ਪੰਜਾਬ ਵਿਚ ਅਮਰੂਦ ਦੀ ਕਾਸ਼ਤ ਬਾਰੇ ਅਹਿਮ ਨੁਕਤੇ
ਸੁਖਜਿੰਦਰ ਸਿੰਘ ਮਾਨ
ਪੰਜਾਬ ਵਿੱਚ ਰਕਬੇ ਮੁਤਾਬਕ ਕਾਸ਼ਤ ਕੀਤੇ ਜਾ ਰਹੇ ਫ਼ਲਾਂ ਵਿੱਚੋਂ ਅਮਰੂਦ ਦੂਜੇ ਨੰਬਰ ਦਾ ਫ਼ਲ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਸ ਫ਼ਲ ਦੀ ਕਾਸ਼ਤ ਹੇਠ ਰਕਬੇ ਵਿੱਚ ਕਾਫ਼ੀ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਇਸ ਫ਼ਲ ਦੀ ਕਾਸ਼ਤ ਦੇ ਅਨੁਕੂਲ ਪੌਣ-ਪਾਣੀ ਹੋਣ ਸਦਕਾ ਇਸ ਦੀ ਕਾਸ਼ਤ ਹੇਠ ਰਕਬਾ ਵਧਾਉਣ ਦੀ ਕਾਫ਼ੀ ਗੁੰਜਾਇਸ਼ ਬਾਕੀ ਹੈ। ਇਸ ਫਲ ਦੇ ਪੌਦਿਆਂ ’ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਅਮਰੂਦ ਦੇ ਬਾਗ਼ਾਂ ਦੀ ਦੇਖਭਾਲ ਕਰਨੀ ਵੀ ਬਹੁਤ ਸੌਖੀ ਹੁੰਦੀ ਹੈ। ਇਸ ਲਈ ਇਸ ਫ਼ਲ ਦੀ ਕਾਸ਼ਤ ਪੰਜਾਬ ਭਰ ਦੇ ਕਿਸਾਨਾਂ ਵਿਚ ਕਾਫ਼ੀ ਮਕਬੂਲ ਹੋ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਮਰੂਦਾਂ ਦੀਆਂ ਕਈ ਕਿਸਮਾਂ ਜਿਵੇਂ ਕਿ ਪੰਜਾਬ ਸਫ਼ੈਦਾ, ਪੰਜਾਬ ਕਿਰਨ, ਪੰਜਾਬ ਐਪਲ ਅਮਰੂਦ, ਸ਼ਵੇਤਾ, ਸਰਦਾਰ, ਅਲਾਹਾਬਾਦ ਸਫ਼ੈਦਾ ਅਤੇ ਪੰਜਾਬ ਪਿੰਕ ਸਿਫ਼ਾਰਸ਼ ਕੀਤੀਆਂ ਜਾਂਦੀਆ ਹਨ। ਇਹ ਸਾਰੀਆਂ ਕਿਸਮਾਂ ਤਾਜ਼ੀਆਂ ਖਾਣ ਲਈ ਅਤੇ ਪ੍ਰਾਸੈਸਿੰਗ ਕਰਨ ਵਾਸਤੇ ਬਹੁਤ ਢੁੱਕਵੀਆਂ ਹਨ। ਪੀਏਯੂ ਵੱਲੋਂ ਅਮਰੂਦਾਂ ਦੇ ਚੰਗੇ ਝਾੜ ਅਤੇ ਵਧੀਆ ਗੁਣਵੱਤਾ ਲਈ ਕਈ ਪੈਦਾਵਾਰ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਵਿਕਸਿਤ ਕੀਤੀਆਂ ਗਈਆਂ ਹਨ। ਜਿਵੇਂ ਕਿ ਪੁਰਾਣੇ ਬਾਗ਼ਾਂ ਨੂੰ ਸੁਰਜੀਤ ਕਰਨ ਦੀ ਵਿਧੀ, ਬਾਗ਼ਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵਿਧੀ, ਪਾਣੀ ਅਤੇ ਖਾਦਾਂ ਦੀ ਬੱਚਤ ਲਈ ਤੁਪਕਾ ਪ੍ਰਣਾਲੀ ਅਤੇ ਫਰਟੀਗੇਸ਼ਨ ਦੀ ਵਿਧੀ, ਫਲਾਂ ਦੀ ਇਕਸਾਰਤਾ ਤਕਨੀਕ, ਜਨਿ੍ਹਾਂ ਨੂੰ ਅਪਣਾ ਕੇ ਪੰਜਾਬ ਦੇ ਅਮਰੂਦ ਕਾਸ਼ਤਕਾਰਾਂ ਵੱਲੋਂ ਵਧੇਰੇ ਝਾੜ, ਚੰਗੀ ਗੁਣਵੱਤਾ ਵਾਲੇ ਫਲਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਰਸਾਤੀ ਮੌਸਮ ਵਿੱਚ ਅਮਰੂਦਾਂ ਨੂੰ ਫਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੀਏਯੂ ਫਰੂਟ ਫਲਾਈ ਟਰੈਪ ਅਤੇ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਬੂਟਿਆਂ ਉੱਪਰ ਬੈਗਿੰਗ ਕਰ ਕੇ ਗੁਣਵੱਤਾ ਸੁਧਾਰ ਆਦਿ ਤਕਨੀਕਾਂ ਪ੍ਰਮੁੱਖ ਹਨ।
ਅਮਰੂਦਾਂ ਦੀ ਖ਼ੁਰਾਕੀ ਮਹੱਤਤਾ
ਵਪਾਰਕ ਪੱਧਰ ’ਤੇ ਕਾਸ਼ਤ ਕੀਤੇ ਜਾਂਦੇ ਰਹੇ ਫਲਾਂ ਵਿੱਚੋਂ ਸਿਰਫ਼ ਬਾਰਬਾਡੋਸ ਚੈਰੀ ਅਤੇ ਆਉਲੇ ਤੋਂ ਬਾਅਦ ਸਭ ਤੋਂ ਵੱਧ ਵਿਟਾਮਨਿ ‘ਸੀ’ ਅਮਰੂਦਾਂ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਨਿੰਬੂ ਜਾਤੀ ਦੇ ਫਲਾਂ ਨਾਲੋਂ ਵੀ 2-5 ਗੁਣਾ ਅਤੇ ਟਮਾਟਰ ਨਾਲੋਂ 10 ਗੁਣਾ ਵੱਧ ਮਾਤਰਾ ਵਿੱਚ ਵਿਟਾਮਨਿ ‘ਸੀ’ ਉਪਲੱਬਧ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਲੋਹਾ, ਪੈਂਟੋਥੈਨਿਕ ਐਸਿਡ, ਥਾਇਆਮਨਿ ਅਤੇ ਨੀਆਸਨਿ ਦਾ ਬਹੁਤ ਚੰਗਾ ਸਰੋਤ ਹੈ। ਅਮਰੂਦਾਂ ਵਿੱਚ ਬਿਮਾਰੀਆਂ ਨਾਲ ਲੜਨ ਵਾਲੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਹ ਉੱਪਰਲੇ ਬਲੱਡ ਪ੍ਰੈਸ਼ਰ (ਸਿਸਟੋਲਿਕ) ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਅਮਰੂਦ ਦਾ ਫਲ ਪੇਟ ਨਾਲ ਸਬੰਧਿਤ ਅਲਾਮਤਾਂ ਨੂੰ ਦੂਰ ਕਰਨ ਵਿਚ ਵੀ ਕਾਫ਼ੀ ਕਾਰਗਰ ਮੰਨਿਆ ਜਾਂਦਾ ਹੈ। ਅਮਰੂਦਾਂ ਦੀ ਖ਼ੁਰਾਕੀ ਮਹੱਤਤਾ ਦਾ ਸਾਰਨੀ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਵਿੱਚ ਅਮਰੂਦਾਂ ਅਤੇ ਸੇਬਾਂ ਵਿੱਚ ਮੌਜੂਦ ਖ਼ੁਰਾਕੀ ਤੱਤਾਂ ਦੀ ਮਾਤਰਾ ਦੀ ਤੁਲਨਾ ਕੀਤੀ ਗਈ ਹੈ।
ਬਾਕੀ ਫ਼ਲਾਂ ਦੇ ਮੁਕਾਬਲੇ ਅਮਰੂਦਾਂ ਦੀ ਕਾਸ਼ਤ ਕਰਨ ਦੇ ਫ਼ਾਇਦੇ
ਅਮਰੂਦ ਦੀ ਕਾਸ਼ਤ ਬਹੁਤ ਸਾਰੀਆਂ ਕਿਸਮਾਂ ਦੀ ਮਿੱਟੀ ਅਤੇ ਪੌਣ-ਪਾਣੀ ਵਿੱਚ ਹੋ ਸਕਦੀ ਹੈ। ਇਹ ਫਲ ਜ਼ਮੀਨ ਅਤੇ ਪਾਣੀ ਵਿਚਲੇ ਮਾੜੇ ਤੱਤਾਂ ਨੂੰ ਵੀ ਕਾਫ਼ੀ ਹੱਦ ਤੱਕ ਸਹਿਣ ਕਰ ਲੈਂਦਾ ਹੈ ਤੇ ਕੁਝ ਜ਼ਰੂਰੀ ਜ਼ਮੀਨੀ ਸੁਧਾਰ ਕਰ ਕੇ ਅਮਰੂਦਾਂ ਦੇ ਬਾਗ਼ਾਂ ਨੂੰ ਅਜਿਹੀਆਂ ਜ਼ਮੀਨਾਂ ਵਿੱਚ ਪੂਰਾ ਕਾਮਯਾਬ ਕੀਤਾ ਜਾ ਸਕਦਾ ਹੈ। ਅਮਰੂਦ ਅਸਥਾਈ ਸੇਮ ਅਤੇ ਵਧੇਰੇ ਪਾਣੀ ਵਾਲੇ ਹਾਲਾਤ ਨੂੰ ਵੀ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ। ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਵੀ ਇਸ ਫ਼ਲਦਾਰ ਬੂਟੇ ਉੱਪਰ ਕੋਈ ਖ਼ਾਸ ਬੁਰਾ ਅਸਰ ਨਹੀਂ ਪਾਉਂਦੀ। ਇਨ੍ਹਾਂ ਸਾਰੀਆਂ ਖ਼ੂਬੀਆਂ ਕਰ ਕੇ ਇਸ ਫ਼ਲ ਦੀ ਕਾਸ਼ਤ ਪੰਜਾਬ ਦੇ ਤਕਰੀਬਨ ਹਰੇਕ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਘਰੇਲੂ ਪੱਧਰ ’ਤੇ ਕਾਸ਼ਤ ਕਰਨ ਲਈ ਵੀ ਇਹ ਸਭ ਤੋਂ ਢੁਕਵਾਂ ਫਲ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਅਮਰੂਦਾਂ ਨੂੰ ਸਾਲ ਵਿੱਚ ਦੋ ਵਾਰ ਫਲ ਲਗਦਾ ਹੈ, ਪਹਿਲਾ ਬਰਸਾਤ ਰੁੱਤ ਅਤੇ ਦੂਜਾ ਸਰਦ ਰੁੱਤ ਵਿੱਚ। ਇਸ ਲਈ ਇਸ ਫਲ ਦੀ ਉਪਲੱਬਧਤਾ ਕਾਫ਼ੀ ਲੰਬੇ ਸਮੇ ਤੱਕ ਬਣੀ ਰਹਿੰਦੀ ਹੈ। ਬਾਗ਼ਾਂ ਦੀ ਸੁਚੱਜੀ ਸਾਂਭ-ਸੰਭਾਲ ਕਰ ਕੇ ਦੋਵੇਂ ਫ਼ਸਲਾਂ ਤੋਂ ਚੋਖਾ ਲਾਭ ਲਿਆ ਜਾ ਸਕਦਾ ਹੈ। ਜੇ ਕਿਸੇ ਕਾਰਨ ਅਮਰੂਦਾਂ ਦੀ ਇੱਕ ਫ਼ਸਲ ਤੋਂ ਮੁਨਾਫ਼ਾ ਘਟ ਜਾਵੇ ਤਾਂ ਦੂਜੀ ਫ਼ਸਲ ਇਸ ਘਾਟੇ ਨੂੰ ਉਸੇ ਸਾਲ ਦੌਰਾਨ ਹੀ ਪੂਰਾ ਕਰ ਦਿੰਦੀ ਹੈ।
ਅਮਰੂਦਾਂ ਦੀ ਜ਼ਿਆਦਾਤਰ ਖ਼ਪਤ ਤਾਜ਼ੇ ਫਲਾਂ ਦੇ ਤੌਰ ’ਤੇ ਹੀ ਕੀਤੀ ਜਾਂਦੀ ਹੈ ਪਰ ਇਸ ਤੋਂ ਅਨੇਕਾਂ ਤਰ੍ਹਾਂ ਦੇ ਪ੍ਰਾਸੈਸਡ ਪਦਾਰਥ ਬਣਾਏ ਜਾ ਸਕਦੇ ਹਨ। ਜਿਵੇਂ ਕਿ ਸਕੁਐਸ਼, ਨੈਕਟਰ, ਜੈਮ, ਜੈਲੀ, ਪਾਊਡਰ, ਬਰਫੀ, ਕੈਨਡ ਅਮਰੂਦ, ਸ੍ਰੀ-ਖੰਡ, ਬਾਰਜ਼ ਅਤੇ ਯੋਗਰਟ ਵੀ ਬਣਾਏ ਜਾ ਸਕਦੇ ਹਨ। ਇਨ੍ਹਾਂ ਪਦਾਰਥਾਂ ਦੀ ਵਿਕਰੀ ਤੋਂ ਹੋਰ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਅਮਰੂਦਾਂ ਦੀ ਪ੍ਰਾਸੈਸਿੰਗ ਕਰਨ ਲਈ ਛੋਟੇ ਪੱਧਰ ਦੀਆਂ ਇਕਾਈਆਂ ਲਗਾ ਕੇ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਸਕਦੇ ਹਨ।
ਅਮਰੂਦਾਂ ਦੇ ਬੂਟਿਆਂ ਨੂੰ ਹੋਰ ਫਲਦਾਰ ਬੂਟਿਆਂ ਮੁਕਾਬਲੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬਹੁਤ ਘੱਟ ਲਗਦੀਆਂ ਹਨ। ਇਸ ਨੂੰ ਮੁੱਖ ਤੌਰ ’ਤੇ ਸਿਰਫ਼ ਇੱਕ ਕੀੜੇ ‘ਫ਼ਲ ਦੀ ਮੱਖੀ’ ਦੇ ਹਮਲੇ ਅਤੇ ਇੱਕ ਬਿਮਾਰੀ ‘ਮੁਰਝਾਉਣ ਦੇ ਰੋਗ’ (ਵਿਲਟ) ਦਾ ਸਾਹਮਣਾ ਕਰਨਾ ਪੈਦਾ ਹੈ। ਫਲ ਦੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਪੀਏਯੂ ਫਰੂਟ ਫਲਾਈ ਟਰੈਪ ਅਤੇ ਨਾਨ-ਵੂਵਨ ਲਿਫਾਫਿਆਂ ਦੀ ਵਰਤੋਂ ਦੀ ਤਕਨੀਕ ਵਿਕਸਤ ਕੀਤੀ ਗਈ ਹੈ ਜਿਸ ਨੂੰ ਬਾਗ਼ਬਾਨ ਵੱਡੀ ਪੱਧਰ ’ਤੇ ਅਪਣਾ ਰਹੇ ਹਨ। ਅਮਰੂਦਾਂ ਵਿਚ ਮੁਰਝਾਉਣ ਦੇ ਰੋਗ ਦੀ ਰੋਕਥਾਮ ਲਈ ਵੀ ਤਕਨੀਕਾਂ ਸੁਝਾਈਆਂ ਗਈਆਂ ਹਨ।
ਚੰਗੀ ਦੇਖ-ਭਾਲ ਵਾਲੇ ਬਾਗ਼ 2-3 ਸਾਲਾਂ ਵਿੱਚ ਹੀ ਚੰਗਾ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਅਮਰੂਦ ਦੇ ਬਾਗ਼ਾਂ ਵਿੱਚ ਅੰਤਰ-ਫ਼ਸਲਾਂ ਦੀ ਬਿਜਾਈ ਕਰ ਕੇ ਪਹਿਲੇ 3-4 ਸਾਲ ਆਮਦਨ ਬਰਕਰਾਰ ਰੱਖੀ ਜਾ ਸਕਦੀ ਹੈ।
ਅਮਰੂਦ ਦੇ ਇਨ੍ਹਾਂ ਸਾਰੇ ਗੁਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਚੰਗੀ ਸਿਹਤ ਲਈ ਇਸ ਫਲ ਦਾ ਵੱਧ ਤੋਂ ਵੱਧ ਸੇਵਨ ਕਰਨ ਅਤੇ ਲੋੜੀਂਦੇ ਖ਼ੁਰਾਕੀ ਤੱਤ ਹਾਸਲ ਕਰਨ।
*ਰਿਸਰਚ ਐਸੋਸੀਏਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ।
ਸੰਪਰਕ: 96533-45331