ਦਿੱਲੀ ਵਿੱਚ ਹਵਾ ਦੀ ਗੁਣਵੱਤਾ ’ਚ ਸੁਧਾਰ
ਨਵੀਂ ਦਿੱਲੀ, 11 ਨਵੰਬਰ
ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਹਲਕੀ ਧੁੱਪ ਦੇ ਨਾਲ ਸਾਫ ਨੀਲਾ ਆਸਮਾਨ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਚੱਲ ਰਹੀ ਧੁਆਂਖੀ ਧੁੰਦ ਤੋਂ ਰਾਹਤ ਮਿਲੀ। ਅੱਜ ਏਕਿਊਆਈ 225 ਦਰਜ ਕੀਤਾ ਗਿਆ। ਸ਼ਹਿਰ ਵਿੱਚ 28 ਅਕਤੂਬਰ ਤੋਂ ਬਾਅਦ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਤੋਂ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਜਾ ਰਹੀ ਸੀ। ਗੁਆਂਢੀ ਸ਼ਹਿਰਾਂ ਗੁਰੂਗ੍ਰਾਮ ਵਿੱਚ ਏਕਿਊਆਈ 181, ਗਾਜ਼ੀਆਬਾਦ 157, ਗ੍ਰੇਟਰ ਨੋਇਡਾ 131, ਨੋਇਡਾ 148 ਅਤੇ ਫਰੀਦਾਬਾਦ ਵਿੱਚ 174 ਸੀ, ਜੋ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ।
ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਸਮੇਤ ਅਨੁਕੂਲ ਮੌਸਮੀ ਸਥਿਤੀਆਂ ਕਾਰਨ ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਦੀ ਪੇਸ਼ੀਨਗੋਈ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਹਵਾ ਦੀ ਦਿਸ਼ਾ ਵਿੱਚ ਤਬਦੀਲੀ ਨਾਲ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਪਰਾਲੀ ਸਾੜਨ ਦੇ ਧੂੰਏਂ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਇੱਥੇ ਕਿਹਾ ਕਿ ਇਕ ਦਿਨ ਪਹਿਲਾਂ ਪਏ ਮੀਂਹ ਨੇ ਪ੍ਰਦੂਸ਼ਣ ਘਟਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਸ਼ੁੱਕਰਵਾਰ ਨੂੰ ਪਏ ਮੀਂਹ ਨੇ ਸ਼ਹਿਰ ਦੀ ਹਵਾ ਤੋਂ ਪ੍ਰਦੂਸ਼ਕਾਂ ਨੂੰ ਦੂਰ ਕਰ ਦਿੱਤਾ। ਹਵਾ ਵੀ ਤੇਜ਼ ਹੋ ਗਈ ਜਿਸ ਨਾਲ ਦਿੱਲੀ ਦੀ ਹਵਾ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਸਾਫ਼ ਕਰਨ ਵਿੱਚ ਮਦਦ ਮਿਲੀ। ਬਾਰਿਸ਼ ਨੇ ਸ਼ਹਿਰ ਵਿੱਚ ਪ੍ਰਦੂਸ਼ਣ 50 ਫੀਸਦ ਤੱਕ ਘਟਾ ਦਿੱਤਾ। ਦਿੱਲੀ ਦਾ ਏਕਿਊਆਈ 450 ਤੋਂ ਘੱਟ ਕੇ 225 ਤੱਕ ਆ ਗਿਆ ਹੈ। ਹਾਲਾਂਕਿ, ਇਹ ਕਹਿਣਾ ਬਹੁਤ ਜਲਦਬਾਜ਼ੀ ਹੈ ਕਿ ਸ਼ਹਿਰ ਦੀ ਹਵਾ ਦੀ ਗੁਣਵੱਤਾ ’ਤੇ ਮੀਂਹ ਦਾ ਅਸਰ ਕਿੰਨਾ ਸਮਾਂ ਰਹੇਗਾ।’’
ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਵਿੱਚ ਸਮੁੱਚਾ ਹਵਾ ਗੁਣਵੱਤਾ ਸੂਚਕਅੰਕ 227 ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੀਵਾਲੀ ਤੋਂ ਬਾਅਦ ਅਗਲੇ ਦੋ ਦਿਨਾਂ ਲਈ ਸਵੇਰੇ ਧੁੰਦ ਜਾਂ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ। ਅੱਜ ਆਨੰਦ ਵਿਹਾਰ ਦਾ ਏਕਿਊਆਈ 295, ਆਰਕੇ ਪੁਰਮ ਦਾ 230, ਪੰਜਾਬੀ ਬਾਗ ਦਾ 244 ਅਤੇ ਆਈਟੀਓ ਦਾ ਏਕਿਊਆਈ 263 ਦਰਜ ਕੀਤਾ ਗਿਆ। -ਪੀਟੀਆਈ
ਗੋਪਾਲ ਰਾਏ ਵੱਲੋਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਯੂਪੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਣ ਵਾਲੀਆਂ ਪਾਬੰਦੀਸ਼ੁਦਾ ਗੱਡੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਯੂਪੀ ਦੇ ਟਰਾਂਸਪੋਰਟ ਮੰਤਰੀ ਦਿਆਸ਼ੰਕਰ ਸਿੰਘ ਨੂੰ ਸੰਬੋਧਨ ਕਰਦਿਆਂ ਪੱਤਰ ਵਿੱਚ ਰਾਏ ਨੇ ਕਿਹਾ ਕਿ ਟਰੱਕਾਂ/ਗੱਡੀਆਂ ਨੂੰ ਦਿੱਲੀ ਹੱਦ ’ਤੇ ਪਹੁੰਚਣ ਤੋਂ ਪਹਿਲਾਂ ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈਸਵੇਅ ਤੋਂ ਉਨ੍ਹਾਂ ਦੇ ਐਂਟਰੀ ਪੁਆਇੰਟਾਂ ’ਤੇ ਮੋੜਿਆ ਜਾਵੇ। ਉਨ੍ਹਾਂ ਨੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਐਂਟਰੀ ਪੁਆਇੰਟਾਂ ’ਤੇ ਵਾਧੂ ਇਨਫੋਰਸਮੈਂਟ ਟੀਮਾਂ ਤਾਇਨਾਤ ਕਰਨ ਦਾ ਸੁਝਾਅ ਦਿੱਤਾ।