For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਨਿਕਾਸੀ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ

08:58 AM Jul 07, 2024 IST
ਚੰਡੀਗੜ੍ਹ ਵਿੱਚ ਨਿਕਾਸੀ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ
ਚੰਡੀਗੜ੍ਹ ਵਿੱਚ ਸੀਵਰੇਜ ਦੀ ਸਫ਼ਾਈ ਕਰਦੇ ਹੋਏ ਮਜ਼ਦੂਰ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ’ਚ ਮੌਨਸੂਨ ਨੇ ਜਿੱਥੇ ਰਾਹਤ ਪਹੁੰਚਾਈ ਹੈ, ਉੱਥੇ ਹੀ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਨਿਕਾਸੀ ਪ੍ਰਬੰਧਾਂ ਦੇ ਕੀਤੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਬਰਸਾਤੀ ਪਾਣੀ ਸ਼ਹਿਰ ਵਾਸੀਆਂ ਲਈ ਆਫ਼ਤ ਬਣਿਆ ਹੋਇਆ ਹੈ। ਥੋੜ੍ਹੇ ਜਿਹੇ ਮੀਂਹ ਨਾਲ ਹੀ ਪੂਰਾ ਸ਼ਹਿਰ ਜਲ-ਥਲ ਹੋ ਜਾਂਦਾ ਹੈ। ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਜਾਂਦੀ ਹੈ। ਪਿਛਲੇ ਦਿਨੀਂ ਸ਼ਹਿਰ ਵਿੱਚ ਸ਼ਹਿਰ ਦੀਆਂ ਸੜਕਾਂ, ਪਾਰਕਿੰਗਾਂ, ਚੌਰਾਹਿਆਂ, ਪਿੰਡਾਂ ਅਤੇ ਕਲੋਨੀਆਂ ਸਮੇਤ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਆਪਣੇ ਅਧਿਕਾਰ ਖੇਤਰ ਦੀਆਂ ਸੜਕਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਰੋਡ ਗਲੀਆਂ ਦੀ ਮੁੜ ਸਫ਼ਾਈ ਲਈ ਕਰੀਬ 60 ਲੱਖ ਰੁਪਏ ਦੇ ਟੈਂਡਰ ਜਾਰੀ ਕੀਤੇ ਹਨ। ਟੈਂਡਰ ਦੀਆਂ ਸ਼ਰਤਾਂ ਅਨੁਸਾਰ 15 ਜੁਲਾਈ ਤੋਂ 31 ਅਕਤੂਬਰ ਤੱਕ ਹਰ ਬਰਸਾਤ ਤੋਂ ਬਾਅਦ ਇਨ੍ਹਾਂ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ ਤਾਂ ਜੋ ਸੜਕਾਂ ’ਤੇ ਕੋਈ ਰੁਕਾਵਟ ਨਾ ਆਵੇ ਅਤੇ ਪਾਣੀ ਸੜਕਾਂ ’ਤੇ ਜਮ੍ਹਾਂ ਨਾ ਹੋਵੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਦੱਸਿਆ ਕਿ ਬਰਸਾਤਾਂ ਤੋਂ ਪਹਿਲਾਂ ਵੀ ਸੀਵਰੇਜਾਂ ਤੇ ਗਲੀਆਂ ਦੀ ਪੂਰੀ ਸਫ਼ਾਈ ਕੀਤੀ ਗਈ ਸੀ ਪਰ ਇਸ ਨੂੰ ਅੱਗੇ ਵੀ ਜਾਰੀ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਕੰਮ ਕੀਤੇ ਗਏ ਸਨ, ਉਨ੍ਹਾਂ ਦੇ ਟੈਂਡਰ ਖਤਮ ਹੋ ਗਏ ਹਨ। ਬਰਸਾਤਾਂ ਦੇ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਹ ਟੈਂਡਰ ਲਗਾਤਾਰ ਦੁਬਾਰਾ ਕੰਮ ਕਰਵਾਉਣ ਲਈ 15 ਜੁਲਾਈ ਤੋਂ 31 ਅਕਤੂਬਰ ਤੱਕ ਮੌਨਸੂਨ ਸੀਜ਼ਨ ਲਈ ਜਾਰੀ ਕੀਤੇ ਗਏ ਹਨ। ਮੌਨਸੂਨ ਤੋਂ ਪਹਿਲਾਂ ਨਗਰ ਨਿਗਮ ਨੇ ਆਪਣੇ ਅਧਿਕਾਰ ਖੇਤਰ ’ਚ ਲਗਪਗ 30 ਹਜ਼ਾਰ ਸੜਕਾਂ ਦੀਆਂ ਰੋਡ ਗਲੀਆਂ ਦੀ ਸਫ਼ਾਈ ਦਾ ਕੰਮ ਕਰਵਾਇਆ ਸੀ। ਇਸਦੇ ਬਾਵਜੂਦ ਪਿਛਲੇ ਦਿਨਾਂ ਦੌਰਾਨ ਪਈ ਬਰਸਾਤ ਮਗਰੋਂ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ।

Advertisement

Advertisement
Advertisement
Author Image

sukhwinder singh

View all posts

Advertisement