ਨਕਲੀ ਸ਼ਰਾਬ ਦੇ ਹਾਦਸੇ ਨਾਲ ਜੁੜੇ ਅਹਿਮ ਸੁਆਲ
ਡਾ. ਸਸ ਛੀਨਾ
ਪੰਜਾਬ ਵਿਚ ਨਕਲੀ ਸ਼ਰਾਬ ਦੀ ਵਿਕਰੀ ਤੋਂ ਬਾਅਦ ਹੋਇਆ ਦੁਖਾਂਤ ਕੋਈ ਪਹਿਲਾ ਦੁਖਾਂਤ ਨਹੀਂ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਕਈ ਵਾਰ ਹੋਇਆ ਹੈ। ਹੁਣ ਜਦਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਵਿਚ ਇਹ ਦੁਖਾਂਤ ਵਾਪਰਿਆ ਹੈ ਤਾਂ ਇਸ ਗੱਲ ਤੋਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਨਕਲੀ ਸ਼ਰਾਬ ਦੀ ਵਿਕਰੀ ਸਿਰਫ਼ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਹੁੰਦੀ ਹੋਵੇਗੀ, ਬਲਕਿ ਇਹ ਹੋਰਨਾਂ ਥਾਵਾਂ ਤੇ ਵੀ ਹੁੰਦੀ ਹੋਵੇਗੀ ਕਿਉਂ ਜੋ ਗ਼ੈਰਕਾਨੂੰਨੀ ਸ਼ਰਾਬ ਦੇ ਕੇਸ ਹਰ ਜ਼ਿਲ੍ਹੇ ਵਿਚੋਂ ਹੀ ਮਿਲਦੇ ਰਹਿੰਦੇ ਹਨ। ਨਾ ਇਹ ਨਕਲੀ ਸ਼ਰਾਬ ਸਿਰਫ਼ ਪੰਜਾਬ ਵਿਚ ਹੀ ਬਣਦੀ ਹੋਵੇਗੀ, ਸਗੋਂ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਵੀ ਬਣਦੀ ਤੇ ਵਿਕਦੀ ਹੋਵੇਗੀ। ਲੋੜ ਬਣਦੀ ਹੈ ਕਿ ਉਨ੍ਹਾਂ ਕਾਰਨਾਂ ਦੀ ਡੂੰਘਾਈ ਵਿਚ ਜਾਇਆ ਜਾਵੇ ਕਿ ਇਸ ਤਰ੍ਹਾਂ ਦੇ ਦੁਖਾਂਤ ਕਿਉਂ ਵਾਪਰਦੇ ਹਨ। ਇਸ ਦੁਖਾਂਤ ਬਾਰੇ ਭਾਵੇ ਆਮ ਜਨਤਾ ਨੂੰ ਤਾਂ ਕੁਝ ਦਨਿਾਂ ਬਾਅਦ ਭੁੱਲ ਜਾਵੇ ਪਰ ਉਨ੍ਹਾਂ ਪਰਿਵਾਰ ਨੂੰ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਹੈ, ਉਹ ਕਦੀ ਵੀ ਨਹੀਂ ਭੁੱਲ ਸਕਦਾ।
ਕੁਝ ਪ੍ਰਾਂਤਾਂ ਵਿਚ ਸ਼ਰਾਬਬੰਦੀ ਹੈ ਪਰ ਜ਼ਿਆਦਾਤਰ ਪ੍ਰਾਂਤਾਂ ਵਿਚ ਨਹੀਂ ਅਤੇ ਉਨ੍ਹਾਂ ਪ੍ਰਾਂਤਾਂ ਵਿਚ ਸਰਕਾਰ ਦੀ ਇਜਾਜ਼ਤ ਨਾਲ ਸ਼ਰਾਬ ਦੀਆਂ ਦੁਕਾਨਾਂ (ਠੇਕਿਆਂ) ਉੱਤੇ ਉਸ ਦੀ ਵਿਕਰੀ ਨਿਰਧਾਰਤ ਕੀਮਤ ਤੇ ਹੁੰਦੀ ਹੈ। ਜ਼ਿਆਦਾਤਰ ਪ੍ਰਾਂਤਾਂ ਵਿਚ ਸ਼ਰਾਬ ਬਣਾਉਣ ਦੇ ਕਾਰਖਾਨੇ ਚਲ ਰਹੇ ਹਨ। ਸ਼ਰਾਬ ਦੀ ਹਰ ਬੋਤਲ ਤੇ ਭਾਵੇਂ ਇਹ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਇਸ ਦੀ ਵਿਕਰੀ ਦੀ ਇਜਾਜ਼ਤ ਹੈ। ਹਰ ਧਰਮ ਵਿਚ ਭਾਵੇਂ ਨਸ਼ਿਆਂ ਦੀ ਮਨਾਹੀ ਹੈ ਪਰ ਪੁਰਾਣੇ ਸਮਿਆਂ ਤੋਂ ਹੀ ਨਸ਼ਿਆਂ ਦੀ ਵਰਤੋਂ ਦੇ ਸਬੂਤ ਮਿਲਦੇ ਹਨ। ਅੱਜਕੱਲ੍ਹ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਜ਼ਿਆਦਾਤਰ ਦੇਸ਼ਾਂ ਵਿਚ ਸ਼ਰਾਬ ਦੀ ਵਿਕਰੀ ਦੀ ਸਰਕਾਰ ਵੱਲੋਂ ਖੁੱਲ੍ਹ ਹੈ, ਭਾਵੇਂ ਉਹ ਵਿਕਸਤ ਦੇਸ਼ ਹਨ ਜਾਂ ਗ਼ੈਰ ਵਿਕਸਤ। ਉਂਜ ਵਿਕਸਤ ਦੇਸ਼ਾਂ ਵਿਚ ਸ਼ਰਾਬ ਦੀ ਵਿਕਰੀ ਜ਼ਿਆਦਾ ਹੈ ਪਰ ਗ਼ੈਰ ਵਿਕਸਤ ਦੇਸ਼ਾਂ ਵਿਚ ਗ਼ੈਰਕਾਨੂੰਨੀ ਸ਼ਰਾਬ ਅਤੇ ਹੋਰ ਨਸ਼ਿਆ ਦਾ ਵਪਾਰ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਹੈ, ਜਿਸ ਦੀ ਇਕ ਵਜ੍ਹਾ ਗ਼ੈਰਕਾਨੂੰਨੀ ਨਸ਼ਿਆਂ ਦਾ ਸਸਤੀ ਕੀਮਤ ਤੇ ਮਿਲ ਜਾਣਾ ਹੈ ਅਤੇ ਇਸ ਦੇ ਵਪਾਰੀ ਲਾਭ ਕਮਾ ਰਹੇ ਹਨ।
1980ਵਿਆਂ ਦੇ ਸ਼ੁਰੂ ਵਿਚ ਦੁਨੀਆਂ ਦੀਆਂ ਅਖ਼ਬਾਰਾਂ ਵਿਚ ਇਕ ਨਾਂ ‘ਬਾਰਬਾਈ’ ਬਹੁਤ ਚਰਚਿਤ ਹੋਇਆ ਸੀ, ਜਿਹੜਾ ਜਰਮਨੀ ਵਿਚ ਬਹੁਤ ਸਾਰੇ ਜੰਗੀ ਜੁਰਮਾਂ ਲਈ ਦੋਸ਼ੀ ਸੀ, ਪਰ ਉਹ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਪਹਿਲਾਂ ਹੀ ਭੱਜ ਕੇ ਬੋਲੀਵੀਆ ਪਹੁੰਚ ਗਿਆ ਜਿੱਥੇ ਉਸ ਨੇ ਆਪਣਾ ਨਾਂ ਬਦਲ ਕੇ ਗ਼ੈਰਕਾਨੂੰਨੀ ਨਸ਼ਿਆਂ ਦਾ ਵੱਡਾ ਵਪਾਰ ਸ਼ੁਰੂ ਕੀਤਾ ਸੀ ਅਤੇ ਬਹੁਤ ਜ਼ਿਆਦਾ ਧਨ ਕਮਾਇਆ। ਇਹ ਵੀ ਕਿਹਾ ਜਾਂਦਾ ਸੀ ਕਿ ਬੋਲੀਵੀਆ ਵਿਚ ਜਿਹੜੀਆਂ 25 ਸਾਲਾਂ ਵਿਚ ਵੱਖ ਵੱਖ ਸਮਿਆਂ ਤੇ 20 ਸਰਕਾਰਾਂ ਬਦਲੀਆਂ ਸਨ, ਉਨ੍ਹਾਂ ਵਿਚ ਉਸ ਦੀ ਵੱਡੀ ਭੂਮਿਕਾ ਸੀ ਅਤੇ ਪੈਸੇ ਦੇ ਜ਼ੋਰ ਨਾਲ ਉਹ ਇੰਨਾ ਪ੍ਰਭਾਵਸ਼ਾਲੀ ਬਣ ਗਿਆ ਸੀ ਪਰ ਅਖ਼ੀਰ ਉਸ ਦੀ ਪਛਾਣ ਹੋ ਗਈ ਅਤੇ ਦੋਸ਼ਾਂ ਅਧੀਨ ਉਸ ਨੂੰ ਫੜ ਕੇ ਫਰਾਂਸ ਲਿਆਂਦਾ ਗਿਆ। ਇਸ ਤਰ੍ਹਾਂ ਦੀ ਸਥਿਤੀ ਹੀ ਹੋਰ ਘੱਟ ਵਿਕਸਤ ਦੇਸ਼ਾਂ ਵਿਚ ਹੈ, ਜਿੱਥੇ ਇਸ ਤਰ੍ਹਾਂ ਦੇ ਗ਼ੈਰਕਾਨੂੰਨੀ ਨਸ਼ੇ ਵੇਚਣ ਵਾਲੇ ਬਹੁਤ ਪ੍ਰਭਾਵਸ਼ਾਲੀ ਬਣ ਜਾਂਦੇ ਹਨ ਪਰ ਇਨ੍ਹਾਂ ਦੇ ਵਪਾਰ ਦੀ ਸਮਾਜ ਨੂੰ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਹੈ।
ਨਸ਼ਿਆਂ ਜਾਂ ਖਾਸ ਕਰ ਕੇ ਸ਼ਰਾਬ ਦੇ ਵਪਾਰ ਅਤੇ ਇਸ ਦੀ ਵਰਤੋਂ ਨੂੰ ਧਿਆਨ ਵਿਚ ਰੱਖਦੇ ਹੋਏ ਕੌਮਾਂਤਰੀ ਤਜਰਬੇ ਨੂੰ ਜ਼ਰੂਰ ਸਾਹਮਣੇ ਰੱਖਣਾ ਚਾਹੀਦਾ ਹੈ। ਹਰ ਉਹ ਵਸਤੂ ਖਰੀਦੀ ਜਾਂਦੀ ਹੈ, ਜਿਸ ਦੀ ਉਪਯੋਗਤਾ ਜਾਂ ਤੁਸ਼ਟੀਗੁਣ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਸ਼ਰਾਬ ਦੀ ਵਿਕਰੀ ਹੁੰਦੀ ਹੈ ਅਤੇ ਸਰਕਾਰਾਂ ਲਈ ਇਹ ਆਮਦਨ ਦਾ ਵੱਡਾ ਸਾਧਨ ਹੈ।
ਸਾਰੇ ਹੀ ਨਸ਼ੇ, ਜਿਨ੍ਹਾਂ ਵਿਚ ਸ਼ਰਾਬ ਵੀ ਸ਼ਾਮਲ ਹੈ, ਉਨ੍ਹਾਂ ਦੀ ਵਰਤੋਂ ਦੇ ਕਈ ਕਾਰਨ ਹਨ; ਜਿਵੇਂ ਮਨੋਰੰਜਨ, ਨਿਰਾਸ਼ਾ, ਬੇਰੁਜ਼ਗਾਰੀ, ਮਾਨਸਿਕ ਬੋਝ ਆਦਿ। ਜੇ ਇਨ੍ਹਾਂ ਕਾਰਨਾਂ ਨੂੰ ਇਕਤਰਫ਼ ਰੱਖ ਕੇ ਸਿਰਫ਼ ਇਸ ਨਕਲੀ ਸ਼ਰਾਬ ਦੀ ਖਰੀਦ ਤੇ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਇਸ ਦਾ ਇਕ ਅਤੇ ਸਿਰਫ ਇਕ ਹੀ ਕਾਰਨ ਇਸ ਦਾ ਸਸਤਾ ਹੋਣਾ ਹੈ। ਸ਼ਰਾਬ ਦੇ ਉਤਪਾਦਨ ਤੇ ਭਾਵੇਂ ਬਹੁਤ ਘੱਟ ਲਾਗਤ ਹੁੰਦੀ ਹੈ ਪਰ ਇਸ ਤੇ ਲਾਏ ਟੈਕਸ ਉਸ ਦੀ ਉਤਪਾਦਨ ਲਾਗਤ ਤੋਂ ਵੀ ਦੋ-ਤਿੰਨ ਗੁਣਾ ਜ਼ਿਆਦਾ ਲਗਾ ਦਿੱਤੇ ਜਾਂਦੇ ਹਨ, ਜਿਹੜੇ ਸਰਕਾਰ ਦੀ ਆਮਦਨ ਵਧਾਉਣ ਦੀ ਖਾਤਰ ਲਾਏ ਜਾਂਦੇ ਹਨ। ਇਸ ਬਦਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਗਿਆ ਕਿ ਜੇ ਸ਼ਰਾਬ ਨੂੰ ਆਮ ਵਿਅਕਤੀ ਦੀ ਪਹੁੰਚ ਵਿਚ ਕਰ ਦਿੱਤਾ ਜਾਵੇ ਤਾਂ ਇਸ ਨਾਲ ਇਸ ਤੋਂ ਸਰਕਾਰ ਦੀ ਆਮਦਨ ਵੀ ਵਧ ਸਕਦੀ ਹੈ ਅਤੇ ਨਕਲੀ ਸ਼ਰਾਬ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵ, ਸਰਕਾਰੀ ਤੌਰ ਤੇ ਅਧਿਕਾਰਤ ਵਿਕਰੀ ਵਾਲੀ ਸ਼ਰਾਬ ਤੋਂ ਘੱਟ ਹੋਣਗੇ। ਪਿਛਲੇ ਸਮਿਆਂ ਵਿਚ ਸ਼ਰਾਬ ਦੀ ਕੀਮਤ ਵਿਚ ਜਿਹੜਾ ਅੰਧਾਧੁੰਦ ਵਾਧਾ ਕੀਤਾ ਗਿਆ ਹੈ, ਉਹ ਹੋਰ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਦੇ ਹੋਏ ਅਨੁਪਾਤਕ ਵਾਧੇ ਤੋਂ ਕਿਤੇ ਜ਼ਿਆਦਾ ਹੈ ਅਤੇ ਇਸ ਤਰ੍ਹਾਂ ਹੀ ਉਹ ਉਨ੍ਹਾਂ ਉਜਰਤਾਂ ਦੇ ਹੋਏ ਅਨੁਪਾਤਕ ਵਾਧੇ ਤੋਂ ਵੀ ਕਿਤੇ ਜ਼ਿਆਦਾ ਹੈ। ਕੀਮਤਾਂ ਦੇ ਵਾਧੇ ਦੇ ਕਾਰਨਾਂ ਨੂੰ ਨਾ ਮੰਨਣਾ, ਇਸ ਮੁੱਦੇ ਦੇ ਅਸਲ ਕਾਰਨ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ।
ਇਹ ਵੀ ਸਚਾਈ ਹੈ ਕਿ ਦੁਨੀਆਂ ਭਰ ਵਿਚ ਸ਼ਰਾਬ ਨਾ ਪੀਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਪਰ ਜਿਹੜੀਆਂ ਬੋਤਲਾਂ ਤੇ ਇਹ ਲਿਖੇ ਹੋਣ ਤੋਂ ਕਿ ਇਸ ਦੀ ਵਰਤੋਂ ਸਰੀਰ ਲਈ ਹਾਨੀਕਾਰਕ ਹੈ, ਉਸ ਦੀ ਜਗ੍ਹਾ ਨਕਲੀ ਸ਼ਰਾਬ, ਜਿਸ ਦੇ ਹਾਨੀਕਾਰਕ ਪ੍ਰਭਾਵ ਕਿਤੇ ਜ਼ਿਆਦਾ ਹਨ, ਉਸ ਨੂੰ ਧਿਆਨ ਵਿਚ ਨਾ ਲਿਆਉਣਾ ਕਿਵੇਂ ਯੋਗ ਹੈ? ਭਾਰਤ ਵਿਚ ਵੀ ਸ਼ਰਾਬ ਨਾ ਪੀਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੰਜਾਬ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਹੈ, ਉੱਥੇ ਵੀ ਸ਼ਰਾਬ ਪੀਣ ਵਾਲਿਆਂ ਨਾਲੋਂ ਨਾ ਪੀਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜੇ ਸ਼ਰਾਬ ਦੇ ਸੇਵਨ ਨਾਲ ਤੁਸ਼ਟੀਗੁਣ ਜਾਂ ਉਪਯੋਗਤਾ ਮਿਲਦੀ ਹੈ ਤਾਂ ਇਕ ਵਿਅਕਤੀ ਨੂੰ ਇਹ ਤੁਸ਼ਟੀਗੁਣ ਪ੍ਰਾਪਤ ਕਰਨ ਲਈ ਉਸ ਦੀ ਪਹੁੰਚ ਹੈ, ਨਾਲ ਹੀ ਤੁਸ਼ਟੀਗੁਣ ਦੂਸਰੇ ਲਈ ਵੀ ਲੋੜੀਂਦਾ ਹੋਵੇਗਾ ਪਰ ਸ਼ਰਾਬ ਦੀ ਕੀਮਤ ਬਹੁਤ ਉੱਚੀ ਹੋਣ ਕਰ ਕੇ ਜੇ ਇਕ, ਇਸ ਨੂੰ ਪ੍ਰਾਪਤ ਕਰ ਸਕਦਾ ਹੈ ਤਾਂ ਦੂਸਰਾ ਇਸ ਤੁਸ਼ਟੀਗੁਣ ਨੂੰ ਪ੍ਰਾਪਤ ਕਰਨ ਲਈ ਗ਼ੈਰਕਾਨੂੰਨੀ ਅਤੇ ਨਕਲੀ ਸ਼ਰਾਬ ਦੀ ਵਰਤੋਂ ਕਰਦਾ ਹੈ, ਜਿਸ ਦੇ ਮਗਰ ਉਸ ਦਾ ਇਕ ਹੀ ਕਾਰਨ ਉਸ ਦਾ ਸਸਤਾ ਹੋਣਾ ਹੈ। ਇਸ ਲਈ ਜਾਂ ਤਾਂ ਸ਼ਰਾਬ ਦੀ ਹਰ ਇਕ ਲਈ ਮਨਾਹੀ ਹੋਵੇ ਪਰ ਜੇ ਇਸ ਦੀ ਖੁੱਲ੍ਹ ਹੈ ਤਾਂ ਉਨ੍ਹਾਂ ਲੋਕਾਂ ਦੀ ਪਹੁੰਚ ਵੀ ਇਸ ਤੱਕ ਹੋਣੀ ਚਾਹੀਦੀ ਹੈ, ਜਿਹੜੇ ਆਪਣੀ ਆਰਥਿਕ ਪਹੁੰਚ ਨਾ ਹੋਣ ਕਰ ਕੇ ਇਸ ਨਕਲੀ ਸ਼ਰਾਬ ਖਰੀਦਣ ਲਈ ਮਜਬੂਰ ਹਨ।
ਭਾਰਤ ਦੇ ਕਈ ਪ੍ਰਾਂਤਾਂ ਵਿਚ ਸਮੇਂ ਸਮੇਂ ਸ਼ਰਾਬਬੰਦੀ ਕੀਤੀ ਗਈ, ਕਈਆਂ ਵਿਚ ਹੁਣ ਵੀ ਚੱਲ ਰਹੀ ਹੈ, ਫਿਰ ਵੀ ਨਕਲੀ ਅਤੇ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਇਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ ਵਿਚ ਸ਼ਰਾਬ ਦੀ ਸਮਗਲਿੰਗ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ। ਕੁਝ ਸਮਾਂ ਪਹਿਲਾਂ ਹਰਿਆਣਾ ਵਿਚ ਸ਼ਰਾਬ ਦੀ ਪੂਰਨ ਮਨਾਹੀ ਕਰ ਦਿੱਤੀ ਗਈ ਸੀ, ਪਰ ਬਹੁਤ ਸਾਰੇ ਉਹ ਕੇਸ ਸਾਹਮਣੇ ਆਏ ਕਿ ਪੰਜਾਬ ਤੋਂ ਸ਼ਰਾਬ ਲਿਜਾ ਕੇ ਹਰਿਆਣੇ ਵਿਚ ਵਿਕਦੀ ਰਹੀ। ਇਹ ਰਿਪੋਰਟਾਂ ਵੀ ਹਨ ਕਿ ਜੇ ਇਕ ਪ੍ਰਾਂਤ ਜਾਂ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਸ਼ਰਾਬ ਸਸਤੀ ਹੈ ਤਾਂ ਉੱਥੋਂ ਖਰੀਦ ਕੇ ਦੂਸਰੇ ਪ੍ਰਾਂਤਾਂ ਵਿਚ ਉਸ ਦੀ ਗ਼ੈਰਕਾਨੂੰਨੀ ਵਿਕਰੀ ਕੀਤੀ ਜਾਂਦੀ ਹੈ।
ਸ਼ਰਾਬ ਦੀ ਵਿਕਰੀ ਸਬੰਧੀ ਕੌਮਾਂਤਰੀ ਤਜਰਬੇ ਅਤੇ ਜ਼ਮੀਨੀ ਹਕੀਕਤਾਂ ਨੂੰ ਜ਼ਰੂਰ ਸਾਹਮਣੇ ਰੱਖਣਾ ਚਾਹੀਦਾ ਹੈ। ਦੁਨੀਆਂ ਭਰ ਵਿਚ ਸ਼ਰਾਬ ਨੂੰ ਨਿਯਮਤ ਕਰ ਕੇ ਸਰਕਾਰੀ ਨਿਗਰਾਨੀ ਅਧੀਨ ਵੇਚਿਆ ਜਾਂਦਾ ਹੈ। ਟੈਕਸਾਂ ਦੀ ਦਰ ਵਿਕਸਤ ਦੇਸ਼ਾਂ ਵਿਚ ਘੱਟ ਹੈ, ਸ਼ਾਇਦ ਉਨ੍ਹਾਂ ਕੋਲ ਆਮਦਨ ਦੇ ਹੋਰ ਸਾਧਨ ਕਾਫ਼ੀ ਹਨ, ਉੱਥੇ ਸ਼ਰਾਬ ਸਸਤੀ ਹੋਣ ਕਰਕੇ ਨਕਲੀ ਸ਼ਰਾਬ ਅਤੇ ਇਸ ਤਰ੍ਹਾਂ ਦੇ ਹਾਦਸੇ ਬਹੁਤ ਘੱਟ ਹਨ। ਇੱਥੋਂ ਤੱਕ ਕਿ ਕੁਦਰਤੀ ਪਦਾਰਥਾਂ ਦੇ ਆਧਾਰ ਤੇ ਕਈ ਦੇਸ਼ਾਂ ਵਿਚ ਘਰਾਂ ਵਿਚ ਵੀ ਸ਼ਰਾਬ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ।
ਜੇ ਉਨ੍ਹਾਂ ਨਕਲੀ ਸ਼ਰਾਬ ਪੀਣ ਵਾਲਿਆਂ ਦੇ ਸਮਾਜਿਕ ਅਤੇ ਆਰਥਿਕ ਪਿਛੋਕੜ ਨੂੰ ਵੇਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਦਿਹਾੜੀਦਾਰ ਕਿਰਤੀ ਜਾਂ ਗ਼ਰੀਬ ਵਰਗ ਦੇ ਲੋਕ ਹਨ, ਜਿਹੜੇ ਉਸ ਦੇ ਤੁਸ਼ਟੀਗੁਣ ਨੂੰ ਪ੍ਰਾਪਤ ਕਰਨ ਲਈ ਸ਼ਰਾਬ ਨੂੰ ਖਰੀਦਦੇ ਹਨ, ਜਿਹੜੇ ਆਪਣੀ ਪਹੁੰਚ ਅਨੁਸਾਰ ਮਹਿੰਗੀ ਸ਼ਰਾਬ ਖਰੀਦਣ ਦੀ ਸ਼ਕਤੀ ਨਹੀਂ ਰੱਖਦੇ ਹਨ।
ਨਕਲੀ ਸ਼ਰਾਬ ਦੀ ਵਿਕਰੀ ਹੋਵੇ ਜਾਂ ਦੂਸਰੀ ਸ਼ਰਾਬ ਦੀ, ਦੋਵਾਂ ਦੀ ਵਰਤੋਂ ਹਾਨੀਕਾਰਕ ਹੈ ਜਿਸ ਤਰ੍ਹਾਂ ਹੋਰ ਨਸ਼ਿਆਂ ਦੀ ਵਰਤੋਂ ਹਾਨੀਕਾਰਕ ਹੈ ਪਰ ਤੁਲਨਾਤਮਿਕ ਨੁਕਸਾਨ ਨੂੰ ਘਟਾਉਣ ਲਈ ਇਹੋ ਜਿਹੀ ਸਥਿਤੀ ਜ਼ਰੂਰੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਨਕਲੀ ਸ਼ਰਾਬ ਵਰਤਣ ਦੀ ਲੋੜ ਨਾ ਰਹੇ। ਇਸ ਦੇ ਨਾਲ ਹੀ ਉਹ ਢੰਗ ਅਪਣਾਏ ਜਾਣ ਜਿਸ ਨਾਲ ਇਸ ਹਾਨੀਕਾਰਕ ਸ਼ਰਾਬ ਦੀ ਵਿਕਰੀ ਸੰਭਵ ਹੀ ਨਾ ਹੋਵੇ। ਉਨ੍ਹਾਂ ਤਰੀਕਿਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਉਹੋ ਜਿਹਾ ਵਾਤਾਵਰਨ ਬਣੇ ਕਿ ਸ਼ਰਾਬ ਨਾ ਪੀਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾਵੇ ਪਰ ਤੁਲਨਾਤਮਿਕ ਨੁਕਸਾਨ ਨੂੰ ਘਟਾਉਣ ਦੀ ਖਾਤਰ ਕੌਮਾਂਤਰੀ ਪੱਧਰ ਦੇ ਇਸ ਮਾਡਲ ਨੂੰ ਵੀ ਸਾਹਮਣੇ ਰੱਖਿਆ ਜਾਵੇ। .