For the best experience, open
https://m.punjabitribuneonline.com
on your mobile browser.
Advertisement

ਝੋਨੇ ਦੇ ਲਾਹੇਵੰਦ ਮੰਡੀਕਰਨ ਸਬੰਧੀ ਜ਼ਰੂਰੀ ਨੁਕਤੇ

08:52 AM Oct 05, 2024 IST
ਝੋਨੇ ਦੇ ਲਾਹੇਵੰਦ ਮੰਡੀਕਰਨ ਸਬੰਧੀ ਜ਼ਰੂਰੀ ਨੁਕਤੇ
Advertisement

ਡਾ. ਮਨਮੀਤ ਮਾਨਵ*

Advertisement

ਦੇਸ਼ ਦਾ ਸਿਰਫ਼ 1.53 ਫ਼ੀਸਦੀ ਭੂਗੋਲਿਕ ਖੇਤਰ ਵਾਲਾ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ ਝੋਨੇ ਦਾ 21.6 ਫ਼ੀਸਦੀ ਹਿੱਸਾ ਪਾਉਂਦਾ ਹੈ (ਸਾਲ 2023 ਅਨੁਸਾਰ)। ਸਾਉਣੀ ਸੀਜ਼ਨ 2024 ਦੌਰਾਨ ਪੰਜਾਬ ਵਿੱਚ ਝੋਨੇ ਦਾ ਕੁੱਲ ਰਕਬਾ 32.43 ਲੱਖ ਹੈਕਟੇਅਰ ਹੈ। ਇਸ ਤੋਂ ਅੰਦਾਜ਼ਨ 208.89 ਲੱਖ ਟਨ ਪੈਦਾਵਾਰ ਹੋਣ ਦਾ ਅੰਦਾਜ਼ਾ ਹੈ। ਬਾਸਮਤੀ ਅਧੀਨ 6.8 ਲੱਖ ਹੈਕਟੇਅਰ ਰਕਬਾ ਹੈ। ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫ਼ਸਲ ਤੋਂ ਉੱਚ ਮੁੱਲ ਪਾਉਣਾ ਹਰ ਕਿਸਾਨ ਦਾ ਸੁਫ਼ਨਾ ਹੁੰਦਾ ਹੈ ਜੋ ਉਸ ਫ਼ਸਲ ਦੇ ਸਫ਼ਲ ਮੰਡੀਕਰਨ ’ਤੇ ਨਿਰਭਰ ਕਰਦਾ ਹੈ। ਜਿਵੇਂ ਹੁਣ ਝੋਨੇ ਦੇ ਮੰਡੀਕਰਨ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਾਂ ਫ਼ਸਲ ਦਾ ਵਾਜ਼ਬ ਮੁੱਲ ਪਾਉਣ ਲਈ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਲੇਖ ਰਹੀਂ ਕੁੱਝ ਨੁਕਤੇ, ਸੁਝਾਅ ਅਤੇ ਮਾਪਦੰਡ ਸਾਂਝੇ ਕੀਤੇ ਗਏ ਹਨ ਜੋ ਫ਼ਸਲ ਦੇ ਸਫ਼ਲਤਾਪੂਰਵਕ ਮੰਡੀਕਰਨ ਲਈ ਸਹਾਈ ਹੋਣਗੇ। ਪੰਜਾਬ ਸਰਕਾਰ ਨੇ ਖਰੀਫ਼ ਸੀਜ਼ਨ 2024-25 ਲਈ ਝੋਨੇ ਦੇ ‘ਏ ਗ੍ਰੇਡ’ ਲਈ 2320 ਰੁਪਏ ਪ੍ਰਤੀ ਕੁਇੰਟਲ ਅਤੇ ‘ਆਮ ਗ੍ਰੇਡ’ (Common grade) ਲਈ 2300 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਨਿਸ਼ਚਿਤ ਕਰ ਕੇ ਪਿਛਲੇ ਸਾਲ ਨਾਲੋਂ 117 ਰੁਪਏ ਵਾਧਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੀਜ਼ਨ ਦੌਰਾਨ 182.00 ਲੱਖ ਮੀਟਰਕ ਟਨ ਦੀ ਖ਼ਰੀਦ ਲਈ ਵੱਖ-ਵੱਖ ਖ਼ਰੀਦ ਏਜੰਸੀਆਂ (ਪਨਗ੍ਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ, ਐਫਸੀਆਈ) ਨੂੰ ਟੀਚੇ ਨਿਰਧਾਰਿਤ ਕਰ ਦਿੱਤੇ ਗਏ ਹਨ।

Advertisement

ਮੰਡੀਕਰਨ ਨੂੰ ਸਫ਼ਲ ਬਣਾਉਣ ਲਈ ਕੁੱਝ ਜ਼ਰੂਰੀ ਸੁਝਾਅ-

ਪੋਰਟਲ ’ਤੇ ਰਜਿਸਟ੍ਰੇਸ਼ਨ: ਸੁਚਾਰੂ ਮੰਡੀਕਰਨ ਲਈ ਸਭ ਤੋਂ ਪਹਿਲਾਂ ਅਨਾਜ ਖ਼ਰੀਦ ਪੋਰਟਲ (https:/anaajkharid.in) ’ਤੇ ਰਜਿਸਟਰ ਕਰਵਾਉਣਾ ਲਾਜ਼ਮੀ ਹੈ ਕਿਉਂਕਿ ਨਵੇਂ ਨਿਯਮਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖ਼ਰੀਦ ਜ਼ਮੀਨੀ ਰਕਬੇ ਦੇ ਆਧਾਰ ’ਤੇ ਕੀਤੀ ਜਾਣੀ ਹੈ, ਇਸ ਲਈ e-mandikaran site ਤੇ ‘ਆੜ੍ਹਤੀਆ ਲੈਂਡ ਮੈਪਿੰਗ ਪੋਰਟਲ’ ਤੇ ਆੜ੍ਹਤੀਆਂ ਰਾਹੀਂ ਜ਼ਮੀਨ ਦੀ ਮੈਪਿੰਗ ਕਰਵਾ ਕੇ ਫਾਰਮਰ ਆਈਡੀ ਨਾਲ ਲਿੰਕ ਕਰਵਾ ਲਿਆ ਜਾਵੇ ਤਾਂ ਜੋ ਰਕਬੇ ਅਨੁਸਾਰ MSP ਦਾ ਫ਼ਾਇਦਾ ਲਿਆ ਜਾ ਸਕੇ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇਨ੍ਹਾਂ ਪੋਰਟਲਜ਼ ’ਤੇ ਕਿਸਾਨਾਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ। ਜੇ ਕਿਸੇ ਕਿਸਾਨ ਵੱਲੋਂ ਕਿਸੇ ਜ਼ਮੀਨ ਦਾ ਇੰਦਰਾਜ਼ ਕਰਵਾਉਣਾ ਜਾਂ ਅਪਡੇਟ ਕਰਵਾਉਣਾ ਹੋਵੇ, ਉਹ ਵੀ ਮੰਡੀ ਵਿੱਚ ਜਿਣਸ ਵੇਚਣ ਤੋਂ ਪਹਿਲਾਂ ਕਰਵਾ ਲਿਆ ਜਾਵੇ ਕਿਉਂਕਿ ਇੱਕ ਵਾਰ ਫ਼ਸਲ ਵਿਕਣ ਤੋਂ ਬਾਅਦ ਇਹ ਵੇਰਵੇ ਦਰੁਸਤ ਕਰਵਾਉਣਾ ਸੰਭਵ ਨਹੀਂ ਹੈ। ਇਸ ਪੋਰਟਲ ਰਾਹੀਂ ਹੀ ਜੇ-ਫਾਰਮ ਅਤੇ ਜਿਣਸ ਦੀ ਸਿੱਧੀ ਅਦਾਇਗੀ ਪ੍ਰਾਪਤ ਹੋਵੇਗੀ।
ਫ਼ਸਲ ਦੀ ਕਟਾਈ ਲਈ ਸੁਝਾਅ: ਸਮੇਂ ਸਿਰ ਅਤੇ ਸੌਖਾਲੇ ਮੰਡੀਕਰਨ ਲਈ ਉਤਪਾਦਕਾਂ ਨੂੰ ਜਿਣਸ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ (ਬੀਜ ਗੁਣਵੱਤਾ, ਬਿਜਾਈ ਦਾ ਸਮਾਂ, ਖਾਦਾਂ ਦੀ ਮਾਤਰਾ, ਪਾਣੀ ਦੀ ਮਾਤਰਾ, ਮਿੱਟੀ ਦੀ ਸਿਹਤ, ਕਟਾਈ ਦਾ ਸਮਾਂ) ਨੂੰ ਸਮਝਣਾ ਅਤੀ ਜ਼ਰੂਰੀ ਹੈ। ਹੁਣ ਜਦੋਂਕਿ ਕਟਾਈ ਦਾ ਸਮਾਂ ਨਜ਼ਦੀਕ ਹੈ ਤਾਂ ਕਿਸਾਨਾਂ ਨੂੰ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਕੀਤੀ ਕਟਾਈ ਫ਼ਸਲ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਟਾਈ ਸਮੇਂ ਦਾਣੇ ਨੀਚੇ ਤੋਂ ਉੱਪਰ ਤੱਕ ਸਾਰੇ ਇਕਸਾਰ ਸੁੱਕੇ ਹੋਣ, ਉਨ੍ਹਾਂ ਵਿੱਚ ਨਮੀ ਦਾ ਮਾਤਰਾ 17 ਫ਼ੀਸਦੀ ਤੋਂ ਵੱਧ ਨਾ ਹੋਵੇ, ਝੋਨਾ ਨਿਸਰਨ ਤੋਂ ਕਟਾਈ ਤੱਕ ਦਾ ਸਮਾਂ ਘੱਟ ਤੋਂ ਘੱਟ 35 ਦਿਨਾਂ ਦਾ ਹੋਵੇ, ਪੱਤਿਆਂ ਦਾ ਰੰਗ ਭੂਰੇ ਵੱਲ ਹੋਵੇ। ਸਮੇਂ ਤੋਂ ਪਹਿਲਾਂ ਕੀਤੀ ਕਟਾਈ ਨਾਲ ਦਾਣਿਆਂ ਵਿੱਚ ਕੱਚਾਪਣ, ਟੁੱਟ-ਭੱਜ, ਵੱਧ ਨਮੀ ਅਤੇ ਬਿਮਾਰੀਆਂ ਦੀ ਆਮਦ ਦਾ ਖ਼ਤਰਾ ਰਹਿੰਦਾ ਹੈ। ਦੇਰੀ ਨਾਲ ਕੀਤੀ ਕਟਾਈ ਕਾਰਨ ਦਾਣੇ ਫਟਣ ਅਤੇ ਖਿੰਡਣ ਨਾਲ ਚੂਹਿਆਂ, ਪੰਛੀਆਂ, ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵਧ ਸਕਦਾ ਹੈ। ਸਿੱਲ੍ਹੇ ਮੌਸਮ, ਜਲਦ ਸਵੇਰੇ ਅਤੇ ਦੇਰ ਸ਼ਾਮ ਨੂੰ ਕਟਾਈ ਨਾ ਕੀਤੀ ਜਾਵੇ ਜਿਸ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵਧ ਸਕਦੀ ਹੈ।
ਗੁਣਵੱਤਾ ਮਾਪਦੰਡਾਂ ਦੀ ਪੂਰਤੀ: ਜਿਣਸ ਦਾ ਉੱਚ ਵਪਾਰਕ ਮੁੱਲ ਲੈਣ ਲਈ ਨਿਰਧਾਰਿਤ ਗੁਣਵੱਤਾ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਵੱਲੋਂ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਆਪਣੇ ਪੱਧਰ ’ਤੇ ਜਿਣਸ ਦੀ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ। ਜਿਣਸ ਪੂਰੀ ਤਰ੍ਹਾਂ ਸੁੱਕੀ, ਸਾਫ਼ ਸਵੱਛ, ਦਾਣਿਆਂ ਦੇ ਰੰਗ ਅਤੇ ਆਕਾਰ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ। ਇਹ ਗੰਧ, ਉੱਲੀ, ਕੀੜਿਆਂ ਅਤੇ ਅਸ਼ੁੱਧੀਆਂ ਤੋਂ ਰਹਿਤ ਹੋਣੀ ਚਾਹੀਦੀ ਹੈ। ਨਿਰਧਾਰਿਤ ਮਾਪਦੰਡਾਂ ਅਨੁਸਾਰ ਜਿਣਸ ਵਿੱਚ ਅਜੈਵਿਕ ਅਸ਼ੁੱਧੀਆਂ (1 ਫ਼ੀਸਦੀ), ਜੈਵਿਕ ਅਸ਼ੁੱਧੀਆਂ (1 ਫ਼ੀਸਦੀ) ਟੁੱਟੇ ਅਤੇ ਸੁੰਗੜੇ ਦਾਣੇ (3 ਫ਼ੀਸਦੀ), ਖ਼ਰਾਬ ਬਦਰੰਗੇ ਕੀੜੇ ਖਾਧੇ ਦਾਣੇ (5 ਫ਼ੀਸਦੀ), ਨਮੀ ਦਾ ਮਾਤਰਾ (17 ਫ਼ੀਸਦੀ) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਝੋਨੇ ਅਤੇ ਬਾਸਮਤੀ ਦਾ ਸਫ਼ਲ ਮੰਡੀਕਰਨ: ਉਤਪਾਦਕ ਕੋਲ ਮੰਡੀਕਰਨ ਦੇ ਕਈ ਵਿਕਲਪ ਹਨ; ਇੱਕ ਤਾਂ ਪ੍ਰਾਈਵੇਟ ਮੰਡੀਕਰਨ ਵਿਕਲਪ ਅਤੇ ਦੂਸਰਾ ਸੰਸਥਾਗਤ ਮੰਡੀਕਰਨ ਵਿਕਲਪ। ਪ੍ਰਾਈਵੇਟ ਮੰਡੀਕਰਨ ਵਿਕਲਪ ਵਿੱਚ ਬਾਸਮਤੀ ਦਾ ਸਵੈ-ਮੰਡੀਕਰਨ, ਘਰੇਲੂ ਬਾਜ਼ਾਰੀਕਰਨ ਅਤੇ ਨਿਰਯਾਤ ਵਪਾਰ ਰਾਹੀਂ ਚੰਗੇ ਮੁਨਾਫ਼ੇ ਨਾਲ ਸਫ਼ਲ ਵਪਾਰ ਕਰ ਸਕਦਾ ਹੈ। ਸੰਸਥਾਗਤ ਮੰਡੀਕਰਨ ਵਿਕਲਪ ਵਿੱਚ ਉਹ ਉਪਜ ਮੰਡੀ ਵਿੱਚ ਸਰਕਾਰ ਵੱਲੋਂ ਤੈਅ ਨੋਡਲ ਏਜੰਸੀਆਂ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚ ਸਕਦਾ ਹੈ।
ਬਾਸਮਤੀ ਦਾ ਸਵੈ-ਮੰਡੀਕਰਨ: ਬਾਸਮਤੀ ਦਾ ਚੰਗਾ ਮੁੱਲ ਲੈਣ ਲਈ ਸਵੈ-ਮੰਡੀਕਰਨ ਬਹੁਤ ਵਧੀਆ ਵਿਕਲਪ ਹੈ। ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਨਾਉਂਦੇ ਹੋਏ ਬਾਸਮਤੀ ਦੇ 15-20 ਫ਼ੀਸਦੀ ਹਿੱਸੇ ਦੀ ਮਿਲਿੰਗ, ਪਿੰਡਾਂ ਵਿੱਚ ਲਗਾਏ ਐਗਰੋ ਪ੍ਰਾਸੈਸਿੰਗ ਕੰਪਲੈਕਸਾਂ ਜਾਂ ਕਿਸਾਨ ਖ਼ੁਦ ਦੀ ਮਿਨੀ ਰਾਈਸ ਮਿੱਲ ਮਸ਼ੀਨ ਖ਼ਰੀਦ ਕੇ ਕਰ ਸਕਦਾ ਹੈ। ਮਿਨੀ ਰਾਈਸ ਮਿੱਲ ਮਸ਼ੀਨ (ਦੋ ਪੋਲੀਸ਼ਰ ਅਤੇ ਐਲੀਵੇਟਰਜ਼ ਨਾਲ) ਜਿਸ ਦੀ ਮਿਲਿੰਗ ਸਮਰੱਥਾ 2.5 ਕੁਇੰਟਲ ਪ੍ਰਤੀ ਘੰਟਾ ਦੀ ਹੈ, ਦੀ ਅੰਦਾਜ਼ਨ ਕੀਮਤ ਤਿੰਨ ਲੱਖ ਰੁਪਏ ਹੈ। ਕੁੱਝ ਕਿਸਾਨ ਸਮੂਹ ਬਣਾ ਕੇ ਵੀ ਇਹ ਮਸ਼ੀਨ ਖ਼ਰੀਦ ਸਕਦੇ ਹਨ ਜਾਂ ਕਿਸੇ ਐਗਰੋ ਪ੍ਰਾਸੈਸਿੰਗ ਯੂਨਿਟ ਤੋਂ ਮਿਲਿੰਗ ਕਰਵਾ ਸਕਦੇ ਹਨ। ਮਿਲਿੰਗ ਤੋਂ ਬਾਅਦ ਗ੍ਰੇਡਿੰਗ ਅਤੇ ਪੈਕਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪੈਕ ਕੀਤੇ ਬਾਸਮਤੀ ਚੌਲਾਂ ਦੀ ਸਿੱਧੀ ਮਾਰਕੀਟਿੰਗ (ਬਿਨ੍ਹਾਂ ਕਿਸੇ ਵਿਚੋਲੇ ਦੇ) ਖ਼ਪਤਕਾਰਾਂ ਤੱਕ ਜਾਂ ਰੀਟੇਲ ਆਊਟਲੈਟਾਂ ’ਤੇ ਮਾਰਕੀਟ ਰੇਟ ’ਤੇ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਬਾਜ਼ਾਰ, ਕਿਸਾਨ ਸਿਖਲਾਈ ਕੈਂਪ, ਕਿਸਾਨ ਮੇਲੇ, ਕਿਸਾਨ ਹਟਸ, ਖੇਡ ਮੇਲੇ, ਵਿਰਾਸਤੀ ਮੇਲੇ, ਵਾਤਾਵਰਨ ਸੰਭਾਲ ਮੇਲੇ ਆਦਿ ਪਲੈਟਫਾਰਮਾਂ ’ਤੇ ਪੈਕਡ ਚੌਲਾਂ ਦੀ ਸਿੱਧੀ ਵਿੱਕਰੀ ਖ਼ਪਤਕਾਰਾਂ ਨੂੰ ਕੀਤੀ ਜਾ ਸਕਦੀ ਹੈ। ਖ਼ਪਤਕਾਰਾਂ ਨਾਲ ਭਵਿੱਖ ਵਿੱਚ ਵੀ ਸਿੱਧਾ ਸੰਪਰਕ ਰੱਖਣ ਲਈ ਉਨ੍ਹਾਂ ਦਾ ਪਤਾ, ਫੋਨ ਨੰਬਰ ਲੈ ਕੇ ਲਿਸਟ ਤਿਆਰ ਕੀਤੀ ਜਾਵੇ ਅਤੇ ਹਰ ਸਾਲ ਉਨ੍ਹਾਂ ਦੀ ਮੰਗ ਅਨੁਸਾਰ ਮਿਲਿੰਗ ਦੀ ਮਾਤਰਾ ਵਧਾਈ ਜਾ ਸਕਦੀ ਹੈ। ਬਾਸਮਤੀ ਦੇ ਕੁਦਰਤੀ ਭੌਤਿਕ ਗੁਣ ਅਤੇ ਸੰਵੇਦੀ ਗੁਣ (ਗੰਧ ਅਤੇ ਸਵਾਦ) ਬਰਕਰਾਰ ਰੱਖਣ ਲਈ ਗ੍ਰੇਡਿੰਗ ਅਤੇ ਸਾਫ਼ ਸਵੱਛ ਢੁੱਕਵੀਂ ਪੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦਾ ਢੁੱਕਵਾਂ ਰੀਟੇਲ ਮੁੱਲ ਪ੍ਰਾਪਤ ਕਰ ਸਕੋ। ਆਪਣੇ ਉਤਪਾਦ ਦੀ ਗੁਣਵੱਤਾ ਬਾਰੇ ਸੋਸ਼ਲ ਮੀਡੀਆ (ਵਟਸਐਪ, ਯੂ-ਟਿਊਬ, ਇਨਸਟਾਗ੍ਰਾਮ, ਫੇਸਬੁੱਕ) ਰਾਹੀਂ ਪ੍ਰਚਾਰ ਵੀ ਕਰ ਸਕਦੇ ਹੋ ਤਾਂ ਜੋ ਉਸ ਦੀ ਜਾਣਕਾਰੀ ਘਰ ਬੈਠੇ ਬਹੁਤ ਲੋਕਾਂ ਤੱਕ ਪਹੁੰਚ ਸਕੇ। ਨਿਰੰਤਰ ਸਪਲਾਈ ਲਈ ਗਾਹਕਾਂ ਵਿੱਚ ਗੁਣਵੱਤਾ ਦਾ ਭਰੋਸਾ ਬਣਾਈ ਰੱਖਣਾ ਵੀ ਜ਼ਰੂਰੀ ਹੈ।
ਬਾਸਮਤੀ ਉਤਪਾਦਾਂ ਦਾ ਵਪਾਰ: ਪ੍ਰਾਸੈਸਿੰਗ ਅਤੇ ਗ੍ਰੇਡਿੰਗ ਦੌਰਾਨ ਚੌਲਾਂ ਦੀ ਟੁੱਟ-ਭੱਜ ਤੋਂ ਚੌਲਾਂ ਦਾ ਪਾਊਡਰ/ਆਟਾ ਤਿਆਰ ਕੀਤਾ ਜਾ ਸਕਦਾ ਹੈ। ਇਸ ਆਟੇ ਤੋਂ ਬਹੁਤ ਸਾਰੇ ਰੈਡੀਮੇਡ ਨਾਸ਼ਤੇ (ਇਡਲੀ ਮਿਕਸ/ਉਤਪਮ ਮਿਕਸ/ਡੋਸਾ ਬੈਟਰ), ਸੇਵੀਆਂ, ਨੂਡਲਜ਼, ਪੈਨਕੇਕਸ ਮਿਕਸ, ਕੇਕ, ਪੂੜ੍ਹਾ, ਰੋਟੀ, ਪਾਪੜ ਆਦਿ ਬਣਾਏ ਜਾਂਦੇ ਹਨ। ਗਲੂਟਨ ਫਰੀ ਹੋਣ ਕਾਰਨ ਚੌਲਾਂ ਤੋਂ ਬਣੇ ਉਤਪਾਦਾਂ ਦੀ ਮਾਰਕੀਟ ਵਿੱਚ ਅੱਜ ਕੱਲ੍ਹ ਬਹੁਤ ਮੰਗ ਵਧੀ ਹੈ। ਰੈਡੀਮੇਡ ਸੂਪ ਪਾਊਡਰ ਤਿਆਰ ਕਰਨ ਵੇਲੇ ਚੌਲਾਂ ਦਾ ਆਟਾ ਸੂਪ ਨੂੰ ਸੰਘਣਾ ਕਰਨ ਵਜੋਂ ਵਰਤਿਆ ਜਾ ਸਕਦਾ। ਬਹੁਤ ਸਾਰੀਆਂ ਮਿਠਾਈਆਂ ਚੌਲਾਂ ਦੇ ਆਟੇ ਤੋਂ ਬਣਾਈਆਂ ਜਾਂਦੀਆਂ ਹਨ। ਟੋਟਾ ਚੌਲਾਂ ਤੋਂ ਬਹੁਤ ਸਾਰੇ ਉਤਪਾਦ ਅਤੇ ਵਿਅੰਜਨ ਤਿਆਰ ਕਰ ਕੇ ਉਸ ਦੇ ਮੁੱਲ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ ਅਤੇ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਸੈਲਫ਼ ਹੈਲਪ ਗਰੁੱਪ ਬਣਾ ਕੇ ਵੀ ਇਸ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ।
ਬਾਸਮਤੀ ਦਾ ਘਰੇਲੂ ਵਪਾਰ (Domestic Trading): ਮੰਡੀਆਂ ਵਿੱਚ ਬਾਸਮਤੀ ਝੋਨਾ ਲਿਜਾਣ ਤੋਂ ਪਹਿਲਾਂ Agmarknet.nic.in portal ’ਤੇ ਜਾਂ e-mandikaran site ’ਤੇ ਵੱਖ-ਵੱਖ ਮੰਡੀਆਂ ਦੇ ਰੋਜ਼ਾਨਾਂ ਦੇ ਰੇਟ ਪਤਾ ਕਰ ਕੇ ਹੀ ਉਸ ਮੁਤਾਬਕ ਵੱਧ ਰੇਟ ਮੁਹੱਈਆ ਕਰਾਉਣ ਵਾਲੀ ਮੰਡੀ ਵਿੱਚ ਜਿਣਸ ਲੈ ਕੇ ਜਾਓ। ਕੁਝ ਮੰਡੀਆਂ ਜਿੱਥੇ ਰਾਈਸ ਪ੍ਰਾਸੈਸਿੰਗ ਅਤੇ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਜਿਵੇਂ ਕਿ KRBL (India Gate Brand), ਲਾਲ ਕਿਲਾ ਰਾਈਸ ਐਕਸਪੋਰਟਰ, ਹਰਿਆਣਾ ਦੇ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਪੰਜਾਬ ਦੇ ਉਤਪਾਦਕਾਂ ਤੋਂ ਬਾਸਮਤੀ ਦੀ ਸਭ ਤੋਂ ਵੱਧ ਖ਼ਰੀਦ ਕੀਤੀ ਜਾਂਦੀ ਹੈ, ਅਜਿਹੀਆਂ ਮੰਡੀਆਂ ਤੱਕ ਉਪਜ ਦੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੀਆਂ ਕੁੱਝ ਮੰਡੀਆਂ ਜਿਵੇਂ ਰਾਜਪੁਰਾ, ਖੰਨਾ, ਚੀਕਾ, ਜਗਰਾਉਂ ਆਦਿ ਜਿੱਥੇ ਬਾਸਮਤੀ ਦੇ ਰੇਟ ਜ਼ਿਆਦਾਤਰ ਵੱਧ ਹੁੰਦੇ ਹਨ, ਅਜਿਹੀਆਂ ਮੰਡੀਆਂ ਰਾਹੀਂ ਮੰਡੀਕਰਨ ਕਰ ਕੇ ਜਿਣਸ ਦਾ ਉੱਚ ਮੁੱਲ ਪਾ ਸਕਦੇ ਹੋ।
ਬਾਸਮਤੀ ਦਾ ਨਿਰਯਾਤ ਵਪਾਰ: ਭਾਰਤ ਵਿਸ਼ਵ ਮੰਡੀ ਵਿੱਚ ਬਾਸਮਤੀ ਚੌਲਾਂ ਦਾ ਮੁੱਖ ਨਿਰਯਾਤਕ ਹੈ। ਪੰਜਾਬ ਦੇ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲ ਉੱਤਰੀ ਅਮਰੀਕਾ, ਯੂਰੋਪ, ਮੱਧ ਪੂਰਬ ਅਤੇ ਇਰਾਨ ਦੇ ਖ਼ਪਤਕਾਰਾਂ ਦੇ ਪਸੰਦੀਦਾ ਹਨ। ਇਸ ਸਾਲ ਪੰਜਾਬ ਵਿੱਚ ਬਾਸਮਤੀ ਹੇਠ ਰਕਬਾ ਵੀ ਪਿਛਲੇ ਸਾਲ ਨਾਲੋਂ 16 ਫ਼ੀਸਦੀ ਵਧਿਆ ਹੈ। ਅਪੈਡਾ (APEDA) ਦੇ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਬਾਸਮਤੀ ਚੌਲਾਂ ਦੇ ਨਿਰਯਾਤ ਤੋਂ ਭਾਰਤ ਦੀ ਵਿਦੇਸ਼ੀ ਮੁਦਰਾ ਕਮਾਈ 48,000 ਕਰੋੜ ਰੁਪਏ ਸੀ, ਜਿਸ ਵਿੱਚ ਪੰਜਾਬ ਨੇ ਘੱਟੋ-ਘੱਟ 40 ਫ਼ੀਸਦੀ ਯੋਗਦਾਨ ਪਾਇਆ ਸੀ ਅਤੇ ਨਿਰਯਾਤ ਦੀਆਂ ਮੁੱਖ ਕਿਸਮਾਂ ਵਿੱਚ ਪੰਜਾਬ ਬਾਸਮਤੀ ਪਹਿਲੇ ਸਥਾਨ ’ਤੇ ਹੈ।
ਬਾਸਮਤੀ ਚੌਲਾਂ ਦਾ ਪੂਰਾ ਮੁਨਾਫ਼ਾ ਲੈਣ ਲਈ ਜੇ ਤੁਸੀਂ ਨਿਰਯਾਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਫਰਮ/ਕਾਰੋਬਾਰ ਦਾ ਨਾਮ ਰੱਖ ਲਿਆ ਜਾਵੇ ਅਤੇ ਜੀਐੱਸਟੀ ਨੰਬਰ ਵੀ ਲੈ ਲਿਆ ਜਾਵੇ ਤਾਂ ਜੋ ਵਿਦੇਸ਼ੀ ਮੁਦਰਾ ਵਿੱਚ ਲੈਣ-ਦੇਣ ਲਈ ਅਧਿਕਾਰਤ ਬੈਂਕ ਵਿੱਚ ਚਾਲੂ ਖਾਤਾ (ਕਰੰਟ ਅਕਾਊਂਟ) ਖੁੱਲ੍ਹਵਾਇਆ ਜਾ ਸਕੇ। ਨਿਰਯਾਤ ਲਈ ਤੁਹਾਨੂੰ APEDA (ਅਪੈਡਾ) ਨਾਲ ਰਜਿਸਟਰ ਕਰਨਾ ਹੋਵੇਗਾ ਜਿਸ ਦੇ ਲਈ APEDA ਦੀ ਵੈਬਸਾਈਟ apeda.gov.in ’ਤੇ ਜਾ ਕੇ ‘Register as Member’ ਕਲਿਕ ਕਰੋ ਅਤੇ ਆਰਸੀਐੱਮਸੀ (ਰਜਿਸਟ੍ਰੇਸ਼ਨ ਕਮ ਮੈਂਬਰਸ਼ਿਪ ਸਰਟੀਫਿਕੇਟ) ਲਈ ਫਾਰਮ ਭਰੋ। ਇੰਪੋਰਟ-ਐਕਸਪੋਰਟ ਕੋਡ (IEC) ਨੰਬਰ ਲਈ ਭਾਰਤ ਸਰਕਾਰ ਦੇ ਆਨਲਾਈਨ ਪੋਰਟਲ (ieccodeindia.org) ’ਤੇ ਅਪਲਾਈ ਕਰ ਸਕਦੇ ਹੋ। ਇਸ ਲਈ ਫਾਈਟੋਸੈਨਟਰੀ ਸਰਟੀਫਿਕੇਟ ਦੀ ਵੀ ਜ਼ਰੂਰਤ ਹੁੰਦੀ ਹੈ ਜੋ ਸਰਕਾਰੀ ਵੈੱਬਸਾਈਟ www.indiafilings.com ’ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ। ਜੇ ਆਨਲਾਈਨ ਅਪਲਾਈ ਕਰਨ ਵਿੱਚ ਦਿੱਕਤ ਹੈ ਤਾਂ ਇਹ ਸਰਟੀਫਿਕੇਟ ਲੇਣ ਲਈ ਡੀਜੀਐਫਟੀ (ਡਾਇਰੈਕਟੋਰੇਟ ਜਨਰਲ ਫੋਰਨ ਟਰੇਡ) ਦਫ਼ਤਰ (ਬਲਾਕ-ਈ, ਬੀਆਰਐੱਸ ਨਗਰ, ਲੁਧਿਆਣਾ) ਵਿਖੇ ਸੰਪਰਕ ਕਰ ਸਕਦੇ ਹੋ।
ਬਾਸਮਤੀ ਦੇ ਖ਼ਰੀਦਦਾਰ ਲੱਭਣ ਲਈ ਅਪੈਡਾ ਵੱਲੋਂ ਲਗਾਏ ਵਪਾਰ ਮੇਲਿਆਂ, eximpedia.app ਵਰਗੇ ਆਨਲਾਈਨ ਬਾਜ਼ਾਰਾਂ ਰਾਹੀਂ ਸਿੱਧੇ ਆਯਾਤਕਾਂ ਨਾਲ ਨਿਰਯਾਤ ਵਪਾਰ ਲਈ ਸੰਪਰਕ ਕਰ ਸਕਦੇ ਹੋ। APEDA ਵੀ ਇਸ਼ਤਿਹਾਰਬਾਜ਼ੀ, ਪੈਕੇਜ਼ਿੰਗ ਵਿਕਾਸ ਅਤੇ ਮਾਰਕੀਟਿੰਗ ਵਿੱਚ ਸਹਾਇਤਾ ਕਰਦਾ ਹੈ। ਜ਼ਿਲ੍ਹਾ ਉਦਯੋਗ ਸੈਂਟਰ ਵੀ ਉੱਦਮੀ ਕਿਸਾਨਾਂ ਨੂੰ ਐਕਸਪੋਰਟ ਸਬੰਧੀ ਸਪੈਸ਼ਲ ਟ੍ਰੇਨਿੰਗਜ਼ ਮੁਹੱਈਆ ਕਰਵਾਉਂਦੇ ਹਨ।
ਝੋਨੇ ਦੇ ਸਫ਼ਲ ਮੰਡੀਕਰਨ ਲਈ ਨੁਕਤੇ: ਸਰਕਾਰ ਵੱਲੋਂ ਨਿਰਧਾਰਿਤ ਸਮਰਥਨ ਮੁੱਲ ’ਤੇ ਝੋਨੇ ਦੀ ਖ਼ਰੀਦ ਦੇ ਫ਼ੈਸਲੇ ਦਾ ਫ਼ਾਇਦਾ ਲੈਣ ਲਈ ਸਾਫ਼-ਸਵੱਛ, ਸੁੱਕੀ ਅਤੇ ਆਪਣੇ ਪੱਧਰ ’ਤੇ ਗ੍ਰੇਡ ਕੀਤੀ ਹੋਈ ਜਿਣਸ ਮੰਡੀ ਵਿੱਚ ਲੈ ਕੇ ਜਾਓ। ਸਰਕਾਰ ਵੱਲੋਂ ਮੰਡੀ ਵਿੱਚ ਆਈ ਹਰ ਢੇਰੀ ਦੀ ਉਸੇ ਦਿਨ ਬੋਲੀ ਸਵੇਰੇ 11.30 ਵਜੇ ਤੋਂ ਸ਼ਾਮ 4.00 ਵਜੇ ਤੱਕ ਮੁਕੰਮਲ ਕਰਨ ਅਤੇ ਬੋਲੀ ਤੋਂ ਬਾਅਦ ਉਸੇ ਦਿਨ ਤੁਲਾਈ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਣਸ ਦੇ ਅਣਵਿਕੇ ਰਹਿਣ ਦਾ ਕਾਰਨ ਜਿਣਸ ਦੀ ਸਫ਼ਾਈ ਨਾ ਹੋਣਾ, ਨਮੀ ਵੱਧ ਹੋਣਾ ਅਤੇ ਨਿਰਧਾਰਿਤ ਮਾਪਦੰਡਾਂ ਮੁਤਾਬਕ ਨਾ ਹੋਣਾ ਹੁੰਦਾ ਹੈ। ਇਸ ਲਈ ਇਨ੍ਹਾਂ ਗੱਲਾਂ ਦਾ ਪਹਿਲਾਂ ਤੋਂ ਹੀ ਧਿਆਨ ਰੱਖਦੇ ਹੋਏ ਵਿਕਣ ਵਿੱਚ ਅਣਲੋੜੀਂਦੀ ਦੇਰੀ ਅਤੇ ਖੱਜਲ-ਖੁਆਰੀ ਤੋਂ ਬਚਿਆ ਜਾ ਸਕਦਾ ਹੈ। ਬੋਲੀ ਸਮੇਂ ਹਾਜ਼ਰ ਰਹਿਣ, ਜਿਣਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆਂ ਦੀ ਵਰਤੋਂ, ਕੰਡਿਆਂ ਦਾ ਜ਼ਮੀਨ ’ਤੇ ਇਕਸਾਰ ਲੈਵਲ ਹੋਣ ਆਦਿ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸ਼ੈਕਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਸੀਜ਼ਨ ਦੌਰਾਨ ਹਰ ਮੰਡੀ ਵਿੱਚ ਕਿਸਾਨਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਲਗਾਤਾਰ ਕੰਡੇ ਵੱਟੇ ਅਤੇ ਤੋਲ ਚੈੱਕ ਕੀਤੇ ਜਾਂਦੇ ਹਨ। ਝੋਨੇ ਦੀ 37.5 ਕਿਲੋ/ਬੋਰੀ ਦੀ ਭਰਤੀ ਨਿਸ਼ਚਿਤ ਕੀਤੀ ਗਈ ਹੈ।
ਨਿਰਧਾਰਤ ਲੇਬਰ ਖ਼ਰਚੇ: ਕਿਸਾਨਾਂ ਨੇ ਸਿਰਫ਼ ਅਣਲੋਡਿੰਗ ਦੇ 2.45 ਰੁਪਏ/ ਯੂਨਿਟ ਅਤੇ ਮਸ਼ੀਨ ਰਾਹੀਂ ਸਾਫ਼-ਸਫ਼ਾਈ ਦੇ 4.34 ਰੁਪਏ/ਯੂਨਿਟ ਦਾ ਭੁਗਤਾਨ ਕਰਨਾ ਹੈ। ਬਾਕੀ ਭਰਾਈ, ਤੋਲਾਈ, ਸਿਲਾਈ ਅਤੇ ਲੋਡਿੰਗ ਦਾ ਖ਼ਰਚਾ ਖ਼ਰੀਦ ਏਜੰਸੀ/ਖ਼ਰੀਦਦਾਰ ਵੱਲੋਂ ਦਿੱਤਾ ਜਾਣਾ ਹੁੰਦਾ ਹੈ। ਜਿਣਸ ਦੇ ਅਣਲੋੜੀਂਦੇ ਨੁਕਸਾਨ ਤੋਂ ਬਚਣ ਲਈ ਮਸ਼ੀਨ ਨਾਲ ਸਫ਼ਾਈ (ਪਾਵਰ ਅਪਰੇਟਿਡ) ਸਿਰਫ਼ ਇੱਕ ਵਾਰੀ ਅਤੇ ਹੱਥੀਂ ਸਫ਼ਾਈ (manual cleaning) ਦੋ ਵਾਰ ਤੋਂ ਵੱਧ ਨਾ ਕਰਵਾਈ ਜਾਵੇ।
ਸਫ਼ਲ ਮੰਡੀਕਰਨ ਲਈ ਮੰਡੀ ਬੋਰਡ ਪੱਧਰ, ਜ਼ਿਲ੍ਹਾ ਪੱਧਰ, ਸਟੇਟ ਪੱਧਰ ਉੱਪਰ ਕੰਟਰੋਲ ਰੂਮ ਬਣਾਏ ਜਾਂਦੇ ਹਨ। ਕਿਸੇ ਕਿਸਮ ਦੀ ਦਿੱਕਤ ਦੀ ਸੂਰਤ ਵਿੱਚ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਮਾਰਕੀਟ ਕਮੇਟੀ ਪੱਧਰ ’ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਖ਼ਰੀਦ ਏਜੰਸੀ ਵੱਲੋਂ ਅਨਾਜ ਖ਼ਰੀਦ ਪੋਰਟਲ ਰਾਹੀਂ ਜਿਣਸ ਦੀ ਅਦਾਇਗੀ ਵੇਚਣ ਵਾਲੇ ਜ਼ਿਮੀਂਦਾਰ ਦੇ ਸਿੱਧੀ ਖਾਤੇ ਵਿੱਚ ਆਨਲਾਈਨ ਹੀ ਕੀਤੀ ਜਾਵੇਗੀ। ਜੇ-ਫਾਰਮ ਵੀ ਇਸੇ ਪੋਰਟਲ ਰਾਹੀਂ ਆਨਲਾਈਨ ਪ੍ਰਾਪਤ ਕੀਤੀ ਜਾ ਸਕੇਗਾ।
ਆਪਣੀ ਝੋਨੇ ਦੀ ਉਪਜ ਨੂੰ ਸਾਫ਼-ਸੁਥਰੀ, ਸੁੱਕੀ, ਨਮੀ ਰਹਿਤ, ਇੱਕਸਾਰ ਗੁਣਵੱਤਾ ਵਾਲੀ, ਅਸ਼ੁੱਧੀਆਂ ਰਹਿਤ ਅਤੇ ਮੌਸਮ ਦਾ ਧਿਆਨ ਰੱਖਦੇ ਹੋਏ ਲੈ ਕੇ ਜਾਓ ਤਾਂ ਜੋ ਮੰਡੀਕਰਨ ਸੌਖਾਲਾ, ਸੁਚੱਜਾ, ਸਮੇਂ ਸਿਰ, ਕੁਸ਼ਲ ਅਤੇ ਉੱਚ ਮੁੱਲ ਦਿਵਾਉਣ ਵਾਲਾ ਹੋਵੇ।
*ਖੇਤੀਬਾੜੀ ਮਾਰਕੀਟਿੰਗ ਅਫ਼ਸਰ, ਲੁਧਿਆਣਾ।

Advertisement
Author Image

joginder kumar

View all posts

Advertisement