ਭਾਜਪਾ ਦੇ ਵੀਡੀਓ ’ਚ ਕੁਝ ਭਾਰਤੀ ਇਲਾਕਿਆਂ ਨੂੰ ਚੀਨ ਅਤੇ ਪਾਕਿ ਦਾ ਹਿੱਸਾ ਦੱਸਿਆ ਗਿਆ: ਕਾਂਗਰਸ
ਨਵੀਂ ਦਿੱਲੀ, 14 ਜੁਲਾਈ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵੱਲੋਂ ਜਾਰੀ ਐਨੀਮੇਟਿਡ ਵੀਡੀਓ ’ਚ ਭਾਰਤ ਦੇ ਕੁਝ ਇਲਾਕਿਆਂ ਨੂੰ ਚੀਨ ਅਤੇ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ ਜੋ ਦੇਸ਼ ਦੀ ਖੇਤਰੀ ਅਖੰਡਤਾ ’ਤੇ ਸਿੱਧਾ-ਸਿੱਧਾ ਹਮਲਾ ਹੈ। ਕਾਂਗਰਸ ਨੇ ਭਾਜਪਾ ਤੋਂ ਇਸ ਅਣਗਹਿਲੀ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਪਾਰਟੀ ਦਫ਼ਤਰ ’ਚ ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਭਾਜਪਾ ਤੇ ਉਸ ਦੇ ਕਈ ਆਗੂਆਂ ਨੇ ਵੀਡੀਓ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ ਜਿਸ ’ਚ ਪਾਕਿਸਤਾਨ ਅਤੇ ਚੀਨ ਨਾਲ ਭਾਰਤ ਦੇ ਕਈ ਹਿੱਸੇ ਦਿਖਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੇ ਨਕਸ਼ੇ ਦਾ ਮੁੱਦਾ ਉਭਾਰਿਆ ਤਾਂ ਕਈ ਆਗੂਆਂ ਨੇ ਇਹ ਵੀਡੀਓ ਹਟਾ ਦਿੱਤਾ। ਵੀਡੀਓ ’ਚ ਮੋਦੀ ਗਲੋਬ ਵੱਲ ਦੇਖਦੇ ਨਜ਼ਰ ਆ ਰਹੇ ਹਨ ਜਿਸ ’ਚ ਭਾਰਤ ਦਾ ਨਕਸ਼ਾ ਵੀ ਦਿਖਾਈ ਦੇ ਰਿਹਾ ਹੈ। ਸ੍ਰੀਨੇਤ ਨੇ ਕਿਹਾ ਕਿ ਭਾਜਪਾ ਨੇ ਭਾਰਤ ਦੀ ਖੁਦਮੁਖਤਿਆਰੀ ਨਾਲ ਛੇੜਛਾੜ ਕੀਤੀ ਹੈ ਅਤੇ ਇਹ ਗਲਤੀ ਨਹੀਂ ਗੁਨਾਹ ਹੈ। ਉਨ੍ਹਾਂ ਦੋਸ਼ ਲਾਇਆ, ‘‘ਇਥੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਅਸਲ ‘ਟੁੱਕੜੇ-ਟੁੱਕੜੇ ਗੈਂਗ’ ਕੌਣ ਹੈ। ਇਹ ਹੋਰ ਕੋਈ ਨਹੀਂ ਭਾਜਪਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਹਰੇਕ ਭਾਰਤੀ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। -ਪੀਟੀਆਈ