ਲਾਹੌਰ ਹਾਈ ਕੋਰਟ ਵੱਲੋਂ ਇਮਰਾਨ ਖਾਨ ਦੀ ਅਗਾਊਂ ਜ਼ਮਾਨਤ ਮਨਜ਼ੂਰ
ਲਾਹੌਰ, 6 ਜੂਨ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਲਾਹੌਰ ਹਾਈ ਕੋਰਟ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇਣ ‘ਤੇ ਮੋਹਰ ਲਗਾ ਦਿੱਤੀ। ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਵਰਕਰ ਦੇ ਕਤਲ ਮਾਮਲੇ ਵਿੱਚ ਮੌਤ ਨਾਲ ਸਬੰਧਿਤ ਤੱਥ ਤੇ ਸਬੂਤ ਛੁਪਾਉਣ ਦੇ ਦੋਸ਼ ਹੇਠ ਨਾਮਜ਼ਦ ਹਨ। ਗ਼ੌਰਤਲਬ ਹੈ ਕਿ ਪੰਜਾਬ ਪੁਲੀਸ ਨੇ ਮਾਰਚ ਵਿੱਚ ਪੀਟੀਆਈ ਪ੍ਰਧਾਨ ਖਾਨ ਖ਼ਿਲਾਫ਼ ਪਾਰਟੀ ਵਰਕਰ ਅਲੀ ਬਿਲਾਲ ਉਰਫ ਜ਼ਿਲੇ ਸ਼ਾਹ ਦੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਖਾਨ ਸਖਤ ਸੁਰੱਖਿਆ ਦਰਮਿਆਨ ਹਾਈ ਕੋਰਟ ਅੱਗੇ ਪੇਸ਼ ਹੋਏ।
ਅਦਾਲਤ ਦੇ ਅਧਿਕਾਰੀ ਨੇ ਸੁਣਵਾਈ ਮਗਰੋਂ ਦੱਸਿਆ,’ਖਾਨ ਦੇ ਵਕੀਲ ਦਾ ਪੱਖ ਸੁਣਨ ਤੋਂ ਬਾਅਦ ਲਾਹੌਰ ਹਾਈ ਕੋਰਟ ਦੇ ਜੱਜ ਅਨਵਰੁਲ ਹੱਕ ਪੰਨੂਨ ਨੇ ਕਤਲ ਮਾਮਲੇ ਵਿੱਚ ਖਾਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ। ਖਾਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜ਼ਿਲੇ ਸ਼ਾਹ ਨੂੰ ਪੁਲੀਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ਉੱਤੇ 26 ਜ਼ਖ਼ਮਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਬਾਵਜੂਦ ਪੁਲੀਸ ਨੇ ਖਾਨ ਸਣੇ ਪਾਰਟੀ ਦੇ ਹੋਰ ਮੈਂਬਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ। ਹਾਲਾਂਕਿ ਪੰਜਾਬ ਸਰਕਾਰ ਤੇ ਪੁਲੀਸ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਉਹ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਮੁੜ ਖਾਨ ‘ਤੇ ਦੋਸ਼ ਲਾਇਆ ਕਿ ਉਹ ਮੌਤ ਸਬੰਧੀ ਤੱਥ ਤੇ ਸਬੂਤ ਛੁਪਾ ਰਹੇ ਹਨ। -ਪੀਟੀਆਈ