ਯੂਕਰੇਨ ਜੰਗ ਬਾਰੇ ਭਾਰਤ, ਚੀਨ ਤੇ ਬ੍ਰਾਜ਼ੀਲ ਦੇ ਸੰਪਰਕ ਵਿੱਚ ਹਾਂ: ਪੂਤਿਨ
ਮਾਸਕੋ, 5 ਸਤੰਬਰ
ਸਰਕਾਰੀ ਮਾਲਕੀ ਵਾਲੀ ਟੀਏਐੱਸਐੱਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਉਨ੍ਹਾਂ ਤਿੰਨ ਮੁਲਕਾਂ ’ਚ ਭਾਰਤ ਦਾ ਨਾਂ ਲਿਆ, ਜਿਨ੍ਹਾਂ ਨਾਲ ਉਹ ਯੂਕਰੇਨ ਜੰਗ ਦੇ ਮੁੱਦੇ ’ਤੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਸੁਲਝਾਉਣ ਲਈ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹਨ। ਵਲਾਦਿਵੋਸਤੋਕ ’ਚ ਈਸਟਰਨ ਇਕੋਨੌਮਿਕ ਫੋਰਮ (ਈਈਐੱਫ) ਦੇ ਪੂਰਨ ਸੈਸ਼ਨ ’ਚ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਰਿਪੋਰਟ ਕਰਦਿਆਂ ਅਮਰੀਕੀ ਮੀਡੀਆ ਅਦਾਰੇ ਪੌਲਿਟਿਕੋ ਅਨੁਸਾਰ ਪੂਤਿਨ ਨੇ ਕਿਹਾ, ‘ਜੇ ਯੂਕਰੇਨ ਵਾਰਤਾ ਜਾਰੀ ਰੱਖਣ ਦੀ ਇੱਛਾ ਰੱਖਦਾ ਹੈ ਤਾਂ ਮੈਂ ਅਜਿਹਾ ਕਰ ਸਕਦਾ ਹਾਂ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨ ਯਾਤਰਾ ਤੋਂ ਦੋ ਹਫ਼ਤਿਆਂ ਬਾਅਦ ਪੂਤਿਨ ਨੇ ਇਹ ਟਿੱਪਣੀ ਕੀਤੀ ਹੈ। ਰੂਸੀ ਖ਼ਬਰ ਏਜੰਸੀ ਅਨੁਸਾਰ ਪੂਤਿਨ ਨੇ ਕਿਹਾ, ‘ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਬਾਰੇ ਮੇਰਾ ਮੰਨਣਾ ਹੈ ਕਿ ਉਹ ਇਮਾਨਦਾਰੀ ਨਾਲ ਇਸ ਸੰਘਰਸ਼ ਨਾਲ ਜੁੜੇ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਹਨ। ਮੁੱਖ ਤੌਰ ’ਤੇ ਚੀਨ, ਬ੍ਰਾਜ਼ੀਲ ਤੇ ਭਾਰਤ। ਮੈਂ ਇਸ ਮੁੱਦੇ ’ਤੇ ਲਗਾਤਾਰ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿੱਚ ਰਹਿੰਦਾ ਹਾਂ।’ ਇਸੇ ਦੌਰਾਨ ਰੂਸੀ ਰਾਸ਼ਟਰਪਤੀ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਯੂਕਰੇਨ ਨਾਲ ਵਾਰਤਾ ਵਿੱਚ ਭਾਰਤ ਮਦਦ ਕਰ ਸਕਦਾ ਹੈ। ਮੋਦੀ ਤੇ ਪੂਤਿਨ ਵਿਚਾਲੇ ਮੌਜੂਦਾ ਮਜ਼ਬੂਤ ਦੋਸਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਇਸ ਜੰਗ ’ਚ ਹਿੱਸਾ ਲੈਣ ਵਾਲਿਆਂ ਤੋਂ ਸਿੱਧੀ ਜਾਣਕਾਰੀ ਹਾਸਲ ਕਰਨ ਵਿੱਚ ਅਗਵਾਈ ਕਰ ਸਕਦੇ ਹਨ। -ਪੀਟੀਆਈ
ਜੰਗ ਖਤਮ ਕਰਨ ’ਚ ਹਰ ਦੇਸ਼ ਦੀ ਮਦਦ ਦਾ ਸਵਾਗਤ: ਵ੍ਹਾਈਟ ਹਾਊਸ
ਵਾਸ਼ਿੰਗਟਨ:
ਅਮਰੀਕਾ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸੰਚਾਰ ਸਲਾਹਕਾਰ ਜੌਹਨ ਕਿਰਬੀ ਨੇ ਕਿਹਾ ਕਿ ਅਮਰੀਕਾ ਅਜਿਹੇ ਕਿਸੇ ਵੀ ਦੇਸ਼ ਦਾ ਸਵਾਗਤ ਕਰਦਾ ਹੈ, ਜੋ ਯੂਕਰੇਨ ਜੰਗ ਖਤਮ ਕਰਨ ’ਚ ਮਦਦ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਕਿਰਬੀ ਨੂੰ ਬੀਤੇ ਦਿਨ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਕੋਈ ਵੀ ਦੇਸ਼ ਜੋ ਇਸ ਜੰਗ ਨੂੰ ਖਤਮ ਕਰਨ ’ਚ ਮਦਦ ਕਰਨ ਲਈ ਤਿਆਰ ਹੈ ਅਤੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਵਿਸ਼ੇਸ਼ ਅਧਿਕਾਰਾਂ, ਯੂਕਰੇਨੀ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ, ਨਿਆਂਪੂਰਨ ਸ਼ਾਂਤੀ ਸਥਾਪਨਾ ਦੀ ਯੋਜਨਾ ਨੂੰ ਧਿਆਨ ’ਚ ਰਖਦਿਆਂ ਅਜਿਹਾ ਕਰਦਾ ਹੈ, ਅਸੀਂ ਉਸ ਦੀ ਭੂਮਿਕਾ ਦਾ ਯਕੀਨੀ ਤੌਰ ’ਤੇ ਸਵਾਗਤ ਕਰਾਂਗੇ।’ ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਸ਼ਾਂਤੀ ਕਾਇਮ ਕਰਨ ’ਚ ਭੂਮਿਕਾ ਨਿਭਾਅ ਸਕਦਾ ਹੈ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ‘ਅਸੀਂ ਯਕੀਨੀ ਤੌਰ ’ਤੇ ਅਜਿਹੀ ਉਮੀਦ ਕਰਦੇ ਹਾਂ।’ -ਪੀਟੀਆਈ