For the best experience, open
https://m.punjabitribuneonline.com
on your mobile browser.
Advertisement

ਇਮਰਾਨ ਵੱਲੋਂ ਕੌਮੀ ਇਹਤਸਾਬ ਆਰਡੀਨੈਂਸ ਕੇਸ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਮੰਗ

06:56 AM May 24, 2024 IST
ਇਮਰਾਨ ਵੱਲੋਂ ਕੌਮੀ ਇਹਤਸਾਬ ਆਰਡੀਨੈਂਸ ਕੇਸ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਮੰਗ
Advertisement

ਇਸਲਾਮਾਬਾਦ, 23 ਮਈ
ਜੇਲ੍ਹ ਵਿਚ ਬੰਦ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਸਰਕਾਰ ਵੱਲੋਂ ਕੌਮੀ ਇਹਤਸਾਬ (ਜਵਾਬਦੇਹੀ) ਆਰਡੀਨੈਂਸ ਵਿਚ ਕੀਤੀਆਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਆਪਣੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਅਤੇ ਸੁਣਵਾਈ ਦੀ ਲਾਈਵ ਸ੍ਰਟੀਮਿੰਗ (ਸਿੱਧਾ ਪ੍ਰਸਾਰਨ) ਕੀਤੇ ਜਾਣ ਦੀ ਮੰਗ ਕੀਤੀ ਹੈ। ਰੋਜ਼ਨਾਮਚਾ ‘ਡਾਅਨ’ ਨੇ ਇਮਰਾਨ ਦੇ ਵਕੀਲ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਨੇ ਅਡਿਆਲਾ ਜੇਲ੍ਹ ਪ੍ਰਸ਼ਾਸਨ ਜ਼ਰੀਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਹੈ। ਖ਼ਾਨ (71) ਹਫ਼ਤਾ ਪਹਿਲਾਂ ਇਸ ਮਾਮਲੇ ਵਿਚ ਪਟੀਸ਼ਨਰ ਵਜੋਂ ਵੀਡੀਓ ਲਿੰਕ ਜ਼ਰੀਏ ਸਰਬਉੱਚ ਅਦਾਲਤ ਵਿਚ ਪੇਸ਼ ਹੋਇਆ ਸੀ, ਪਰ ਸਾਬਕਾ ਵਜ਼ੀਰੇ ਆਜ਼ਮ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ।
19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਆਗੂ ਨੇ ਕਿਹਾ, ‘‘30 ਮਈ ਨੂੰ ਸੁਪਰੀਮ ਕੋਰਟ ਵਿਚ ਮੇਰਾ ਮੈਚ ਹੈ।’’ ਖ਼ਾਨ ਇਸ ਵੇਲੇ ਅਡਿਆਲਾ ਜੇਲ੍ਹ ਵਿਚ ਤੋਸ਼ਾਖਾਨਾ, ਗੈਰ-ਇਸਲਾਮਿਕ ਨਿਕਾਹ ਤੇ ਸਾਈਫਰ ਕੇਸਾਂ ਵਿੱਚ ਸਜ਼ਾਵਾਂ ਕੱਟ ਰਿਹਾ ਹੈ। ਪੀਟੀਆਈ ਦੇ ਬਾਨੀ ਚੇਅਰਮੈਨ ਖ਼ਾਨ ਨੇ ਕਿਹਾ ਕਿ 8 ਫਰਵਰੀ ਨੂੰ ਹੋਈਆਂ ਚੋਣਾਂ ਤੋਂ ਪਹਿਲਾਂ ਉਸ ਨੂੰ ਤਿੰਨ ਵੱਖ ਵੱਖ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ, ਪਰ ਇੰਨੇ ਨਾਂਹਦਰੂ ਪ੍ਰਚਾਰ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾਈਆਂ। ਖ਼ਾਨ ਨੇ ਕਿਹਾ, ‘‘ਉਨ੍ਹਾਂ ਨੂੰ ਲੱਗਦਾ ਸੀ ਕਿ ਪੀਟੀਆਈ ਚੋਣਾਂ ਤੋਂ ਭੱਜੇਗੀ; ਪਰ ਇਸ ਦੀ ਥਾਂ ਇਸਲਾਮਾਬਾਦ ਦੇ ਰਿਟਰਨਿੰਗ ਅਧਿਕਾਰੀ ਭੱਜ ਗਏ।’’ ਖ਼ਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਵੱਡੇ ਫ਼ਰਕ ਨਾਲ ਇਸਲਾਮਾਬਾਦ ਵਿਚ ਚੋਣਾਂ ਜਿੱਤੀਆਂ। ਸਾਬਕਾ ਵਜ਼ੀਰੇ ਆਜ਼ਮ ਨੇ ਦਲੀਲ ਦਿੱਤੀ ਕਿ ਚੋਣ ਟ੍ਰਿਬਿਊਨਲਾਂ ਨੂੰ ਹੁਣ ਤੱਕ ਆਪਣੇ ਫੈਸਲੇ ਦੇ ਦੇਣੇ ਚਾਹੀਦੇ ਸਨ ਕਿਉਂਕਿ ਹੁਣ ਤਾਂ ਆਮ ਚੋਣਾਂ ਨਿੱਬੜੇ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਪੀਟੀਆਈ ਦੇ ਸੂਚਨਾ ਸਕੱਤਰ ਰਾਊਫ਼ ਹਾਸਨ ’ਤੇ ਹਮਲੇ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਆਪਣੀ ਪਾਰਟੀ ਨੂੰ ਸੱਦਾ ਦਿੱਤਾ ਕਿ ਉਹ ਪੀਟੀਆਈ ਆਗੂ ’ਤੇ ਹਮਲੇ ਦੇ ਜਵਾਬ ਵਿਚ ਸੜਕਾਂ ’ਤੇ ਰੋਸ ਮੁਜ਼ਾਹਰਿਆਂ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਅਰਥਚਾਰੇ ਦੀ ਮਾੜੀ ਹਾਲਤ ਕਰਕੇ ਪੀਟੀਆਈ ਅਜੇ ਕੋਈ ਵੱਡੇ ਰੋਸ ਮੁਜ਼ਾਹਰੇ ਨਹੀਂ ਕਰ ਰਹੀ। ਖ਼ਾਨ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਗਾਮੀ ਬਜਟ ਇਜਲਾਸ ਵਿਚ ਆਪਣਾ ਪ੍ਰਤੀਕਰਮ ਦੇਵੇਗੀ। ਸਾਬਕਾ ਕ੍ਰਿਕਟਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੋਸ਼ਾਖਾਨਾ ਤੋਹਫ਼ੇ ਵੇਚ ਕੇ ਮਿਲੇ ਫੰਡ ਬਨੀਗਾਲਾ ਰੋਡ ਦੀ ਉਸਾਰੀ ’ਤੇ ਖਰਚੇ ਸਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×