ਖੜਗੇ 40 ਮਿੰਟ ਦੇ ਭਾਸ਼ਣ ’ਚ ਮੋਦੀ ’ਤੇ ਭੜਕੇ, ‘ਆਪ’ ਤੇ ਰਹੇ ਮੌਨ
ਗਗਨਦੀਪ ਅਰੋੜਾ
ਲੁਧਿਆਣਾ, 11 ਫਰਵਰੀ
ਸੂਬੇ ਦੀ ਪਹਿਲੀ ਵਰਕਰਜ਼ ਕਨਵੈਨਸ਼ਨ ਵਿੱਚ ਪੁੱਜੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਪੂਰੇ 40 ਮਿੰਟ ਦੇ ਭਾਸ਼ਣ ਦੌਰਾਨ ਮੋਦੀ ਸਰਕਾਰ ’ਤੇ ਵਰ੍ਹਦੇ ਰਹੇ ਪਰ ਇਨ੍ਹਾਂ 40 ਮਿੰਟਾਂ ਦੌਰਾਨ ਉਨ੍ਹਾਂ ਇੱਕ ਸ਼ਬਦ ਵੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਨਹੀਂ ਬੋਲਿਆ। ਹਾਲਾਂਕਿ, ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਾਂਗਰਸ ਖ਼ਿਲਾਫ਼ ਚੁੱਪ ਹੀ ਰਹੇ ਸਨ। ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਭਾਵੇਂ ਕਿ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਨੇ ਇਸ਼ਾਰੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ਸੂਬੇ ਵਿੱਚ ਲੋਕ ਸਭਾ ਚੋਣਾਂ ਵੱਖ-ਵੱਖ ਲੜਨਗੇ ਪਰ ਨਾਲ ਹੀ ਇਸ ਗੱਲ ਦਾ ਇਸ਼ਾਰਾ ਵੀ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਦੋਹਾਂ ਦਾ ਨਿਸ਼ਾਨਾ ਮੋਦੀ ਸਰਕਾਰ ਹੀ ਰਹੇਗੀ। ਦੱਸ ਦੇਈਏ ਕਿ ਬੀਤੇ ਦਿਨੀਂ ਵੀ ਖੰਨਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਫ਼ ਕੀਤਾ ਸੀ ਕਿ ਉਹ ਪੰਜਾਬ ਵਿੱਚ ਇਕੱਲੇ ਹੀ ਚੋਣ ਲੜਨਗੇ ਅਤੇ 13 ਸੀਟਾਂ ’ਤੇ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ। ਇਸ ਤੋਂ ਬਾਅਦ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਇਕੱਲੇ ਹੀ ਚੋਣ ਲੜੇਗੀ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਵੱਲੋਂ ਕਾਂਗਰਸ ਤੋਂ ਵੱਖ ਹੋ ਕੇ ਆਪਣੀਆਂ ਰੈਲੀਆਂ ਕਰਨ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਦੇ ਵਰਕਰ ਕਨਵੈਨਸ਼ਨ ਦੇ ਸਟੇਜ ਅਤੇ ਪੋਸਟਰ ਦੋਵਾਂ ਵਿੱਚੋਂ ਗਾਇਬ ਰਹੇ। ਕਾਂਗਰਸੀਆਂ ਨੂੰ ਆਸ ਸੀ ਕਿ ਕੌਮੀ ਸਮਾਗਮ ਵਿੱਚ ਉਹ ਜ਼ਰੂਰ ਪੁੱਜਣਗੇ, ਪਰ ਸਿੱਧੂ ਇਸ ਵਿੱਚ ਸ਼ਾਮਲ ਨਹੀਂ ਹੋਏ। ਉਹ ਕੌਮੀ ਕਾਂਗਰਸ ਪ੍ਰਧਾਨ ਦੀ ਰੈਲੀ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਂਝ ਕਾਂਗਰਸ ਦੇ ਆਗੂਆਂ ਖ਼ਿਲਾਫ਼ ਬੋਲਣ ਵਾਲੇ ਆਗੂ ਸ਼ਮਸ਼ੇਰ ਸਿੰਘ ਦੁੱਲੋਂ, ਲਾਲ ਸਿੰਘ ਤੇ ਸਿੱਧੂ ਨਾਲ ਚੱਲਣ ਵਾਲੇ ਹੋਰ ਕਈ ਆਗੂ ਇਸ ਸਮਾਗਮ ਵਿੱਚ ਜ਼ਰੂਰ ਨਜ਼ਰ ਆਏ। ਇਸ ਤੋਂ ਇਲਾਵਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਰੈਲੀ ’ਚੋਂ ਗੈਰਹਾਜ਼ਰ ਰਹੇ। ਕਨਵੈਨਸ਼ਨ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 40 ਮਿੰਟ ਤੱਕ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਬਾਅਦ ਦੁਪਹਿਰ 2.21 ਵਜੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਲੋਕ ਕੁਰਸੀਆਂ ਛੱਡ ਕੇ ਚੱਲਣਾ ਸ਼ੁਰੂ ਹੋ ਗਏ। ਵਰਕਰਾਂ ਨੂੰ ਪੰਡਾਲ ਵਿੱਚੋਂ ਨਿਕਲਦਾ ਦੇਖ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਪੰਡਾਲ ਵੱਲ ਪਹੁੰਚ ਗਏ। ਉਨ੍ਹਾਂ ਕਈ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਕੁਝ ਮਿੰਟਾਂ ਬਾਅਦ ਹੀ ਉੱਥੋਂ ਚਲੇ ਗਏ।