ਇਮਰਾਨ ਖ਼ਾਨ ਵੱਲੋਂ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ
ਇਸਲਾਮਾਬਾਦ, 25 ਜੁਲਾਈ
ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 9 ਮਈ ਦੇ ਦੰਗਿਆਂ ਦੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਸੰਭਾਵੀ ਤੌਰ ’ਤੇ ਫੌਜ ਦੀ ਹਿਰਾਸਤ ਵਿੱਚ ਭੇਜੇ ਜਾਣ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਨ੍ਹਾਂ ਦੰਗਿਆਂ ਵਿੱਚ ਸ਼ਮੂਲੀਅਤ ਲਈ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੂੰ ਸਿਵਲ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਹੀ ਰੱਖਣਾ ਚਾਹੀਦਾ ਹੈ। ਮੀਡੀਆ ਦੀ ਇਕ ਖ਼ਬਰ ਮੁਤਾਬਕ, ਇਹ ਪਟੀਸ਼ਨ ਇਮਰਾਨ ਖ਼ਾਨ ਦੇ ਵਕੀਲ ਉਜ਼ੇਰ ਕਰਾਮਤ ਨੇ ਲਾਹੌਰ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਮਾਮਲੇ ਵਿੱਚ ਸੰਘੀ ਸਰਕਾਰ ਅਤੇ ਸਾਰੇ ਚਾਰੋਂ ਸੂਬਿਆਂ ਦੇ ਇੰਸਪੈਕਟਰ ਜਨਰਲਾਂ ਨੂੰ ਉੱਤਰਦਾਤਾ ਬਣਾਇਆ ਗਿਆ ਹੈ। ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਬਾਨੀ 71 ਸਾਲਾ ਖ਼ਾਨ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜਨਰਲ ਹੈੱਡਕੁਆਰਟਰਾਂ ’ਤੇ ਪ੍ਰਦਰਸ਼ਨ ਭੜਕਾਉਣ ਦਾ ਝੂਠਾ ਬਿਰਤਾਂਤ ਸਿਰਜਿਆ ਗਿਆ ਹੈ। ਉਨ੍ਹਾਂ 9 ਮਈ ਦੀ ਘਟਨਾ ਨੂੰ ਝੂਠੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਉਹ ਵਿਅਕਤੀ ਜਿਨ੍ਹਾਂ ਨੇ ਦੰਗਿਆਂ ਦੀਆਂ ਸੀਸੀਟੀਵੀ ਫੁਟੇਜ ਚੋਰੀ ਕੀਤੀਆਂ ਸਨ ਉਹੀ ਅਸਲ ਅਪਰਾਧੀ ਹਨ। ਉਨ੍ਹਾਂ 9 ਮਈ ਦੀ ਘਟਨਾ ਦੀ ਤੁਲਨਾ 6 ਜਨਵਰੀ 2021 ਨੂੰ ਅਮਰੀਕਾ ਦੇ ਕੈਪੀਟਲ ਹਿੱਲ ਪ੍ਰਦਰਸ਼ਨਾਂ ਨਾਲ ਕੀਤੇ ਜਾਣ ਦੀ ਆਲੋਚਨਾ ਕੀਤੀ। -ਪੀਟੀਆਈ