ਫਿਰੋਜ਼ਪੁਰ ਹਲਕੇ ’ਚ ਚਾਰ ਦਹਾਕੇ ਮਗਰੋਂ ਕਾਂਗਰਸ ਦੇ ਹੱਥ ਆਈ ਕਮਾਨ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਜੂਨ
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਇਸ ਵਾਰ 39 ਸਾਲ ਬਾਅਦ ਮੁੜ ਸੱਤਾ ਵਿੱਚ ਆਈ ਹੈ। ਇਸ ਤੋਂ ਪਹਿਲਾਂ ਸਾਲ 1984 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਗੁਰਦਿਆਲ ਸਿੰਘ ਢਿੱਲੋਂ ਜੇਤੂ ਰਹੇ ਸਨ। ਸਾਲ 1989 ਤੋਂ ਲੈ ਕੇ ਹੁਣ ਤੱਕ ਇੱਕ ਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਧਿਆਨ ਸਿੰਘ ਮੰਡ, ਦੋ ਵਾਰ ਬਹੁਜਨ ਸਮਾਜ ਪਾਰਟੀ ਦੇ ਡਾ. ਮੋਹਨ ਸਿੰਘ ਫ਼ਲੀਆਂਵਾਲਾ,ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ, ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੇਰ ਸਿੰਘ ਘੁਬਾਇਆ ਅਤੇ ਉਸ ਮਗਰੋਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਤ ਚੁੱਕੇ ਹਨ।
ਅੱਜ ਜੇਤੂ ਕਰਾਰ ਦਿੱਤੇ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਘੁਬਾਇਆ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਸੂਬੇ ਵਿਚ ਆਮ ਆਦਮੀ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿਉਂਕਿ ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਿਵਾਏ ਗੱਲਾਂ ਦੇ ਹੋਰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਚੁਟਕਲੇ ਸੁਣਾਉਣ ਨਾਲ ਸਰਕਾਰਾਂ ਨਹੀਂ ਚੱਲਦੀਆਂ।’
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਹੱਥੋਂ ਹੋਈ ਹਾਰ ਦਾ ਜ਼ਿਕਰ ਕਰਦਿਆਂ ਘੁਬਾਇਆ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦੇ ਖ਼ਿਲਾਫ਼ ਕੋਈ ਚੋਣ ਲੜਣ ਨੂੰ ਤਿਆਰ ਨਹੀਂ ਸੀ ਤੇ ਜੇਕਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁਨੀਲ ਜਾਖੜ ਵਰਗੇ ਸੁਖਬੀਰ ਬਾਦਲ ਦੀ ਮਦਦ ਨਾ ਕਰਦੇ ਤਾਂ ਉਹ ਸੁਖਬੀਰ ਬਾਦਲ ਨੂੰ ਵੀ ਹਰਾ ਦਿੰਦੇ। ਪਿਛਲੀਆਂ ਚੋਣਾਂ ਵਿਚ ਘੁਬਾਇਆ ਨੂੰ ਚਾਰ ਲੱਖ 34 ਹਜ਼ਾਰ ਵੋਟ ਹਾਸਲ ਹੋਏ ਸਨ। ਘੁਬਾਇਆ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਵਰਕਰਾਂ ਦੇ ਸਿਰ ਬੰਨ੍ਹਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਉਨ੍ਹਾਂ ਕਿਸੇ ਲੀਡਰ ਦਾ ਨਾਮ ਲਏ ਬਗੈਰ ਇਹ ਵੀ ਕਿਹਾ ਕਿ ਪਾਰਟੀ ਦੇ ਕੁਝ ਲੀਡਰਾਂ ਨੇ ਸ਼ਰੇਆਮ ਉਨ੍ਹਾਂ ਦੀ ਵਿਰੋਧਤਾ ਕੀਤੀ ਹੈ ਜਿਸ ਬਾਰੇ ਉਹ ਛੇਤੀ ਹੀ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾਉਣਗੇ ਤੇ ਵਿਰੋਧਤਾ ਕਰਨ ਵਾਲੇ ਲੀਡਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਘੁਬਾਇਆ ਨੇ ਕਿਹਾ ਕਿ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਬਹੁਤ ਸਾਰੇ ਮੁੱਦੇ ਅਜਿਹੇ ਹਨ ਜੇ ਕੋਂਦਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ। ਉਨ੍ਹਾਂ ਗਾਕਿਹਾ ਕਿ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਬੰਧੀ ਮੁੱਦੇ ਸਮੇਤ ਲੋਕਾਂ ਨੂੰ ਪੀਣ ਵਾਲਾ ਪਾਣੀ, ਸਿਹਤ ਸਹੂਲਤਾਂ, ਸਿੱਖਿਆ ਅਤੇ ਬੇਰੁਜ਼ਰੀ ਸਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।