For the best experience, open
https://m.punjabitribuneonline.com
on your mobile browser.
Advertisement

ਚਾਲ਼ੀ ਸਾਲਾਂ ਵਿੱਚ ਬਸਪਾ ਦੇ ਛੇ ਉਮੀਦਵਾਰ ਹੀ ਲੋਕ ਸਭਾ ਚੋਣ ਜਿੱਤੇ

10:06 AM Apr 08, 2024 IST
ਚਾਲ਼ੀ ਸਾਲਾਂ ਵਿੱਚ ਬਸਪਾ ਦੇ ਛੇ ਉਮੀਦਵਾਰ ਹੀ ਲੋਕ ਸਭਾ ਚੋਣ ਜਿੱਤੇ
ਬਾਬੂ ਕਾਂਸ਼ੀ ਰਾਮ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਪਰੈਲ
ਜ਼ਿਲ੍ਹਾ ਰੋਪੜ ਦੇ ਪਿੰਡ ਖਵਾਸਪੁਰਾ ਦੇ ਜੰਮਪਲ ਮਰਹੂਮ ਬਾਬੂ ਕਾਂਸ਼ੀ ਰਾਮ ਵੱਲੋਂ 1984 ’ਚ ਸਥਾਪਤ ਕੀਤੀ ਗਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਪਣੇ ਚਾਲ਼ੀ ਸਾਲਾਂ ਦੇ ਇਤਿਹਾਸ ‘ਚ ਆਈਆਂ ਸਾਰੀਆਂ ਦਸ ਚੋਣਾਂ ਲੜੀਆਂ ਹਨ। ਛੇ ਵਾਰ ਇਕੱਲਿਆਂ ਅਤੇ ਚਾਰ ਵਾਰ ਗੱਠਜੋੜ ਤਹਿਤ ਚੋਣਾਂ ਲੜੀਆਂ ਤੇ ਪਾਰਟੀ ਤਿੰਨ ਵਾਰੀਆਂ ’ਚ ਆਪਣੇ ਛੇ ਐਮਪੀ ਬਣਾਉਣ ’ਚ ਕਾਮਯਾਬ ਰਹੀ। ਬਸਪਾ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਅਵਤਾਰ ਸਿੰਘ ਕਰੀਮਪੁਰੀ ਨੂੰ ਇਕ ਵਾਰ ਯੂਪੀ ਤੋਂ ਰਾਜ ਸਭਾ ਮੈਂਬਰ ਬਣਨ ਦਾ ਮਾਣ ਹਾਸਲ ਹੈ। ਪਿਛਲੇ ਢਾਈ ਦਹਾਕਿਆਂ ’ਚ ਲੜੀਆਂ ਸਾਰੀਆਂ ਛੇ ਚੋਣਾਂ ਦੌਰਾਨ ਬਸਪਾ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ।

Advertisement

ਮੋਹਨ ਸਿੰਘ ਫਲੀਆਂਵਾਲਾ

ਬਸਪਾ ਵੱਲੋਂ 1985 ’ਚ ਲੜੀ ਪਲੇਠੀ ਚੋਣ ਦੌਰਾਨ ਭਾਵੇਂ ਹੱਥ ਖਾਲੀ ਰਹੇ ਪਰ 1989 ’ਚ ਇਸ ਨੂੰ ਸੰਸਦ ’ਚ ਦਾਖ਼ਲੇ ਦਾ ਮੌਕਾ ਮਿਲਿਆ ਤੇ ਫਿਲੌਰ ਤੋਂ ਬਸਪਾ ਉਮੀਦਵਾਰ ਵਜੋਂ ਬਸਪਾ ਪੰਜਾਬ ਦੇ ਉਸ ਵੇਲੇ ਜਨਰਲ ਸਕੱਤਰ ਹਰਭਜਨ ਸਿੰਘ ਲਾਖਾ ਜੇਤੂ ਰਹੇ। 1992 ਦੀ ਚੋਣ ਦੌਰਾਨ ਗਰਾਫ ਉਤਾਂਹ ਚੜ੍ਹਿਆ ਤੇ ਹਰਭਜਨ ਲਾਖਾ ਲਗਾਤਾਰ ਦੂਜੀ ਵਾਰ ਫਿਲੌਰ ਤੋਂ ਅਤੇ ਫਿਰੋਜ਼ਪੁਰ ਤੋਂ ਉਸ ਸਮੇਂ ਪਾਰਟੀ ਦੇ ਸੂਬਾ ਪ੍ਰਧਾਨ ਡਾ. ਮੋਹਨ ਸਿੰਘ ਫਲ਼ੀਆਂਵਾਲ਼ਾ ਜੇਤੂ ਰਹੇ। ਇਹ ਤਿੰਨੋਂ ਚੋਣਾਂ ਬਸਪਾ ਨੇ ਆਪਣੇ ਬਲਬੂਤੇ ਲੜੀਆਂ ਸਨ। ਇਸ ਮਗਰੋਂ 1996 ਦੀ ਚੋਣ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਰਲ਼ ਕੇ ਲੜੀ। ਇਸ ਦੌਰਾਨ ਹੁਸ਼ਿਆਰਪੁਰ ਤੋਂ ਪਾਰਟੀ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਵੀ ਸੰਸਦ ਮੈਂਬਰ ਚੁਣੇ ਗਏ ਅਤੇ ਨਾਲ ਹੀ ਫਿਲੌਰ ਤੋਂ ਹੀ ਹਰਭਜਨ ਲਾਖਾ ਤੀਜੀ ਵਾਰ ਅਤੇ ਫਿਰੋਜ਼ਪੁਰ ਤੋਂ ਡਾ. ਮੋਹਨ ਸਿੰਘ ਫਲ਼ੀਆਂਵਾਲ਼ਾ ਦੂਜੀ ਵਾਰ ਜੇਤੂ ਹੋ ਕੇ ਨਿਕਲ਼ੇ। ਪਰ ਦਲਿਤਾਂ ਦੇ ਵਿਹੜਿਆਂ ਵਿਚੋਂ ਉਭਰੀ ਬਸਪਾ ਦੀ ਇਹ ਹੁਣ ਤੱਕ ਦੀ ਅੰਤਲੀ ਜਿੱਤ ਹੋ ਕੇ ਰਹਿ ਗਈ। ਇਸ ਤੋਂ ਬਾਅਦ ਪਾਰਟੀ ਨੇ ਭਾਵੇਂ ਸਾਰੀਆਂ ਛੇ ਚੋਣਾ ’ਚ ਵੀ ਕਿਸਮਤ ਅਜ਼ਮਾਈ ਕੀਤੀ, ਪਰ ਕਿਸੇ ਵੀ ਬਸਪਾ ਉਮੀਦਵਾਰ ਨੂੰ ਮੁੜ ਪੰਜਾਬ ਤੋਂ ਸੰਸਦ ਦੀਆਂ ਪੌੜੀਆਂ ਚੜ੍ਹਨ ਦਾ ਸੁਭਾਗ ਨਾ ਹਾਸਲ ਹੋਇਆ।

Advertisement

ਹਰਭਜਨ ਸਿੰਘ ਲਾਖਾ

ਪਾਰਟੀ ਨੇ 1998 ’ਚ ਅਕਾਲੀ ਦਲ (ਅੰਮ੍ਰਿਤਸਰ) ਨਾਲ ਤੇ 1999 ’ਚ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠਾਂ ਬਣੇ ‘ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ’ ਦੇ ਨਾਲ ਗੱਠਜੋੜ ਕੀਤਾ ਪਰ ਕੋਈ ਗੱਲ ਨਾ ਬਣ ਸਕੀ। ਫੇਰ 2004, 2009 ਅਤੇ 2014 ਦੀਆਂ ਚੋਣਾ ’ਚ ਬਸਪਾ ਇਕੱਲਿਆਂ ਲੜੀ ਜਦੋਕਿ ਪਿਛਲੀਆਂ 2019 ਦੀਆਂ ਚੋਣਾਂ ਬਸਪਾ ਨੇ ਮੁੜ ਗੱਠਜੋੜ ਦੇ ਤਹਿਤ ਲੜੀਆਂ, ਪਰ ਕੁਝ ਨਾ ਬਣ ਸਕਿਆ। ਇਸ ਦੌਰਾਨ ਬਸਪਾ ਦਾ ਬੈਂਸ ਭਰਾਵਾਂ ਅਤੇ ਡਾ. ਧਰਮਵੀਰ ਗਾਂਧੀ ਦੀ ਪਾਰਟੀ ਨਾਲ ਗੱਠਜੋੜ ਰਿਹਾ। ਇਸ ਤਰ੍ਹਾਂ ਬੀਤੇ ਢਾਈ ਦਹਾਕਿਆਂ ਤੋਂ ਪਾਰਟੀ ਦੇ ਹੱਥ ਕੋਈ ਵੀ ਸੀਟ ਨਹੀਂ ਲੱਗ ਸਕੀ। ਇਸ ਦੇ ਬਾਵਜੂਦ ਐਤਕੀਂ ਫੇਰ ਬਸਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁਮਨ ਨੂੰ ਮੈਦਾਨ ’ਚ ਵੀ ਉਤਾਰਿਆ ਜਾ ਚੁੱਕਾ ਹੈ। ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਉਤਾਰੇ ਜਾਣ ਦੇ ਚਰਚੇ ਹਨ।

ਵਿਧਾਨ ਸਭਾ ’ਚ ਵਿਰੋਧੀ ਧਿਰ ਵੀ ਰਹੀ ਹੈ ਬਸਪਾ

ਹੁਣ ਭਾਵੇਂ ਬਸਪਾ ਪੰਜਾਬ ’ਚ ਬਿਖਰਦੀ ਨਜ਼ਰ ਆ ਰਹੀ ਹੈ, ਪਰ 1992 ’ਚ ਇਸ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਈ ਹੈ। ਉਦੋਂ ਅਕਾਲੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਬਸਪਾ ਦੇ ਨੌਂ ਵਿਧਾਇਕ ਬਣੇ ਸਨ। ਇਸ ਦੌਰਾਨ ਸਤਿਨਾਮ ਕੈਂਥ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣੇ, ਪਰ 1997 ‘ਚ ਬਸਪਾ ਨੂੰ ਇੱਕ ਸੀਟ ਹੀ ਆਈ ਤੇ ਸ਼ਿੰਗਾਰਾ ਰਾਮ ਸਹੂੰਗੜਾ ਗੜਸ਼ੰਕਰ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ। ਉਸ ਤੋਂ ਬਾਅਦ 27 ਸਾਲਾਂ ਮਗਰੋਂ 2022 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਨਵਾਂ ਸ਼ਹਿਰ ਹਲਕੇ ਤੋਂ ਡਾ. ਨਛੱਤਰ ਪਾਲ ਦੇ ਰੂਪ ’ਚ ਬਸਪਾ ਦਾ ਇੱਕ ਵਿਧਾਇਕ ਬਣ ਸਕਿਆ ਹੈ।

Advertisement
Author Image

Advertisement