ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਤਣਾਅ ਘਟਾਉਣ ਲਈ ਇਮਰਾਨ ਨੇ ਬਦਲਿਆ ਇਰਾਦਾ

07:41 AM Jun 13, 2024 IST

ਇਸਲਾਮਾਬਾਦ, 12 ਜੂਨ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਪੈਂਤੜੇ ਤੋਂ ਕਦਮ ਪਿੱਛੇ ਹਟਦਿਆਂ ਮੌਜੂਦਾ ਸਿਆਸੀ ਤਣਾਅ ਘਟਾਉਣ ਲਈ ਸਰਕਾਰ ਨਾਲ ਗੱਲਬਾਤ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੱਤਾਧਾਰੀ ਗੱਠਜੋੜ ਨਾਲ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਸੀ। ਦੇਸ਼ ਦੇ ਭ੍ਰਿਸ਼ਟਾਚਾਰ ਕਾਨੂੰਨਾਂ ਵਿੱਚ ਬਦਲਾਅ ਦੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੂੰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਸੰਸਦ ਵਿੱਚ ਗੱਲਬਾਤ ਰਾਹੀਂ ਆਪਣੇ ਮੁੱਦੇ ਸੁਲਝਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਜੇਲ੍ਹ ਵਿੱਚ ਬੰਦ ਇਮਰਾਨ ਨੇ ਗੱਲਬਾਤ ਲਈ ਆਪਣਾ ਇਰਾਦਾ ਬਦਲ ਲਿਆ ਹੈ। ਪੀਟੀਆਈ ਦੇ ਸੰਸਥਾਪਕ ਇਮਰਾਨ ਖ਼ਾਨ ਇਸ ਸਮੇਂ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਪੀਟੀਆਈ ਆਗੂ ਗੌਹਰ ਅਲੀ ਖ਼ਾਨ ਨੇ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਮਰਾਨ ਨੇ ਸਰਕਾਰ ਨਾਲ ਗੱਲਬਾਤ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸ਼ੁਰੂ ਵਿੱਚ ਆਪਣੇ ਸਹਿਯੋਗੀਆਂ ਨੂੰ ਭਰੋਸੇ ਵਿੱਚ ਲਵੇਗੀ ਪਰ ਇਸ ਮੁੱਦੇ ’ਤੇ ਇਕੱਲਿਆਂ ਵੀ ਅੱਗੇ ਵਧ ਸਕਦੀ ਹੈ। ਗੌਹਰ ਨੇ ਕਿਹਾ, ‘‘ਅਸੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬਾਨੀ (ਇਮਰਾਨ) ਨੂੰ ਕਿਹਾ ਕਿ ਗੱਲਬਾਤ ਜ਼ਰੂਰੀ ਹੈ ਕਿਉਂਕਿ ਫ਼ਾਸਲੇ ਵਧ ਰਹੇ ਹਨ। ਉਹ ਇਸ ਬਾਰੇ ਸਾਡੇ ਨਾਲ ਰਜ਼ਾਮੰਦ ਹਨ।’’ ਗੌਹਰ ਮੁਤਾਬਕ, ਇਮਰਾਨ ਖ਼ਾਨ (71) ਚਾਹੁੰਦੇ ਹਨ ਕਿ ਗੱਲਬਾਤ ਦੇ ਰਸਤੇ ਖੁੱਲ੍ਹਣ। ਜੀਓ ਟੀਵੀ ਨੇ ਗੌਹਰ ਦੇ ਹਵਾਲੇ ਨਾਲ ਕਿਹਾ, ‘‘ਪੀਟੀਆਈ ਦੇ ਸੰਸਥਾਪਕ ਨੇ ਕਈ ਵਾਰ ਕਿਹਾ ਹੈ ਕਿ ਉਸ ਨਾਲ ਜੋ ਵੀ ਹੋਇਆ, ਉਹ ਉਸ ਨੂੰ ਮੁਆਫ਼ ਕਰਨ ਲਈ ਤਿਆਰ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਗੱਲਬਾਤ ਸੁਪਰੀਮ ਕੋਰਟ ਦੀ ਸਲਾਹ ਤਹਿਤ ਹੋਵੇਗੀ? ਗੌਹਰ ਨੇ ਕਿਹਾ, ‘‘ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਬਦਲ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।’’ ਹਾਲਾਂਕਿ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗੱਲਬਾਤ ਕਰਨਾ ਪੀਟੀਆਈ ਦਾ ‘ਆਪਣਾ ਫ਼ੈਸਲਾ’ ਹੈ। ਗੌਹਰ ਨੇ ਕਿਹਾ ਕਿ ਪਾਰਟੀ ਪਖਤੂਨਖ਼ਵਾ ਮਿੱਲੀ ਅਵਾਮੀ ਪਾਰਟੀ ਦੇ ਮੁਖੀ ਮਹਿਮੂਦ ਖ਼ਾਨ ਅਜ਼ਕਜ਼ਈ ਨਾਲ ਗੱਲਬਾਤ ਤੋਂ ਬਾਅਦ ਇਸ ’ਤੇ ਚਰਚਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਅਜ਼ਕਜ਼ਈ ਅਤੇ ਹੋਰ ਪਾਰਟੀਆਂ ਨਾਲ ਗੱਠਜੋੜ ਹੈ ਅਤੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਭਰੋਸੇ ਵਿੱਚ ਲਵੇਗੀ। ਪੀਟੀਆਈ ਮੁਖੀ ਨੇ ਕਿਹਾ, ‘‘ਗੱਠਜੋੜ ਪੱਧਰ ’ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਪੀਟੀਆਈ ਖੁਦ ਵੀ ਪਹਿਲ ਕਰ ਸਕਦੀ ਹੈ।’’ -ਪੀਟੀਆਈ

Advertisement

Advertisement