ਬਠਿੰਡਾ ’ਚ ਨਿਗਮ ਟੀਮ ਨੇ ਕਬਜ਼ਾਕਾਰ ਖਦੇੜੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਸ਼ਹਿਰ ਦੇ ਵਾਰਡ ਨੰਬਰ 8 ਦੀ ਗਲੀ ਨੰਬਰ 3 ਦੇ ਪਾਰਕ ਨੇੜੇ ਜ਼ਮੀਨ ’ਤੇ ਕਥਿਤ ਕਬਜ਼ਾ ਕਰ ਰਹੇ ਵਿਅਕਤੀਆਂ ਦੀ ਕੋਸ਼ਿਸ਼ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੁਲੀਸ ਦੀ ਮਦਦ ਨਾਲ ਨਾਕਾਮ ਕਰ ਦਿੱਤੀ। ਪਾਰਕ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਕਮੇਟੀ ਮੈਂਬਰ ਡਾ. ਅਜੀਤ ਪਾਲ ਸਿੰਘ ਨੇ ਦੱਸਿਆ ਕਿ ਇੱਥੇ ਕੁਝ ਲੋਕ ਨਾਜਾਇਜ਼ ਕਬਜ਼ਾ ਕਰਨ ਦੀ ਤਾਕ ’ਚ ਨੀਹਾਂ ਪੁੱਟ ਕੇ ਕੰਧ ਕੱਢਣ ਲੱਗ ਪਏ ਸਨ ਤਾਂ ਪਾਰਕ ਦੇ ਆਸ-ਪਾਸ ਦੇ ਲੋਕਾਂ ਅਤੇ ਪਾਰਕ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਇਕੱਠੇ ਹੋ ਗਏ। ਉਨ੍ਹਾਂ ਨਗਰ ਨਿਗਮ ਦੇ ਦਫ਼ਤਰ ’ਚ ਫੌਰੀ ਸ਼ਿਕਾਇਤ ਕੀਤੀ ਅਤੇ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਧਿਆਨ ’ਚ ਮਾਮਲਾ ਲਿਆਂਦਾ। ਉਨ੍ਹਾਂ ਕਿਹਾ ਕਿ ਨਿਗਮ ਦੇ ਕਮਿਸ਼ਨਰ ਭਾਵੇਂ ਨਹੀਂ ਮਿਲੇ ਪਰ ਐਕਸੀਅਨ ਨੇ ਤੁਰੰਤ ਐਕਸ਼ਨ ਲੈਂਦਿਆਂ, ਮੌਕੇ ’ਤੇ ਆਪਣੀ ਟੀਮ ਭੇਜੀ ਅਤੇ ਪੁਲੀਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਨੂੰ ਉਥੋਂ ਹਟਾਉਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਉਥੇ ਪੁੱਟੀ ਜਾ ਰਹੀ ਨੀਂਹ ਨੂੰ ਜੇਸੀਬੀ ਨਾਲ ਮਿੱਟੀ ਪੁਆ ਕੇ ਪੂਰ ਦਿੱਤਾ ਗਿਆ।
ਕਮੇਟੀ ਮੈਂਬਰਾਂ ਨੇ ਇਸ ਤੁਰੰਤ ਕੀਤੀ ਕਾਰਵਾਈ ਲਈ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ, ਸਲਾਹ ਦਿੱਤੀ ਹੈ ਕਿ ਪਾਰਕ ਦਾ ਵਿਕਾਸ ਕਰਨ ਲਈ ਇਸ ਕਬਜ਼ੇ ਵਾਲੀ ਜਗ੍ਹਾ ’ਤੇ ਕਾਰਪੋਰੇਸ਼ਨ ਖੁਦ ਕਬਜ਼ਾ ਕਰਕੇ ਪਾਰਕ ਦਾ ਵਿਕਾਸ ਕਰੇ। ਉਨ੍ਹਾਂ ਚੇਤੇ ਕਰਵਾਇਆ ਕਿ ਨਿਗਮ ਦੇ ਕਮਿਸ਼ਨਰ ਨੇ ਵੀ ਵਾਅਦਾ ਕੀਤਾ ਸੀ ਕਿ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਕਬਜ਼ਾ ਲਿਆ ਜਾਵੇਗਾ।