For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਹਾਈ ਕੋਰਟ ਦੇ ਹੁਕਮਾਂ ’ਤੇ ਨਾਜਾਇਜ਼ ਉਸਾਰੀਆਂ ਢਾਹੀਆਂ

07:26 AM Mar 15, 2024 IST
ਬਠਿੰਡਾ ਵਿੱਚ ਹਾਈ ਕੋਰਟ ਦੇ ਹੁਕਮਾਂ ’ਤੇ ਨਾਜਾਇਜ਼ ਉਸਾਰੀਆਂ ਢਾਹੀਆਂ
ਬਠਿੰਡਾ ਦੇ ਮਾਡਨ ਟਾਊਨ ਵਿੱਚ ਵੀਰਵਾਰ ਨੂੰ ਜੇਸੀਬੀ ਨਾਲ ਨਾਜਾਇਜ਼ ਉਸਾਰੀਆਂ ਢਾਹੁੰਦੇ ਹੋਏ ਨਿਗਮ ਦੇ ਮੁਲਾਜ਼ਮ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 14 ਮਾਰਚ
ਪੰਜਾਬ ਅਤੇ ਹਰਿਆਣਾ ਹਾਈਕੋ ਰਟ ਵੱਲੋਂ ਲੰਘੀ 11 ਮਾਰਚ ਨੂੰ ਬਠਿੰਡਾ ਵਿੱਚ ਨਾਜਾਇਜ਼ ਕਬਜ਼ਿਆਂ ਬਾਰੇ ਦਿੱਤੇ ਸਖ਼ਤ ਹੁਕਮਾਂ ਮਗਰੋਂ ਬੀਡੀਏ (ਬਠਿੰਡਾ ਡਿਵੈਲਪਮੈਂਟ ਅਥਾਰਟੀ) ਨੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਅੱਜ ਮਾਡਲ ਟਾਊਨ ਫੇਜ਼-3 ਵਿੱਚ ਜੇਸੀਬੀ ਦਾ ਪੀਲਾ ਪੰਜਾ ਚਲਵਾਇਆ। ਇਸ ਕਵਾਇਦ ਦੌਰਾਨ ਕਰੋੜਾਂ ਰੁਪਿਆਂ ਨਾਲ ਉੱਸਰੀਆਂ ਕੋਠੀਆਂ ਅੱਗੇ ਕੰਧਾਂ ਕੱਢ ਕੇ ਅਤੇ ਲੋਹੇ ਦੀਆਂ ਗਰਿੱਲਾਂ ਨਾਲ ਹਰਿਆਵਲ ਪੱਟੀ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤੀ ਦੁਆਈ ਗਈ।
ਬੀਡੀਏ ਵੱਲੋਂ ਕੀਤੀ ਇਸ ਕਾਰਵਾਈ ਦਾ ਇੱਕਾ-ਦੁੱਕਾ ਥਾਵਾਂ ’ਤੇ ਵਿਰੋਧ ਵੀ ਹੋਇਆ ਪਰ ਪੁਲੀਸ ਦੀ ਸੁਰੱਖਿਆ ਛੱਤਰੀ ਹੇਠ ‘ਨਾਜਾਇਜ਼ ਕਬਜ਼ੇ ਹਟਾਓ’ ਮੁਹਿੰਮ ਜਾਰੀ ਰਹੀ। ਵਿਰੋਧ ਕਰਨ ਵਾਲਿਆਂ ’ਚੋਂ ਕੁਝ ਦਾ ਕਹਿਣਾ ਸੀ ਕਿ ਜਦੋਂ ਕਬਜ਼ੇ ਕੀਤੇ ਗਏ, ਉਦੋਂ ਪ੍ਰਸ਼ਾਸਨ ਵੱਲੋਂ ਰੋਕਿਆ ਕਿਉਂ ਨਹੀਂ ਗਿਆ? ਕੁਝ ਦਾ ਕਹਿਣਾ ਸੀ ਕਿ ਕਲੋਨੀਆਂ ਦੀ ਵਿਉਂਤਬੰਦੀ ਸਮੇਂ ਬਾਊਂਡਰੀ ਵਾਲ ਦੀ ਤਜਵੀਜ਼ ਨਾ ਹੋਣ ਕਰਕੇ ਲੋਕਾਂ ਨੂੰ ਮਜਬੂਰੀ ’ਚ ਆਪਣੀ ਸੁਰੱਖਿਆ ਲਈ ਘਰਾਂ ਅੱਗੇ ਸੁਰੱਖਿਆ ਦੀਵਾਰਾਂ ਬਣਾਉਣੀਆਂ ਪਈਆਂ। ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਬਾਊਂਡਰੀ ਵਾਲ ਸਮੇਤ ਫ਼ਰਸ਼ਾਂ ਵਗ਼ੈਰਾ ਬਣਾਉਣ ’ਤੇ ਲੋਕਾਂ ਨੇ ਅਥਾਹ ਖ਼ਰਚੇ ਕੀਤੇ ਹਨ ਜੋ ਜੇਸੀਬੀ ਵੱਲੋਂ ਮਲੀਆਮੇਟ ਕਰਕੇ ਲੋਕਾਂ ਦਾ ਵੱਡਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ। ਵਿਰੋਧ ਜਿਤਾਉਣ ਵਾਲਿਆਂ ’ਚੋਂ ਕੁਝ ਕੁ ਨੇ ਦੋਸ਼ ਲਾਏ ਕਿ ‘ਵੱਡੇ’ ਲੋਕਾਂ ਨਾਲ ਇਸ ਕਾਰਵਾਈ ਦੌਰਾਨ ‘ਰਿਆਇਤ’ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸਬੰਧੀ ਇਕ ਸਾਬਕਾ ਅਧਿਕਾਰੀ ਰਵਿੰਦਰ ਸਿੰਘ ਰੋਮਾਣਾ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ। ਇਸ ’ਤੇ 11 ਮਾਰਚ ਨੂੰ ਸੁਣਵਾਈ ਕਰਦਿਆਂ ਜਸਟਿਸ ਰਾਜਵੀਰ ਸਹਿਰਾਵਤ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਆਰੰਭ ਕਰਨ ਬਾਰੇ ਚਿਤਾਵਨੀ ਦਿੱਤੀ ਸੀ। ਇਸ ਮਾਮਲੇ ਬਾਰੇ ਹਾਈ ਕੋਰਟ ’ਚ ਅਗਲੀ ਸੁਣਵਾਈ 20 ਮਾਰਚ ਨੂੰ ਹੋਣੀ ਹੈ ਪਰ ਬੀਡੀਏ ਨੇ ਉਸ ਤੋਂ ਪਹਿਲਾਂ-ਪਹਿਲਾਂ 14 ਤੋਂ 18 ਮਾਰਚ ਤੱਕ ਕਾਰਵਾਈ ਪਾ ਕੇ ਪੇਸ਼ੀ ’ਤੇ ਜਾਣ ਦਾ ਫੈਸਲਾ ਲਿਆ। ਇਸ ਬਾਰੇ 12 ਮਾਰਚ ਨੂੰ ਬੀਡੀਏ ਵੱਲੋਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਲੋੜੀਂਦੀ ਮਦਦ ਲਈ ਪੱਤਰ ਭੇਜੇ ਗਏ। ਬੀਡੀਏ ਨੇ ਕਾਰਵਾਈ ਲਈ ਪੁਲੀਸ ਤੋਂ 50 ਪੁਰਸ਼ ਅਤੇ 30 ਮਹਿਲਾ ਕਰਮਚਾਰੀਆਂ ਦੀ ਮੰਗ ਕੀਤੀ ਗਈ।
ਦੱਸ ਦੇਈਏ ਕਿ ਮਾਡਲ ਟਾਊਨ ਫ਼ੇਜ਼-1 ਤੋਂ 5 ਤੱਕ ’ਚ ਲੋਕਾਂ ਵੱਲੋਂ ਆਪਣੀਆਂ ਰਿਹਾਇਸ਼ਾਂ ਅੱਗੇ ਵੱਡੀ ਪੱਧਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਗਲੀਆਂ ਦੇ ਦੋਵੇਂ ਪਾਸੇ ਘਰਾਂ ਅੱਗੇ ਗਰਿੱਲਾਂ ਨਾਲ ਬਾਊਂਡਰੀ ਵਾਲ ਕਰਕੇ ਅੰਦਰ ਪਾਰਕ ਅਤੇ ਕਾਰਾਂ ਦੇ ਖੜ੍ਹਨ ਲਈ ਥਾਵਾਂ ਬਣਾਈਆਂ ਹੋਈਆਂ ਹਨ। ਬਾਊਂਡਰੀ ਵਾਲ ਤੋਂ ਅੱਗੇ ਰੈਂਪ ਬਣੇ ਹਨ ਜਿਸ ਕਰਕੇ ਗਲੀਆਂ ’ਚੋਂ ਦੋ ਵਾਹਨਾਂ ਦਾ ਬਰਾਬਰ ਲੰਘਣਾ ਮੁਹਾਲ ਸੀ। ਅੱਜ ਦੀ ਕਾਰਵਾਈ ਦੌਰਾਨ ਉਖੇੜੀਆਂ ਗਈਆਂ ਗਰਿੱਲਾਂ ਅਤੇ ਹੋਰ ਸਾਜ਼ੋ ਸਮਾਨ ਸਥਾਨਕ ਪ੍ਰਸ਼ਾਸਨ ਟਰਾਲੀਆਂ ’ਤੇ ਲੱਦ ਕੇ ਆਪਣੇ ਨਾਲ ਲੈ ਗਿਆ। ਕਈਆਂ ਨੇ ਕਾਰਵਾਈ ਦੀ ਭਿਣਕ ਪੈਂਦਿਆਂ, ਕਬਜ਼ੇ ਛੱਡਣ ਲਈ ਖੁਦ ਪਹਿਲਕਦਮੀ ਕੀਤੀ ਅਤੇ ਆਪਣਾ ਸਮਾਨ ਬਚਾ ਲਿਆ।

Advertisement

Advertisement
Author Image

joginder kumar

View all posts

Advertisement
Advertisement
×