ਬੰਗਲਾਦੇਸ਼ ’ਚ ਸਰਕਾਰੀ ਵਕੀਲ ਦੀ ਮੌਤ ਮਾਮਲੇ ’ਚ 30 ਜਣੇ ਹਿਰਾਸਤ ’ਚ ਲਏ
ਢਾਕਾ, 27 ਨਵੰਬਰ
ਬੰਗਲਾਦੇਸ਼ ਦੇ ਚਟਗਾਓਂ ਸ਼ਹਿਰ ਵਿੱਚ ਇੱਕ ਵਕੀਲ ਦੀ ਹੱਤਿਆ ਅਤੇ ਇੱਕ ਹਿੰਦੂ ਆਗੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੁਰੱਖਿਆ ਮੁਲਾਜ਼ਮਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਘੱਟੋ-ਘੱਟ 30 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸਹਾਇਕ ਸਰਕਾਰੀ ਵਕੀਲ ਸੈਫੁਲ ਇਸਲਾਮ ਦੀ ਬੀਤੇ ਦਿਨ ਸੁਰੱਖਿਆ ਮੁਲਾਜ਼ਮਾਂ ਤੇ ‘ਬੰਗਲਾਦੇਸ਼ ਸਮੀਲਿਤਾ ਸਨਾਤਨ ਜਾਗਰਣ ਜੋਤ’ ਦੇ ਬੁਲਾਰੇ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੇ ਚੇਲਿਆਂ ਵਿਚਾਲੇ ਝੜਪ ਦੌਰਾਨ ਮੌਤ ਹੋ ਗਈ ਸੀ। ਦਾਸ ਨੂੰ ਦੇਸ਼ ਧਰੋਹ ਦੇ ਮਾਮਲੇ ਵਿੱਚ ਚਟਗਾਓਂ ਦੀ ਇੱਕ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੇ ਜੇਲ੍ਹ ਭੇਜਣ ਮਗਰੋਂ ਹਿੰਸਾ ਭੜਕ ਗਈ ਸੀ। ਪੁਲੀਸ ਨੇ ਕਿਹਾ ਕਿ ਇਸਲਾਮ ਝੜਪ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ ਤੇ ਹਸਪਤਾਲ ਲਿਜਾਉਣ ’ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਪੁਲੀਸ ਬੁਲਾਰੇ ਮੁਤਾਬਕ ਇਸਲਾਮ ਦੀ ਹੱਤਿਆ ਤੇ ਸੁਰੱਖਿਆ ਮੁਲਾਜ਼ਮਾਂ ’ਤੇ ਹਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਚਟਗਾਓਂ ਵਿੱਚੋਂ 30 ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ, ‘ਉਹ ਇਨ੍ਹਾਂ ਸ਼ੱਕੀਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਦੀ ਜਾਂਚ ਕਰ ਰਹੇ ਹਨ। ਮੁੱਢਲੀ ਜਾਂਚ ਮਗਰੋਂ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਜਾਵੇਗਾ।’ ਫ਼ੌਜ, ਨੀਮ ਫ਼ੌਜੀ ਬਲ ‘ਬਾਰਡਰ ਗਾਰਡ ਬੰਗਲਾਦੇਸ਼’ ਦੇ ਜਵਾਨਾਂ ਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਰਾਤ ਸਮੇਂ ਮਾਰੇ ਗਏ ਛਾਪਿਆਂ ਦੌਰਾਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ