਆਰੀ ਲਈ ਮੁਕਤਸਰ ਦੇ ਕੋਚਿੰਗ ਸੰਸਥਾਨਾਂ ਨੂੰ ਜਾਂਦੇ ਹਨ। ਉਸ ਦੇ ਭਤੀਜਾ ਤੇ ਭਤੀਜੀ ਕੈਨੇਡਾ ਵਿਚ ਸਥਾਈ ਨਿਵਾਸੀ ਬਣ ਗਏ ਹਨ ਤੇ ਉਥੇ ਚੰਗੀ ਕਮਾਈ ਕਰ ਰਹੇ ਹਨ, ਕਈ ਵਾਰ ਲੱਗਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਨਾਲ ਨਹੀਂ ਰਹੇਗੀ ਪਰ ਇਸ ਗੱਲ ’ਤੇ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਦਾ ਭਵਿੱਖ ਰੌਸ਼ਨ ਹੈ। ਉਸ ਨੇ ਕਿਹਾ, ‘ਮੇਰੀ ਲੜਕੀ ਨਵੀਂ ਦਿੱਲੀ ਨੇੜਲੇ ਚੰਗੇ ਸੰਸਥਾਨ ਤੋਂ ਐੱਮ ਟੈਕ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਥੇ ਚੰਗੀ ਨੌਕਰੀ ਤੇ ਤਨਖਾਹ ਮਿਲੇਗੀ।’
ਆਪਣੇ ਲੜਕੇ ਨੂੰ ਕੈਨੇਡਾ ਭੇਜ ਚੁੱਕੇ ਪਿੰਡ ਦੇ ਇਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਪੜ੍ਹਨ ਭੇਜਣ ਲਈ ਆਪਣੀ ਅੱਧੀ ਜ਼ਮੀਨ ਵੇਚ ਦਿੱਤੀ ਪਰ ਹੁਣ ਉਸ ਦਾ ਲੜਕਾ ਉਥੇ ਚੰਗੀ ਕਮਾਈ ਕਰ ਰਿਹਾ ਹੈ। ਇਸ ਪਿੰਡ ਦੇ ਹੋਰ ਨੌਜਵਾਨ ਵੀ ਵਿਦੇਸ਼ ਤੋਂ ਆਪਣੇ ਮਾਪਿਆਂ ਨੂੰ ਪੈਸੇ ਭੇਜ ਰਹੇ ਹਨ।
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਰੁਝਾਨ ਤੋਂ ਨੌਜਵਾਨ ਖਾਸੇ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਥੇ ਚੰਗੀ ਨੌਕਰੀ ਹੀ ਨਹੀਂ ਮਿਲਦੀ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਪ੍ਰਿੰਸੀਪਲ ਨੇ ਦੱਸਿਆ, ‘ਅਾਮ ਨੌਕਰੀ ਕਰ ਰਹੇ ਵੀ ਹੁਣ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲੈ ਰਹੇ ਹਨ। ੳੁਨ੍ਹਾਂ ਦੀ ਸਕੂਲ ਵਿਚ ਤਾਇਨਾਤੀ ਵੇਲੇ ਸਾਲ ਵਿਚ ਚਾਰ ਜਾਂ ਪੰਜ ਵਿਦਿਆਰਥੀ ਹੀ ਵਿਦੇਸ਼ ਜਾਂਦੇ ਸਨ ਪਰ ਹੁਣ ਸਭ ਕੁਝ ਬਦਲ ਗਿਆ ਹੈ ਤੇ ਵਿਦੇਸ਼ ਜਾਣ ਵਾਲਿਆਂ ਦੀ ਦਰ ਬਹੁਤ ਵੱਧ ਗਈ ਹੈ।’ ਇਸ ਪਿੰਡ ਦੀ ਸਰਪੰਚ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਦੇਸ਼ ਗਏ ਤਿੰਨ ਸੌ ਨੌਜਵਾਨਾਂ ਵਿਚੋਂ ਸਿਰਫ ਇਕ ਲੜਕਾ ਹੀ ਵਾਪਸ ਭਾਰਤ ਪਰਤਿਆ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×