Imran Khan and his wife sentenced ਭ੍ਰਿਸ਼ਟਾਚਾਰ ਮਾਮਲਾ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਤਨੀ ਨੂੰ ਕੈਦ
ਇਸਲਾਮਾਬਾਦ, 17 ਜਨਵਰੀ
ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਪੌਂਡ ਦੇ ਆਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਦੋਹਾਂ ਨੂੰ ਕ੍ਰਮਵਾਰ 14 ਤੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਫੈਸਲਾ ਸੁਣਾਇਆ, ਜਿਸ ਨੂੰ ਵੱਖ ਵੱਖ ਕਾਰਨਾਂ ਤੋਂ ਤਿੰਨ ਵਾਰ ਟਾਲਿਆ ਜਾ ਚੁੱਕਿਆ ਸੀ। ਆਖਰੀ ਵਾਰ ਇਸ ਨੂੰ 13 ਜਨਵਰੀ ਨੂੰ ਟਾਲਿਆ ਗਿਆ ਸੀ। ਜੱਜ ਨੇ ਅਡਿਆਲਾ ਜੇਲ੍ਹ ਵਿੱਚ ਸਥਾਪਤ ਇਕ ਅਸਥਾਈ ਅਦਾਲਤ ਵਿੱਚ ਖਾਨ ਤੇ ਉਨ੍ਹਾਂ ਦੀ ਪਤਨੀ ਨੂੰ ਕੈਦ ਦੀ ਸਜ਼ਾ ਸੁਣਾਈ।
ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਦਸੰਬਰ 2023 ਵਿੱਚ ਖਾਨ (72), ਬੀਬੀ ਬੁਸ਼ਰਾ (50) ਅਤੇ ਛੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ,ਜਿਸ ਵਿੱਚ ਉਨ੍ਹਾਂ ’ਤੇ ਕੌਮੀ ਖਜ਼ਾਨੇ ਨੂੰ 19 ਕਰੋੜ ਪੌਂਡ (ਕਰੀਬ 50 ਅਰਬ ਪਾਕਿਸਤਾਨੀ ਰੁਪਏ) ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਮੁਕੱਦਮਾ ਖਾਨ ਤੇ ਬੀਬੀ ਬੁਸ਼ਰਾ ’ਤੇ ਚਲਾਇਆ ਗਿਆ ਕਿਉਂਕਿ ਇਕ ਪ੍ਰਾਪਰਟੀ ਕਾਰੋਬਾਰੀ ਸਣੇ ਹੋਰ ਸਾਰੇ ਮੁਲਜ਼ਮ ਦੇਸ਼ ਤੋਂ ਬਾਹਰ ਹਨ। ਦੋਸ਼ ਹੈ ਕਿ ਇਕ ਪ੍ਰਾਪਰਟੀ ਕਾਰੋਬਾਰੀ ਦੇ ਨਾਲ ਸਮਝੌਤੇ ਤਹਿਤ ਬਰਤਾਨੀਆ ਦੀ ਕੌਮੀ ਅਪਰਾਧ ਏਜੰਸੀ ਵੱਲੋਂ ਪਾਕਿਸਤਾਨ ਨੂੰ ਮੋੜੇ ਗਏ 50 ਅਰਬ ਪਾਕਿਸਤਾਨੀ ਰੁਪੱਈਆਂ ਦਾ ਗਲਤ ਇਸਤੇਮਾਲ ਕੀਤਾ ਗਿਆ। ਕੌਮੀ ਖ਼ਜ਼ਾਨੇ ਵਜੋਂ ਇਸਤੇਮਾਲ ਹੋਣ ਵਾਲੀ ਇਸ ਰਾਸ਼ੀ ਨੂੰ ਉਸ ਕਾਰੋਬਾਰੀ ਦੇ ਕਥਿਤ ਨਿੱਜੀ ਲਾਭ ਲਈ ਲਗਾਇਆ ਗਿਆ, ਜਿਸ ਨੇ ਬੀਬੀ ਤੇ ਖਾਨ ਨੂੰ ਇਕ ਯੂਨੀਵਰਸਿਟੀ ਸਥਾਪਤ ਕਰਨ ਵਿੱਚ ਮਦਦ ਕੀਤੀ ਸੀ।
ਅਲ-ਕਾਦਿਰ ਟਰੱਸਟ ਦੀ ਟਰੱਸਟੀ ਵਜੋਂ ਬੀਬੀ ਬੁਸ਼ਰਾ ’ਤੇ ਇਸ ਸਮਝੌਤੇ ਤੋਂ ਲਾਭ ਉਠਾਉਣ ਦਾ ਦੋਸ਼ ਹੈ, ਜਿਸ ਵਿੱਚ ਜੇਹਲਮ ’ਚ ਅਲ-ਕਾਦਿਰ ਯੂਨੀਵਰਸਿਟੀ ਲਈ 458 ਕਨਾਲ ਜ਼ਮੀਨ ਗ੍ਰਹਿਣ ਕਰਨੀ ਵੀ ਸ਼ਾਮਲ ਹੈ। -ਪੀਟੀਆਈ