ਸੱਤ ਸਾਲ ਪੁਰਾਣੇ ਮਾਮਲੇ ’ਚ ਸੀਬੀਆਈ ਟੀਮ ਦੁੱਗਰੀ ਥਾਣੇ ਪੁੱਜੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਏਟੀਐੱਮ ਧੋਖਾਧੜੀ ਮਾਮਲੇ ’ਚ ਥਾਣਾ ਦੁੱਗਰੀ ਪੁਲੀਸ ਵੱਲੋਂ ਸੱਤ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੀ ਗਈ ਔਰਤ ਰਮਨਦੀਪ ਕੌਰ ਦੀ ਪੁਲੀਸ ਹਿਰਾਸਤ ’ਚ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਮਾਮਲੇ ’ਚ ਸੀਬੀਆਈ ਦੀ ਟੀਮ ਥਾਣਾ ਦੁੱਗਰੀ ਪੁੱਜੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਮ੍ਰਿਤਕਾ ਰਮਨਦੀਪ ਕੌਰ ਦੇ ਪਤੀ ਮੁਕੁਲ ਨੇ ਪਟੀਸ਼ਨ ਪਾਈ ਸੀ। ਸੀਬੀਆਈ ਦੀ ਟੀਮ ਨੇ ਕਰੀਬ ਅੱਧੇ ਘੰਟੇ ਤੱਕ ਥਾਣਾ ਦੁੱਗਰੀ ’ਚ ਜਾਂਚ ਕੀਤੀ ਤੇ ਉਸ ਸਮੇਂ ਤਾਇਨਾਤ ਕੁੱਝ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਜਿਸ ਤੋਂ ਬਾਅਦ ਸੀਨ ਰੀਕਿਰੇਟ ਕਰ ਉਸਦੀ ਵੀਡੀਓ ਬਣਾਈ ਗਈ। ਕਰੀਬ ਅੱਧੇ ਘੰਟੇ ਬਾਅਦ ਸੀਬੀਆਈ ਦੀ ਟੀਮ ਆਪਣੇ ਪੂਰੇ ਬਿਆਨ ਦਰਜ ਕਰਨ ਤੋਂ ਬਾਅਦ ਸਬੂਤ ਤੇ ਵੀਡੀਓਗ੍ਰਾਫ਼ੀ ਕਰ ਕੇ ਮੁਕੁਲ ਨਾਲ ਉੱਥੋਂ ਚਲੀ ਗਈ।
ਥਾਣਾ ਦੁੱਗਰੀ ਦੀ ਪੁਲੀਸ ਨੇ ਏਟੀਐੱਮ ਘੁਟਾਲੇ ’ਚ ਮੁਕੁਲ ਦੇ ਨਾਲ-ਨਾਲ ਉਸਦੀ ਪਤਨੀ ਰਮਨਦੀਪ ਕੌਰ ਨੂੰ ਜੂਨ 2017 ’ਚ ਗ੍ਰਿਫ਼ਤਾਰ ਕੀਤਾ ਸੀ। ਰਮਨਦੀਪ ਕੌਰ ਖਿਲਾਫ਼ ਮੁਹਾਲੀ ਸਮੇਤ ਕਈ ਥਾਣਿਆਂ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਸਨ। ਪੁਲੀਸ ਨੇ ਰਮਨਦੀਪ ਕੌਰ ਤੇ ਮੁਕੁਲ ਨੂੰ ਵੱਖ-ਵੱਖ ਬੈਰਕਾਂ ’ਚ ਬੰਦ ਕੀਤਾ ਸੀ। ਰਮਨਦੀਪ ਕੌਰ ਕੋਲ ਦੋ ਮਹਿਲਾ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਪੁਲੀਸ ਹਿਰਾਸਤ ’ਚ ਉਸਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਸੀ। ਬਾਅਦ ’ਚ ਜਦੋਂ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਰਿਪੋਰਟ ਤਿਆਰ ਕੀਤੀ ਗਈ ਕਿ ਰਮਨਦੀਪ ਕੌਰ ਨੇ ਬਾਥਰੂਮ ’ਚ ਜਾ ਕੇ ਫਾਹਾ ਲਾ ਲਿਆ ਹੈ ਜਿਸ ਤੋਂ ਮੁਕੁਲ ਗਰਗ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ 2 ਸਾਲ ਬਾਅਦ ਜੂਨ 2019 ’ਚ ਥਾਣਾ ਇੰਚਾਰਜ ਸਬ ਇੰਸਪੈਕਟਰ ਦਲਬੀਰ ਸਿੰਘ, ਡਿਊਟੀ ਅਫ਼ਸਰ ਏਐਸਆਈ ਸੁਖਦੇਵ ਸਿੰਘ, ਕਾਂਸਟੇਬਲ ਰਾਜਵਿੰਦਰ ਕੌਰ ਤੇ ਅਮਨਦੀਪ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਬਾਅਦ ’ਚ ਮੁਕੁਲ ਗਰਗ ਨੇ ਹਾਈ ਕੋਰਟ ਵੱਲ ਰੁਖ ਕਰ ਕੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਜਾਂਚ ’ਚ ਗੜਬੜੀ ਕਰ ਸਕਦੀ ਹੈ, ਲਿਹਾਜ਼ਾ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਸੀਬੀਆਈ ਦੀ ਟੀਮ ਨੇ ਪਟੀਸ਼ਨਕਰਤਾ ਮੁਕੁਲ ਗਰਗ ਨੂੰ ਨਾਲ ਲਿਆ ਤੇ ਥਾਣੇ ਪੁੱਜੀ। ਇਸ ਦੌਰਾਨ ਮੁਕੁਲ ਨੇ ਸਾਰੀ ਗੱਲ ਦੱਸੀ ਤੇ ਕਿੱਥੇ ਉਸਨੂੰ ਤੇ ਕਿੱਥੇ ਰਮਨਦੀਪ ਕੌਰ ਨੂੰ ਬੰਦ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਦੀ ਸਾਰੀ ਗੱਲ ਵੀ ਦੱਸੀ। ਮੁਕੁਲ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਨਾਜਾਇਜ਼ ਤੌਰ ’ਤੇ ਕੁੱਟਮਾਰ ਕੀਤੀ ਗਈ ਸੀ। ਥਾਣਾ ਦੁੱਗਰੀ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਵੇਰੇ ਟੀਮ ਆਈ ਸੀ ਅਤੇ ਰਮਨਦੀਪ ਕੌਰ ਮਾਮਲੇ ’ਚ ਉਸ ਸਮੇਂ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਕੇ ਚਲੀ ਗਈ।