For the best experience, open
https://m.punjabitribuneonline.com
on your mobile browser.
Advertisement

ਕਾਲਜਾਂ ਵਿੱਚ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਤੀਆਂ ਮਨਾਈਆਂ

08:02 AM Aug 12, 2024 IST
ਕਾਲਜਾਂ ਵਿੱਚ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਤੀਆਂ ਮਨਾਈਆਂ
ਪਿੰਡ ਖੁੰਡਾ ਵਿੱਚ ਗਿੱਧਾ ਪਾਉਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 11 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਅਦਾਰੇ ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਰਸਮਾਂ ਨਾਲ ਹੋਈ। ਰੰਗ-ਬਰੰਗੀਆਂ ਰਵਾਇਤੀ ਪੁਸ਼ਾਕਾਂ ਵਿੱਚ ਸਜੀਆਂ ਵਿਦਿਆਰਥਣਾਂ ਨੇ ਤੀਜ ਦੇ ਗੀਤ ਗਾਏ ਅਤੇ ਬੋਲੀਆਂ ਪਾਈਆਂ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਗਿੱਧਾ ਤੇ ਡਾਂਸ ਦੀ ਪੇਸ਼ਕਾਰੀ ਕੀਤੀ ਅਤੇ ਮਹਿੰਦੀ ਮੁਕਾਬਲੇ ਤੇ ਵਿਰਾਸਤੀ ਖੇਡਾਂ ਵਿੱਚ ਉਤਸਾਹ ਨਾਲ ਹਿੱਸਾ ਲਿਆ। ਤੀਆਂ ਦੇ ਤਿਉਹਾਰ ਮੌਕੇ ਵਿਰਾਸਤੀ ਸਾਮਾਨ ਦੀ ਪ੍ਰਦਰਸਨੀ ਵੀ ਲਗਾਈ ਗਈ। ਇਸ ਦੌਰਾਨ ਮਿਸ ਤੀਜ ਵਿਦਿਆਰਥਣ ਕ੍ਰਿਤੀ ਨੂੰ ਚੁਣਿਆ ਗਿਆ। ਵੱਖ-ਵੱਖ ਆਈਟਮਾਂ ਦੇ ਜੇਤੂ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਲਈ ਤੋਹਫੇ ਦਿੱਤੇ ਗਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਜਿੱਥੇ ਪਿਆਰ, ਮਿਲਵਰਤਣ ਅਤੇ ਨਾਰੀ ਸ਼ਕਤੀ ਦਾ ਪ੍ਰਤੀਕ ਹੈ, ਉੱਥੇ ਇਸ ਤਿਉਹਾਰ ਦੁਆਰਾ ਮੁਟਿਆਰਾਂ ਨੂੰ ਮਨ ਅੰਦਰ ਛੁਪੇ ਵਲਵਲਿਆਂ ਨੂੰ ਪੇਸ਼ ਕਰਨ ਦਾ ਮੌਕਾ ਵੀ ਮਿਲਦਾ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ।
ਧਾਰੀਵਾਲ (ਪੱਤਰ ਪ੍ਰੇਰਕ): ਨਜਦੀਕੀ ਪਿੰਡ ਖੁੰਡਾ ਵਿਖੇ ਧੰਨ ਧੰਨ ਬਾਬਾ ਪਰਦੇਸੀ ਰੁੱਖ ਜੀ ਯੂਥ ਵੈੱਲਫੇਅਰ ਕਲੱਬ ਵੱਲੋਂ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਪਿੰਡ ਖੁੰਡਾ ਅਤੇ ਆਸ ਪਾਸ ਦੇ ਇਲਾਕੇ ਦੀਆਂ ਮੁਟਿਆਰਾਂ ਅਤੇ ਬੀਬੀਆਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਖੂਬ ਆਨੰਦ ਮਾਣਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਖਾਲਸਾ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਪ੍ਰਵੀਨ ਕੌਰ ਅਤੇ ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਵਿਦਿਆਰਣਾਂ ਨੂੰ ਸਾਉਣ ਦੇ ਮਹੀਨੇ ਦੀ ਮਹੱਤਤਾ ਅਤੇ ਤੀਆਂ ਦੇ ਤਿਉਹਾਰ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਕੇ ਉਸਦੀ ਰਾਖੀ ਕਰਨ ਦਾ ਸੱਦਾ ਦਿੱਤਾ।
ਬਲਾਕ ਸਮਿਤੀ ਸ਼ਾਹਕੋਟ ਦੀ ਚੇਅਰਪਰਸਨ ਪਰਮਜੀਤ ਕੌਰ, ਢੰਡੋਵਾਲ ਦੀ ਸਾਬਕਾ ਸਰਪੰਚ ਜਸਵਿੰਦਰ ਕੌਰ, ਨਰਿੰਦਰ ਕੌਰ ਬਦੇਸ਼ਾ ਅਤੇ ਬਲਵਿੰਦਰ ਕੌਰ ਚੱਠਾ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਅਜਿਹੇ ਤਿਓਹਾਰ ਹੀ ਲੋਕਾਂ ਦੀ ਆਪਸੀ ਸਾਂਝ ਤੇ ਪਿਆਰ ਦੀਆਂ ਤੰਦਾਂ ਮਜ਼ਬੂਤ ਕਰਦੇ ਹਨ। ਕਲਾਕਾਰ ਤਾਈ ਜਗੀਰੋ ਨੇ ਪੰਜਾਬੀ ਬੋਲੀਆਂ ਅਤੇ ਟੋਟਕਿਆਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਨੇ ਤੀਆਂ ਦੇ ਤਿਓਹਾਰ ਦੀ ਵਧਾਈ ਦਿੱਤੀ।

Advertisement

ਬਾਰ ਐਸੋਸੀਏਸ਼ਨ ਨੇ ਵੀ ਤੀਆਂ ਦਾ ਤਿਉਹਾਰ ਮਨਾਇਆ

ਫਗਵਾੜਾ (ਪੱਤਰ ਪ੍ਰੇਰਕ): ਬਾਰ ਐਸੋਸੀਏਸ਼ਨ ਫਗਵਾੜਾ ਵੱਲੋਂ ਐਸੋਸੀਏਸ਼ਨ ਦੀ ਸਕੱਤਰ ਐਡਵੋਕੇਟ ਧਨਦੀਪ ਕੌਰ ਦੀ ਅਗਵਾਈ ’ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਸਮਾਗਮ ’ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਿਲ ਹੋਏ। ਤੀਜ ਸਮਾਗਮ ’ਚ ਸ਼ਾਮਲ ਹੋਈਆਂ ਔਰਤਾਂ ਨੇ ਰਵਾਇਤੀ ਪਹਿਰਾਵੇ ਪਾ ਕੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Advertisement

Advertisement
Author Image

Advertisement