ਪਾਕਿ ਹਾਈ ਕੋਰਟ ਵੱਲੋਂ ਇਮਰਾਨ ਦੀ ਜ਼ਮਾਨਤ ਮਨਜ਼ੂਰ
ਇਸਲਾਮਾਬਾਦ, 8 ਜੂਨ
ਪਾਕਿਸਤਾਨ ਦੀ ਹਾਈ ਕੋਰਟ ਨੇ ਅੱਜ ਸੀਨੀਅਰ ਵਕੀਲ ਦੇ ਕਤਲ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸੇ ਤਰ੍ਹਾਂ ਹੋਰ ਅੱਠ ਕੇਸਾਂ ਵਿੱਚ ਦਾਖਲ ਜ਼ਮਾਨਤ ਦੀਆਂ ਪਟੀਸ਼ਨਾਂ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ।
ਦੱਸਣਯੋਗ ਹੈ ਕਿ ਇਮਰਾਨ ਖਾਨ ਸੁਪਰੀਮ ਕੋਰਟ ਦੇ ਵਕੀਲ ਅਬਦੁਲ ਰੱਜ਼ਾਕ ਸ਼ਾਰ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਹਨ। ਪੀਟੀਆਈ ਮੁਖੀ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਜਿੱਥੇ ਜਸਟਿਸ ਫਾਰੂਕ ਅਤੇ ਜਸਟਿਸ ਮਿਆਂਗੁਲ ਹਸਨ ਔਰੰਗਜ਼ੇਬ ਦੇ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਸ਼ਾਰ ਦੇ ਪੁੱਤਰ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪਿਤਾ ਨੂੰ ਖਾਨ ਦੇ ਇਸ਼ਾਰੇ ‘ਤੇ ਕਤਲ ਕੀਤਾ ਗਿਆ ਹੈ। ਦੋਵਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਬੈਂਚ ਨੇ ਖਾਨ ਦੀ ਦੋ ਹਫ਼ਤਿਆਂ ਲਈ ਜ਼ਮਾਨਤ ਮਨਜ਼ੂਰ ਕਰ ਲਈ। ਇਸ ਤੋਂ ਪਹਿਲਾਂ ਇਮਰਾਨ ਖਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਨੌਂ ਮਈ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਨਾਲ ਸਬੰਧਿਤ ਦਰਜਨ ਤੋਂ ਵੱਧ ਕੇਸਾਂ ਅਤੇ ਤੋਸ਼ਾਖਾਨਾ ਰਿਸ਼ਵਤ ਕੇਸ ਵਿੱਚ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਪੁੱਜੇ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਫਾਰੂਕ ਨੇ ਅੱਠ ਅਰਜ਼ੀਆਂ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਉਨ੍ਹਾਂ ਇਨ੍ਹਾਂ ਕੇਸਾਂ ਵਿੱਚ ਜ਼ਮਾਨਤ ਦੀਆਂ ਪਟੀਸ਼ਨਾਂ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ। -ਪੀਟੀਆਈ