For the best experience, open
https://m.punjabitribuneonline.com
on your mobile browser.
Advertisement

ਸਕੂਲ ਪ੍ਰਿੰਸੀਪਲ ਦੇ ਹੱਕ ਵਿੱਚ ਨਿੱਤਰੇ ਭੋਗੀਵਾਲ ਵਾਸੀ

07:15 AM Mar 24, 2024 IST
ਸਕੂਲ ਪ੍ਰਿੰਸੀਪਲ ਦੇ ਹੱਕ ਵਿੱਚ ਨਿੱਤਰੇ ਭੋਗੀਵਾਲ ਵਾਸੀ
ਭੋਗੀਵਾਲ ਸਕੂਲ ਵਿੱਚ ਇਕੱਠ ਦੌਰਾਨ ਗੱਲਬਾਤ ਕਰਦੇ ਪਿੰਡ ਵਾਸੀ।
Advertisement

ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 23 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਅਧੀਨ ਪੈਂਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ’ਤੇ ਹੋਸਟਲ ਵਾਰਡਨ ਰਾਜਵਿੰਦਰ ਕੌਰ ਵੱਲੋਂ ਕੁੜੀਆਂ ਨੂੰ ਪ੍ਰੇਸ਼ਾਨ ਕਰਨ ਦੇ ਲਗਾਏ ਕਥਿਤ ਦੋਸ਼ਾਂ ਦਾ ਮਾਮਲਾ ਲੰਘੇ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਕੱਲ੍ਹ ਵਾਰਡਨ ਰਾਜਵਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਸੀ। ਵਾਰਡਨ ਵੱਲੋਂ ਡੀਸੀ ਅੱਗੇ ਪੇਸ਼ ਹੋਣ ਮਗਰੋਂ ਅੱਜ ਇਸ ਮਾਮਲੇ ਦੇ ਸਬੰਧ ’ਚ ਇਲਾਕੇ ਦੇ ਲੋਕਾਂ ਨੇ ਕਈ ਸਾਲਾਂ ਤੋਂ ਸੰਸਥਾ ਨਾਲ ਜੁੜੇ ਸਾਬਕਾ ਸਰਪੰਚ ਤਾਰਾ ਸਿੰਘ ਮਾਨ, ਚੇਅਰਮੈਨ ਕੇਵਲ ਸਿੰਘ ਅਤੇ ਡਾਇਰੈਕਟਰ ਸ਼ੇਰ ਸਿੰਘ ਭੋਗੀਵਾਲ ਦੀ ਅਗਵਾਈ ਹੇਠ ਇਕੱਠ ਕੀਤਾ। ਇਸ ਦੌਰਾਨ ਉਨ੍ਹਾਂ ਸਕੂਲ ਪ੍ਰਿੰਸੀਪਲ ਦੇ ਹੱਕ ਵਿੱਚ ਖੜ੍ਹਦਿਆਂ ਆਖਿਆ ਕਿ ਇਹ ਪਿੰਡ ਦੇ ਸਕੂਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਲੋਕਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਹੋਸਟਲ ਵਾਰਡਨ ਅਤੇ ਸਕੂਲ ਦੀ ਇੱਕ ਸਹਾਇਕ ਕੁੱਕ ਦੇ ਵਿਚਾਲੇ ਹੈ ਪਰ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਗਲਤ ਰੰਗਤ ਦੇ ਕੇ ਸਕੂਲ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਵਾਰਡਨ ਵੱਲੋਂ ਪ੍ਰਿੰਸੀਪਲ ’ਤੇ ਕੀਤੀ ਜਾ ਰਹੀ ਦੂਸ਼ਨਬਾਜ਼ੀ ਗਲਤ ਹੈ ਜਦਕਿ ਪ੍ਰਿੰਸੀਪਲ ਦੇ ਕਾਰਜਕਾਲ ਦੌਰਾਨ ਸਕੂਲ ਨੇ ਵੱਡੀ ਤਰੱਕੀ ਕੀਤੀ ਹੈ।
ਆਗੂਆਂ ਨੇ ਵਾਰਡਨ ’ਤੇ ਬੱਚੀਆਂ ਨੂੰ ਵਰਗਲਾਉਣ ਦੇ ਦੋਸ਼ ਵੀ ਲਗਾਏ। ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਰਾਹੀਂ ਸਾਰਾ ਸੱਚ ਸਾਹਮਣੇ ਆ ਜਾਵੇਗਾ। ਹੋਸਟਲ ਵਾਰਡਨ ਰਾਜਵਿੰਦਰ ਕੌਰ ਨੇ ਕਿਹਾ ਕਿ ਉਸ ਅਤੇ ਬੱਚਿਆਂ ’ਤੇ ਪ੍ਰਿੰਸੀਪਲ ਵੱਲੋਂ ਤਸ਼ੱਦਦ ਕੀਤਾ ਗਿਆ ਹੈ ਜਿਸ ਲਈ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਦਵਿੰਦਰ ਸਿੰਘ ਨਾਰੋਮਾਜਰਾ, ਸਰਪੰਚ ਭਜਨ ਸਿੰਘ ਬਾਲੇਵਾਲ, ਮੈਂਬਰ ਹਰਮਿੰਦਰ ਸਿੰਘ, ਮੈਂਬਰ ਹਰਦੀਪ ਸਿੰਘ, ਪ੍ਰਧਾਨ ਗੁਰਜੀਤ ਸਿੰਘ, ਗੁਰਮੇਲ ਸਿੰਘ, ਰਜਿੰਦਰ ਸਿੰਘ ਤੇ ਜੰਗ ਖਾਨ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×