ਭਗਵਾਨਪੁਰ ’ਚ ਬੇਅਦਬੀ ਕਰਨ ਵਾਲੇ ਪੁਲੀਸ ਦੇ ਬੰਦੇ: ਖਹਿਰਾ
ਪੱਤਰ ਪ੍ਰੇਰਕ
ਭੁਲੱਥ, 17 ਅਗਸਤ
ਪਿੰਡ ਭਗਵਾਨਪੁਰ ਵਿੱਚ ਬੀਤੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਉਹ ਪੁਲੀਸ ਦੇ ਖਾਸ ਬੰਦੇ ਹਨ ਅਤੇ ਉਨ੍ਹਾਂ ਨੂੰ ਛੇਤੀ ਜ਼ਮਾਨਤ ਮਿਲ ਜਾਵੇਗੀ। ਸ੍ਰੀ ਖਹਿਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸ੍ਰੀ ਖਹਿਰਾ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਸਿੰਘ (25) ਦਾ ਪਿਤਾ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲ ’ਤੇ ਨਸ਼ਾ ਤਸਕਰੀ ਤਹਿਤ ਸੱਤ-ਅੱਠ ਕੇਸ ਦਰਜ ਹਨ ਤੇ ਜੇਲ੍ਹ ਵਿੱਚ ਹੈ। ਉਨ੍ਹਾਂ ਕਿਹਾ ਕਿ ਉਸ ਦਾ ਬੇਟਾ ਸੇਮੀ ਨਸ਼ਾ ਤਸਕਰੀ ਦੇ ਕੇਸ ’ਚ ਭਗੌੜਾ ਹੈ, ਜਦੋਂਕਿ ਤੀਜਾ ਬੇਟਾ ਗੱਬਰ ਵੀ ਜੇਲ੍ਹ ਵਿਚ ਬੰਦ ਹੈ। ਕਸ਼ਮੀਰ ਸਿੰਘ ਦੇ ਭਰਾਵਾਂ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ’ਤੇ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ (ਖਹਿਰਾ) ਖ਼ਿਲਾਫ਼ ਕਸ਼ਮੀਰ ਸਿੰਘ ਦੀ ਪਤਨੀ ਕੋਲੋਂ ਦਰਖਾਸਤ ਲੈ ਕੇ ਝੂਠਾ ਪਰਚਾ ਦਰਜ ਕੀਤਾ ਸੀ। ਉਨਾਂ ਦੋਸ਼ ਲਾਇਆ ਕਿ ਪੁਲੀਸ ਨੇ ਮੁਲਜ਼ਮ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਮੈਂਟਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।