For the best experience, open
https://m.punjabitribuneonline.com
on your mobile browser.
Advertisement

ਝੋਨੇ ਦੇ ਸਫਲ ਮੰਡੀਕਰਨ ਸਬੰਧੀ ਜ਼ਰੂਰੀ ਨੁਕਤੇ

10:49 AM Oct 21, 2023 IST
ਝੋਨੇ ਦੇ ਸਫਲ ਮੰਡੀਕਰਨ ਸਬੰਧੀ ਜ਼ਰੂਰੀ ਨੁਕਤੇ
Advertisement

ਡਾ. ਮਨਮੀਤ ਮਾਨਵ*

Advertisement

ਦੇਸ਼ ਦਾ ਸਿਰਫ਼ 1.53 ਫ਼ੀਸਦੀ ਭੂਗੋਲਿਕ ਖੇਤਰ ਵਾਲਾ ਪੰਜਾਬ ਰਾਜ ਦੇਸ਼ ਦੇ ਅੰਨ ਭੰਡਾਰ ਵਿੱਚ ਝੋਨੇ ਦਾ 21.6 ਫ਼ੀਸਦੀ ਹਿੱਸਾ ਪਾਉਂਦਾ ਹੈ (ਸਾਲ 2022 ਅਨੁਸਾਰ)। ਸਾਉਣੀ ਸੀਜਨ 2023 ਦੌਰਾਨ ਪੰਜਾਬ ਵਿੱਚ ਝੋਨੇ ਦਾ ਕੁੱਲ ਰਕਬਾ 31.99 ਲੱਖ ਹੈਕਟੇਅਰ ਹੈ ਜਿਸ ਤੋਂ 208.89 ਲੱਖ ਟਨ ਪੈਦਾਵਾਰ ਹੋਣ ਦਾ ਅੰਦਾਜ਼ਾ ਹੈ। ਬਾਸਮਤੀ ਅਧੀਨ 5.96 ਲੱਖ ਹੈਕਟੇਅਰ ਰਕਬਾ ਹੈ। ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰ ਕਿਸਾਨ ਦਾ ਸੁਫ਼ਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫ਼ਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਹੁਣ ਝੋਨੇ ਦੇ ਮੰਡੀਕਰਨ ਦਾ ਸਮਾਂ ਆ ਗਿਆ ਹੈ ਤਾਂ ਫ਼ਸਲ ਦਾ ਵਾਜ਼ਬ ਮੁੱਲ ਪਾਉਣ ਲਈ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਲਈ ਕੁੱਝ ਨੁਕਤੇ, ਸੁਝਾਅ ਅਤੇ ਮਾਪਦੰਡ ਸਾਂਝੇ ਕਰਦੇ ਹਾਂ ਜੋ ਫ਼ਸਲ ਦੇ ਸਫ਼ਲਤਾਪੂਰਵਕ ਮੰਡੀਕਰਨ ਲਈ ਸਹਾਈ ਹੋਣਗੇ। ਪੰਜਾਬ ਸਰਕਾਰ ਨੇ ਖਰੀਫ਼ ਸੀਜਨ 2023-24 ਲਈ ਝੋਨੇ ਦੇ ‘ਏ ਗ੍ਰੇਡ’ ਲਈ 2203 ਰੁਪਏ ਪ੍ਰਤੀ ਕੁਇੰਟਲ ਅਤੇ ‘ਆਮ ਗ੍ਰੇਡ’ (Common grade) ਲਈ 2183 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਨਿਸ਼ਚਿਤ ਕਰ ਕੇ ਪਿਛਲੇ ਸਾਲ ਨਾਲੋਂ 143 ਰੁਪਏ ਵਾਧਾ ਕੀਤਾ ਹੈ। ਮੰਡੀਆਂ ਵਿੱਚ ਖ਼ਰੀਦ ਦੀ ਪ੍ਰਕਿਰਿਆ 1 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਸੀਜਨ ਦੌਰਾਨ 182.00 ਲੱਖ ਮੀਟਰਕ ਟਨ ਦੀ ਖ਼ਰੀਦ ਲਈ ਵੱਖ-ਵੱਖ ਖ਼ਰੀਦ ਏਜੰਸੀਆਂ (ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰ ਹਾਊਸ, ਐਫਸੀਆਈ) ਨੂੰ ਟੀਚੇ ਨਿਰਧਾਰਿਤ ਕਰ ਦਿੱਤੇ ਗਏ ਹਨ।

ਮੰਡੀਕਰਨ ਨੂੰ ਸਫ਼ਲ ਬਣਾਉਣ ਲਈ ਕੁੱਝ ਜ਼ਰੂਰੀ ਸੁਝਾਅ-

ਪੋਰਟਲ ’ਤੇ ਰਜਿਸਟ੍ਰੇਸ਼ਨ: ਸੁਚਾਰੂ ਮੰਡੀਕਰਨ ਲਈ ਸਭ ਤੋਂ ਪਹਿਲਾਂ ਅਨਾਜ ਖ਼ਰੀਦ ਪੋਰਟਲ (https:/anaajkharid.in) ’ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੈ। ਕਿਉਂਕਿ ਨਵੇਂ ਨਿਯਮਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖ਼ਰੀਦ ਜ਼ਮੀਨੀ ਰਕਬੇ ਦੇ ਆਧਾਰ ’ਤੇ ਕੀਤੀ ਜਾਣੀ ਹੈ, ਇਸ ਲਈ e-mandikaran site ਤੇ ‘ਆੜ੍ਹਤੀਆ ਲੈਂਡ ਮੈਪਿੰਗ ਪੋਰਟਲ’ ਉੱਤੇ ਆੜਤੀਆਂ ਰਾਹੀਂ ਜ਼ਮੀਨ ਦੀ ਮੈਪਿੰਗ ਕਰਵਾ ਕੇ ਫਾਰਮਰ ਆਈਡੀ ਨਾਲ ਲਿੰਕ ਕਰਵਾ ਲਿਆ ਜਾਵੇ ਤਾਂ ਜੋ ਰਕਬੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦਾ ਫ਼ਾਇਦਾ ਲਿਆ ਜਾ ਸਕੇ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਨ੍ਹਾਂ ਪੋਰਟਲਜ਼ ’ਤੇ ਕਿਸਾਨਾਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ। ਜੇਕਰ ਕਿਸੇ ਕਿਸਾਨ ਵੱਲੋਂ ਕਿਸੇ ਜ਼ਮੀਨ ਦਾ ਇੰਦਰਾਜ਼ ਕਰਵਾਉਣਾ ਜਾਂ ਅਪਡੇਟ ਕਰਵਾਉਣਾ ਹੋਵੇ ਉਹ ਵੀ ਮੰਡੀ ਵਿੱਚ ਜਿਣਸ ਵੇਚਣ ਤੋਂ ਪਹਿਲਾਂ ਕਰਵਾ ਲਿਆ ਜਾਵੇ ਕਿਉਂਕਿ ਇੱਕ ਵਾਰ ਫ਼ਸਲ ਵਿਕਣ ਤੋਂ ਬਾਅਦ ਇਹ ਵੇਰਵੇ ਦਰੁਸਤ ਕਰਵਾਉਣਾ ਸੰਭਵ ਨਹੀਂ ਹੈ। ਇਸ ਪੋਰਟਲ ਰਾਹੀਂ ਹੀ ਜੇ-ਫਾਰਮ ਅਤੇ ਜਿਣਸ ਦੀ ਸਿੱਧੀ ਅਦਾਇਗੀ ਪ੍ਰਾਪਤ ਹੋਵੇਗੀ।
ਫ਼ਸਲ ਦੀ ਕਟਾਈ ਲਈ ਸੁਝਾਅ: ਸਮੇਂ ਸਿਰ ਅਤੇ ਸੌਖੇ ਮੰਡੀਕਰਨ ਲਈ ਉਤਪਾਦਕਾਂ ਨੂੰ ਜਿਣਸ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ (ਬੀਜ ਗੁਣਵੱਤਾ, ਬਿਜਾਈ ਦਾ ਸਮਾਂ, ਖਾਦਾਂ ਦੀ ਮਾਤਰਾ, ਪਾਣੀ ਦੀ ਮਾਤਰਾ, ਮਿੱਟੀ ਦੀ ਸਿਹਤ, ਕਟਾਈ ਦਾ ਸਮਾਂ) ਨੂੰ ਸਮਝਣਾ ਅਤਿ ਜ਼ਰੂਰੀ ਹੈ। ਹੁਣ ਜਦੋਂਕਿ ਕਟਾਈ ਦਾ ਸਮਾਂ ਨਜ਼ਦੀਕ ਹੈ ਤਾਂ ਕਿਸਾਨਾਂ ਨੂੰ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਕੀਤੀ ਕਟਾਈ ਫ਼ਸਲ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਟਾਈ ਸਮੇਂ ਦਾਣੇ ਨੀਚੇ ਤੋਂ ਉੱਪਰ ਤੱਕ ਸਾਰੇ ਇਕਸਾਰ ਸੁੱਕੇ ਹੋਣ, ਉਨ੍ਹਾਂ ਵਿੱਚ ਨਮੀ ਦਾ ਮਾਤਰਾ 17 ਫ਼ੀਸਦੀ ਤੋਂ ਵੱਧ ਨਾ ਹੋਵੇ, ਝੋਨਾ ਨਿਸਰਨ ਤੋਂ ਕਟਾਈ ਤੱਕ ਦਾ ਸਮਾਂ ਘੱਟ ਤੋਂ ਘੱਟ 35 ਦਿਨਾਂ ਦਾ ਹੋਵੇ, ਪੱਤਿਆਂ ਦਾ ਰੰਗ ਭੂਰੇ ਵੱਲ ਹੋਵੇ। ਸਮੇਂ ਤੋਂ ਪਹਿਲਾਂ ਕੀਤੀ ਕਟਾਈ ਨਾਲ ਦਾਣਿਆਂ ਵਿੱਚ ਕੱਚਾਪਣ, ਟੁੱਟ ਭੱਜ, ਵੱਧ ਨਮੀ ਅਤੇ ਬਿਮਾਰੀਆਂ ਦੀ ਆਮਦ ਦਾ ਖ਼ਤਰਾ ਰਹਿੰਦਾ ਹੈ। ਦੇਰੀ ਨਾਲ ਕੀਤੀ ਕਟਾਈ ਕਾਰਨ ਦਾਣੇ ਫਟਣ ਅਤੇ ਬਿਖਰਣ ਨਾਲ ਚੂਹਿਆਂ, ਪੰਛੀਆਂ, ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵਧ ਸਕਦਾ ਹੈ। ਸਿੱਲੇ ਮੌਸਮ, ਜਲਦ ਸਵੇਰੇ ਅਤੇ ਦੇਰ ਸ਼ਾਮ ਨੂੰ ਕਟਾਈ ਨਾ ਕੀਤੀ ਜਾਵੇ ਜਿਸ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵਧ ਸਕਦੀ ਹੈ।
ਗੁਣਵੱਤਾ ਮਾਪਦੰਡਾਂ ਦੀ ਪੂਰਤੀ: ਜਿਣਸ ਦਾ ਉੱਚ ਵਪਾਰਕ ਮੁੱਲ ਲੈਣ ਲਈ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਵੱਲੋਂ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਅਪਣੇ ਪੱਧਰ ’ਤੇ ਜਿਣਸ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ। ਜਿਣਸ ਪੂਰੀ ਤਰ੍ਹਾਂ ਸੁੱਕੀ, ਸਾਫ਼ ਸਵੱਛ, ਦਾਣਿਆਂ ਦੇ ਰੰਗ ਅਤੇ ਆਕਾਰ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਗੰਧ, ਉੱਲੀ, ਕੀੜਿਆਂ ਅਤੇ ਅਸ਼ੁੱਧੀਆਂ ਤੋਂ ਰਹਿਤ ਹੋਣੀ ਚਾਹੀਦੀ ਹੈ। ਨਿਰਧਾਰਿਤ ਮਾਪਦੰਡਾਂ ਅਨੁਸਾਰ ਜਿਣਸ ਵਿੱਚ ਅਜੈਵਿਕ ਅਸ਼ੁੱਧੀਆਂ (1 ਫ਼ੀਸਦੀ), ਜੈਵਿਕ ਅਸ਼ੁੱਧੀਆਂ (1 ਫ਼ੀਸਦੀ) ਟੁੱਟੇ ਅਤੇ ਸੁੰਗੜੇ ਦਾਣੇ (3 ਫ਼ੀਸਦੀ), ਖ਼ਰਾਬ ਬਦਰੰਗੇ ਕੀੜੇ ਖਾਧੇ ਦਾਣੇ (5 ਫ਼ੀਸਦੀ), ਨਮੀ ਦਾ ਮਾਤਰਾ (17 ਫ਼ੀਸਦੀ) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਝੋਨੇ ਅਤੇ ਬਾਸਮਤੀ ਦੇ ਸਫ਼ਲ ਮੰਡੀਕਰਨ ਵਿਕਲਪ: ਉਤਪਾਦਕ ਕੋਲ ਮੰਡੀਕਰਨ ਦੇ ਕਈ ਵਿਕਲਪ ਹਨ; ਇੱਕ ਤਾਂ ਨਿੱਜੀ ਮੰਡੀਕਰਨ ਵਿਕਲਪ ਅਤੇ ਦੂਜਾ ਸੰਸਥਾਗਤ ਮੰਡੀਕਰਨ ਵਿਕਲਪ ਜਿਸ ਵਿੱਚ ਉਹ ਉਪਜ ਮੰਡੀ ਵਿੱਚ ਸਰਕਾਰ ਵੱਲੋਂ ਤੈਅ ਨੋਡਲ ਏਜੰਸੀਆਂ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਐੱਮਐੱਸਪੀ ’ਤੇ ਵੇਚ ਸਕਦਾ ਹੈ।
ਬਾਸਮਤੀ ਦਾ ਸਵੈ-ਮੰਡੀਕਰਨ: ਬਾਸਮਤੀ ਦਾ ਚੰਗਾ ਮੁੱਲ ਲੈਣ ਲਈ ਸਵੈ-ਮੰਡੀਕਰਨ ਇੱਕ ਬਹੁਤ ਵਧੀਆ ਵਿਕਲਪ ਹੈ। ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਣਾਉਂਦੇ ਹੋਏ ਬਾਸਮਤੀ ਦੇ 15-20 ਫ਼ੀਸਦੀ ਹਿੱਸੇ ਦੀ ਮਿਲਿੰਗ, ਪਿੰਡਾਂ ਵਿੱਚ ਲਗਾਏ ਐਗਰੋ ਪ੍ਰਾਸੈਸਿੰਗ ਕੰਪਲੈਕਸਾਂ ਜਾਂ ਕਿਸਾਨ ਖ਼ੁਦ ਦੀ ਮਨਿੀ ਰਾਈਸ ਮਿੱਲ ਮਸ਼ੀਨ ਖ਼ਰੀਦ ਕੇ ਕਰ ਸਕਦਾ ਹੈ। ਇਸ ਲਈ ਮਿਲਿੰਗ ਤੋਂ ਬਾਅਦ ਗ੍ਰੇਡਿੰਗ ਅਤੇ ਪੈਕਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪੈਕ ਕੀਤੇ ਬਾਸਮਤੀ ਚੌਲਾਂ ਦੀ ਸਿੱਧੀ ਮਾਰਕੀਟਿੰਗ (ਬਿਨਾ ਕਿਸੇ ਵਿਚੋਲੇ ਦੇ) ਖ਼ਪਤਕਾਰਾਂ ਤੱਕ ਜਾਂ ਪਰਚੂਨ ਆਊਟਲੈਟਾਂ ’ਤੇ ਮਾਰਕੀਟ ਰੇਟ ’ਤੇ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਬਾਜ਼ਾਰ, ਕਿਸਾਨ ਸਿਖਲਾਈ ਕੈਂਪ, ਕਿਸਾਨ ਮੇਲੇ, ਕਿਸਾਨ ਹੱਟਸ ਆਦਿ ਪਲੈਟਫਾਰਮਾਂ ’ਤੇ ਪੈਕ ਕੀਤੇ ਚੌਲਾਂ ਦੀ ਸਿੱਧੀ ਵਿਕਰੀ ਖ਼ਪਤਕਾਰਾਂ ਨੂੰ ਕਰ ਸਕਦੇ ਹਨ। ਖ਼ਪਤਕਾਰਾਂ ਨਾਲ ਭਵਿੱਖ ਵਿੱਚ ਵੀ ਸਿੱਧਾ ਸੰਪਰਕ ਰੱਖਣ ਲਈ ਉਨ੍ਹਾਂ ਦਾ ਪਤਾ, ਫੋਨ ਨੰਬਰ ਲੈ ਕੇ ਲਿਸਟ ਤਿਆਰ ਕੀਤੀ ਜਾਵੇ ਅਤੇ ਹਰ ਸਾਲ ਉਨ੍ਹਾਂ ਦੀ ਮੰਗ ਅਨੁਸਾਰ ਮਿਲਿੰਗ ਦੀ ਮਾਤਰਾ ਵਧਾਈ ਜਾ ਸਕਦੀ ਹੈ। ਬਾਸਮਤੀ ਦੇ ਕੁਦਰਤੀ ਭੌਤਿਕ ਗੁਣ ਅਤੇ ਸੰਵੇਦੀ ਗੁਣ (ਗੰਧ ਅਤੇ ਸਵਾਦ) ਬਰਕਰਾਰ ਰੱਖਣ ਲਈ ਗ੍ਰੇਡਿੰਗ ਅਤੇ ਸਾਫ਼ ਸਵੱਛ ਢੁੱਕਵੀਂ ਪੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦਾ ਉੱਚਿਤ ਪਰਚੂਨ ਮੁੱਲ ਪ੍ਰਾਪਤ ਕਰ ਸਕੋ। ਆਪਣੇ ਉਤਪਾਦ ਦੀ ਗੁਣਵੱਤਾ ਬਾਰੇ ਸੋਸ਼ਲ ਮੀਡੀਆ (ਵਟਸਐਪ, ਯੂ-ਟਿਊਬ, ਇਨਸਟਾਗ੍ਰਾਮ, ਫੇਸਬੁੱਕ) ਰਾਹੀਂ ਪ੍ਰਚਾਰ ਵੀ ਕਰ ਸਕਦੇ ਹੋ ਤਾਂ ਜੋ ਉਸ ਦੀ ਜਾਣਕਾਰੀ ਘਰ ਬੈਠੇ ਬਹੁਤ ਲੋਕਾਂ ਤੱਕ ਪਹੁੰਚ ਸਕੇ। ਨਿਰੰਤਰ ਸਪਲਾਈ ਲਈ ਗਾਹਕਾਂ ਵਿੱਚ ਗੁਣਵੱਤਾ ਦਾ ਭਰੋਸਾ ਬਣਾਈ ਰੱਖਣਾ ਵੀ ਜ਼ਰੂਰੀ ਹੈ।
ਬਾਸਮਤੀ ਦਾ ਮੰਡੀਆਂ ਰਾਹੀਂ ਵਪਾਰੀਕਰਨ: ਮੰਡੀਆਂ ਵਿੱਚ ਬਾਸਮਤੀ ਝੋਨਾ ਲਿਜਾਉਣ ਤੋਂ ਪਹਿਲਾਂ Agmarknet.nic.in portal ’ਤੇ ਜਾਂ e-mandikaran site ’ਤੇ ਵੱਖ-ਵੱਖ ਮੰਡੀਆਂ ਦੇ ਰੋਜ਼ਾਨਾਂ ਦੇ ਭਾਅ ਪਤਾ ਕਰ ਕੇ ਹੀ ਉਸ ਮੁਤਾਬਕ ਵੱਧ ਭਾਅ ਮੁਹੱਈਆ ਕਰਾਉਣ ਵਾਲੀ ਮੰਡੀ ਵਿੱਚ ਜਿਣਸ ਲੈ ਕੇ ਜਾਓ। ਕੁਝ ਮੰਡੀਆਂ ਜਿੱਥੇ ਰਾਈਸ ਪ੍ਰਾਸੈਸਿੰਗ ਅਤੇ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਜਿਵੇਂ ਕਿ KRBL (India Gate Brand), ਲਾਲ ਕਿਲ੍ਹਾ ਰਾਈਸ ਐਕਸਪੋਰਟਰ, ਹਰਿਆਣਾ ਦੇ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਪੰਜਾਬ ਦੇ ਉਤਪਾਦਕਾਂ ਤੋਂ ਬਾਸਮਤੀ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਜਾਂਦੀ ਹੈ, ਅਜਿਹੀਆਂ ਮੰਡੀਆਂ ਤੱਕ ਉਪਜ ਦੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੀਆਂ ਕੁੱਝ ਮੰਡੀਆਂ ਜਿਵੇਂ ਕਿ ਰਾਜਪੁਰਾ, ਖੰਨਾ, ਚੀਕਾ, ਜਗਰਾਉਂ ਆਦਿ ਜਿੱਥੇ ਬਾਸਮਤੀ ਦੇ ਭਾਅ ਜ਼ਿਆਦਾਤਰ ਵੱਧ ਹੁੰਦੇ ਹਨ, ਅਜਿਹੀਆਂ ਮੰਡੀਆਂ ਰਾਹੀਂ ਮੰਡੀਕਰਨ ਕਰ ਕੇ ਜਿਣਸ ਦਾ ਉੱਚ ਮੁੱਲ ਪਾ ਸਕਦੇ ਹੋ। ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੀਆਂ ਮੰਡੀਆਂ (ਅੰਮ੍ਰਿਤਸਰ, ਫ਼ਾਜ਼ਿਲਕਾ, ਪਟਿਆਲਾ, ਮਾਨਸਾ, ਗੁਰਦਾਸਪੁਰ ਜ਼ਿਲ੍ਹਿਆਂ) ਵਿੱਚ ਇਸ ਸਮੇਂ ਬਾਸਮਤੀ ਦੀ ਕੀਮਤ ਚੰਗੀ ਮਿਲ ਰਹੀ ਹੈ।
ਝੋਨੇ ਦੇ ਸਫ਼ਲ ਮੰਡੀਕਰਨ ਲਈ ਨੁਕਤੇ: ਸਰਕਾਰ ਵੱਲੋਂ ਨਿਰਧਾਰਤ ਸਮਰਥਨ ਮੁੱਲ ’ਤੇ ਝੋਨੇ ਦੀ ਖ਼ਰੀਦ ਦੇ ਫ਼ੈਸਲੇ ਦਾ ਫ਼ਾਇਦਾ ਲੈਣ ਲਈ ਸਾਫ-ਸਵੱਛ, ਸੁੱਕੀ ਅਤੇ ਆਪਣੇ ਪੱਧਰ ’ਤੇ ਗਰੇਡ ਕੀਤੀ ਹੋਈ ਜਿਣਸ ਮੰਡੀ ਵਿੱਚ ਲੈ ਕੇ ਜਾਓ। ਸਰਕਾਰ ਵੱਲੋਂ ਮੰਡੀ ਵਿੱਚ ਆਈ ਹਰ ਢੇਰੀ ਦੀ ਉਸੇ ਦਿਨ ਬੋਲੀ ਸਵੇਰੇ 11:30 ਤੋਂ ਸ਼ਾਮ 4:00 ਵਜੇ ਤੱਕ ਮੁਕੰਮਲ ਕਰਨ ਅਤੇ ਬੋਲੀ ਤੋਂ ਬਾਅਦ ਉਸੇ ਦਿਨ ਤੁਲਾਈ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਣਸ ਦੇ ਅਣਵਿਕੇ ਰਹਿਣ ਦਾ ਕਾਰਨ ਜਿਣਸ ਦੀ ਸਫ਼ਾਈ ਨਾ ਹੋਣਾ, ਨਮੀ ਵੱਧ ਹੋਣਾ ਅਤੇ ਨਿਰਧਾਰਤ ਮਾਪਦੰਡਾਂ ਮੁਤਾਬਿਕ ਨਾ ਹੋਣਾ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪਹਿਲਾਂ ਤੋਂ ਹੀ ਧਿਆਨ ਰੱਖਦੇ ਹੋਏ ਵਿਕਣ ਵਿੱਚ ਅਣਲੋੜੀਂਦੀ ਦੇਰੀ ਅਤੇ ਖੱਜਲ-ਖੁਆਰੀ ਤੋਂ ਬਚਿਆ ਜਾ ਸਕਦਾ ਹੈ। ਬੋਲੀ ਸਮੇਂ ਹਾਜ਼ਰ ਰਹਿਣ, ਜਿਣਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆਂ ਦੀ ਵਰਤੋਂ, ਕੰਡਿਆਂ ਦਾ ਜ਼ਮੀਨ ਤੇ ਇਕਸਾਰ ਪੱਧਰ ਹੋਣ ਆਦਿ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸੈਕਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਸੀਜਨ ਦੌਰਾਨ ਹਰ ਮੰਡੀ ਵਿੱਚ ਕਿਸਾਨਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਲਗਾਤਾਰ ਕੰਡੇ ਵੱਟੇ ਅਤੇ ਤੋਲ ਚੈੱਕ ਕੀਤੇ ਜਾਂਦੇ ਹਨ। ਝੋਨੇ ਦੀ 37.5 ਕਿਲੋ/ਬੋਰੀ ਦੀ ਭਰਤੀ ਨਿਸ਼ਚਿਤ ਕੀਤੀ ਗਈ ਹੈ।
ਨਿਰਧਾਰਿਤ ਲੇਬਰ ਖ਼ਰਚੇ: ਕਿਸਾਨਾਂ ਨੇ ਸਿਰਫ਼ ਅਣਲੋਡਿੰਗ ਦੇ 2.45 ਰੁਪਏ/ਯੂਨਿਟ ਅਤੇ ਮਸ਼ੀਨ ਰਾਹੀਂ ਸਾਫ਼ ਸਫ਼ਾਈ ਦੇ 4.34 ਰੁਪਏ/ਯੂਨਿਟ ਦਾ ਭੁਗਤਾਨ ਕਰਨਾ ਹੈ। ਬਾਕੀ ਭਰਾਈ, ਤੋਲਾਈ, ਸਿਲਾਈ ਅਤੇ ਲੋਡਿੰਗ ਦਾ ਖ਼ਰਚਾ ਖ਼ਰੀਦ ਏਜੰਸੀ/ਖ਼ਰੀਦਦਾਰ ਵੱਲੋਂ ਦਿੱਤਾ ਜਾਣਾ ਹੁੰਦਾ ਹੈ। ਜਿਣਸ ਦੇ ਅਣਲੋੜੀਂਦੇ ਨੁਕਸਾਨ ਤੋਂ ਬਚਣ ਲਈ ਮਸ਼ੀਨ ਨਾਲ ਸਫ਼ਾਈ (ਪਾਵਰ ਅਪਰੇਟਡ) ਸਿਰਫ਼ ਇੱਕ ਵਾਰੀ ਅਤੇ ਹੱਥੀਂ ਸਫ਼ਾਈ (manual cleaning) ਦੋ ਵਾਰ ਤੋਂ ਵੱਧ ਨਾ ਕਰਵਾਈ ਜਾਵੇ।
ਸਫ਼ਲ ਮੰਡੀਕਰਨ ਲਈ ਮੰਡੀ ਬੋਰਡ ਪੱਧਰ, ਜ਼ਿਲ੍ਹਾ ਪੱਧਰ, ਸੂਬਾ ਪੱਧਰ ਉੱਪਰ ਕੰਟਰੋਲ ਰੂਮ ਬਣਾਏ ਜਾਂਦੇ ਹਨ। ਕਿਸੇ ਕਿਸਮ ਦੀ ਦਿੱਕਤ ਦੀ ਸੂਰਤ ਵਿੱਚ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਮਾਰਕੀਟ ਕਮੇਟੀ ਪੱਧਰ ’ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਖ਼ਰੀਦ ਏਜੰਸੀ ਵੱਲੋਂ ਅਨਾਜ ਖ਼ਰੀਦ ਪੋਰਟਲ ਰਾਹੀਂ ਜਿਣਸ ਦੀ ਅਦਾਇਗੀ ਵੇਚਣ ਵਾਲੇ ਜ਼ਿਮੀਂਦਾਰ ਦੇ ਸਿੱਧੀ ਖਾਤੇ ਵਿੱਚ ਆਨਲਾਈਨ ਹੀ ਕੀਤੀ ਜਾਵੇਗੀ। ਜੇ-ਫਾਰਮ ਵੀ ਇਸੇ ਪੋਰਟਲ ਰਾਹੀਂ ਆਨਲਾਈਨ ਪ੍ਰਾਪਤ ਕੀਤਾ ਜਾ ਸਕੇਗਾ।
ਇਸ ਲਈ ਆਪਣੀ ਝੋਨੇ ਦੀ ਉਪਜ ਨੂੰ ਸਾਫ਼-ਸੁਥਰੀ, ਸੁੱਕੀ, ਨਮੀ ਰਹਿਤ, ਇਕਸਾਰ ਗੁਣਵੱਤਾ ਵਾਲੀ, ਅਸ਼ੁੱਧੀਆਂ ਰਹਿਤ ਅਤੇ ਮੌਸਮ ਦਾ ਧਿਆਨ ਰੱਖਦੇ ਹੋਏ ਲੈ ਕੇ ਜਾਓ ਤਾਂ ਜੋ ਮੰਡੀਕਰਨ ਸੌਖਾਲਾ, ਸੁਚੱਜਾ, ਸਮੇਂ ਸਿਰ, ਕੁਸ਼ਲ ਅਤੇ ਉੱਚ ਮੁੱਲ ਦਿਵਾਉਣ ਵਾਲਾ ਹੋਵੇ।
*ਸਹਾਇਕ ਮਾਰਕੀਟਿੰਗ ਅਫ਼ਸਰ, ਲੁਧਿਆਣਾ।

Advertisement
Author Image

sukhwinder singh

View all posts

Advertisement
Advertisement
×