For the best experience, open
https://m.punjabitribuneonline.com
on your mobile browser.
Advertisement

ਨਵੀਂ ਸਰਕਾਰ ’ਚ ਅਹਿਮ ਮੰਤਰਾਲੇ ਭਾਜਪਾ ਦੀ ਝੋਲੀ

07:27 AM Jun 11, 2024 IST
ਨਵੀਂ ਸਰਕਾਰ ’ਚ ਅਹਿਮ ਮੰਤਰਾਲੇ ਭਾਜਪਾ ਦੀ ਝੋਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਕੈਬਨਿਟ ਦੀ ਪਹਿਲੀ ਮੀਿਟੰਗ ਦੀ ਪ੍ਰਧਾਨਗੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਐੱਨਡੀਏ ਦੀ ਅਹਿਮ ਭਾਈਵਾਲ ਟੀਡੀਪੀ ਨੂੰ ਮਿਲਿਆ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਜੇਡੀਯੂ ਨੂੰ ਪੰਚਾਇਤੀ ਰਾਜ ਤੇ ਪਸ਼ੂ ਪਾਲਣ
* ਸ਼ਿਵਰਾਜ ਚੌਹਾਨ ਨੂੰ ਖੇਤੀ ਤੇ ਮਨੋਹਰ ਲਾਲ ਨੂੰ ਬਿਜਲੀ ਮਹਿਕਮਾ

Advertisement

ਨਵੀਂ ਦਿੱਲੀ, 10 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨਡੀਏ ਸਰਕਾਰ ਵਿਚ ਭਾਜਪਾ ਨੇ ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮੰਤਰਾਲੇ ਤੇ ਰੇਲਵੇ ਸਣੇ ਕਈ ਅਹਿਮ ਮੰਤਰਾਲੇ ਆਪਣੇ ਕੋਲ ਰੱਖੇ ਹਨ। ਪਾਰਟੀ ਨੇ ਆਪਣੇ ਸਿਖਰਲੇ ਚਾਰ ਆਗੂਆਂ- ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਤੇ ਐੱਸ.ਜੈਸ਼ੰਕਰ ਨੂੰ ਨਵੀਂ ਕੈਬਨਿਟ ਵਿਚ ਕ੍ਰਮਵਾਰ ਪੁਰਾਣੇ ਮੰਤਰਾਲਿਆਂ- ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮਾਮਲੇ ਨਾਲ ਨਿਵਾਜਿਆ ਹੈ। ਅਸ਼ਵਨੀ ਵੈਸ਼ਨਵ ਰੇਲ ਮੰਤਰੀ ਅਤੇ ਮਨਸੁਖ ਮਾਂਡਵੀਆ ਕਿਰਤ ਤੇ ਰੁਜ਼ਗਾਰ ਦੇ ਨਾਲ ਖੇਡ ਮੰਤਰੀ ਹੋਣਗੇ। ਕੇਂਦਰੀ ਕੈਬਨਿਟ ਵਿਚ ਨਵੇਂ ਚਿਹਰਿਆਂ ਵਜੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਾਮਲ ਕੀਤਾ ਗਿਆ ਹੈ। ਚੌਹਾਨ ਨੂੰ ਖੇਤੀ ਤੇ ਪੇਂਡੂ ਵਿਕਾਸ, ਨੱਢਾ ਨੂੰ ਸਿਹਤ ਜਦੋਂਕਿ ਖੱਟਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰਾਲੇ ਮਿਲੇ ਹਨ। ਨੱਢਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਸਿਹਤ ਮੰਤਰੀ ਰਹਿ ਚੁੱਕੇ ਹਨ। ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਫੂਡ ਪ੍ਰੋਸੈਸਿੰਗ ਤੇ ਰੇਲ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਨਵੀਂ ਕੈਬਨਿਟ ਵਿਚ ਨਿਤਿਨ ਗਡਕਰੀ ਪਹਿਲਾਂ ਵਾਂਗ ਸੜਕੀ ਆਵਾਜਾਈ ਮੰਤਰੀ ਤੇ ਧਰਮੇਂਦਰ ਪ੍ਰਧਾਨ ਸਿੱਖਿਆ ਮੰਤਰੀ ਵਜੋਂ ਜ਼ਿੰਮੇਵਾਰੀਆਂ ਨਿਭਾਉਣਗੇ। ਕਿਰਨ ਰਿਜਿਜੂ ਨੂੰ ਧਰਤ ਵਿਗਿਆਨ ਮੰਤਰਾਲੇ ਤੋਂ ਸੰਸਦੀ ਮਾਮਲੇ ਮੰਤਰਾਲੇ ’ਚ ਭੇਜ ਦਿੱਤਾ ਹੈ ਜਦੋਂਕਿ ਅਰਜੁਨ ਰਾਮ ਮੇਘਵਾਲ ਕਾਨੂੰਨ ਮੰਤਰੀ ਬਣੇ ਰਹਿਣਗੇ। ਸਰਬਾਨੰਦ ਸੋਨੋਵਾਲ ਜਹਾਜ਼ਰਾਨੀ ਮੰਤਰਾਲਾ ਆਪਣੇ ਕੋਲ ਰੱਖਣਗੇ। ਅਸ਼ਵਨੀ ਵੈਸ਼ਨਵ ਨੂੰ ਇਕ ਵਾਰ ਫਿਰ ਰੇਲਵੇ ਅਤੇ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲਿਆਂ ਦਾ ਭਾਰ ਸੰਭਾਲਿਆ ਗਿਆ ਹੈ। ਇਨ੍ਹਾਂ ਦੋ ਮਹਿਕਮਿਆਂ ਤੋਂ ਇਲਾਵਾ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਨ ਜਿਹਾ ਅਹਿਮ ਮੰਤਰਾਲਾ ਵੀ ਦਿੱਤਾ ਗਿਆ ਹੈ। ਪਿਊਸ਼ ਗੋਇਲ ਦੀ ਝੋਲੀ ਮੁੜ ਵਣਜ ਤੇ ਸਨਅਤ ਮੰਤਰਾਲਾ ਪਿਆ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਹਰਦੀਪ ਸਿੰਘ ਪੁਰੀ ਕੋਲ ਹੀ ਰਹੇਗਾ।

ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੋਂ ਆਸ਼ੀਰਵਾਦ ਲੈਂਦੇ ਹੋਏ। -ਫੋਟੋ: ਪੀਟੀਆਈ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ੍ਰੀ ਮੋਦੀ ਦੀ ਸਿਫਾਰਸ਼ ’ਤੇ ਪ੍ਰਧਾਨ ਮੰੰਤਰੀ ਸਣੇ ਕੇਂਦਰੀ ਕੈਬਨਿਟ ਦੇ 72 ਮੈਂਬਰਾਂ ਨੂੰ ਮੰਤਰਾਲਿਆਂ ਦੀ ਵੰਡ ਕੀਤੇ ਜਾਣ ਦੀ ਹਦਾਇਤ ਕੀਤੀ ਹੈ। ਕੇਂਦਰੀ ਕੈਬਨਿਟ ਵਿਚ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦੇ ਪੰਜ ਮੈਂਬਰਾਂ ਜਨਤਾ ਦਲ (ਸੈਕੁਲਰ) ਦੇ ਐੱਚਡੀ ਕੁਮਾਰਸਵਾਮੀ ਨੂੰ ਭਾਰੀ ਸਨਅਤਾਂ ਤੇ ਸਟੀਲ ਮੰਤਰਾਲਾ, ਜੀਤਨ ਰਾਮ ਮਾਂਝੀ (ਐੱਚਏਐੱਮ-ਸੈਕੁਲਰ) ਨੂੰ ਮਾਈਕਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਿਜ਼ ਮੰਤਰਾਲਾ, ਜੇਡੀਯੂ ਦੇ ਲੱਲਨ ਸਿੰਘ ਨੂੰ ਪੰਚਾਇਤੀ ਰਾਜ, ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲਾ, ਟੀਡੀਪੀ ਦੇ ਕੇ.ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਭਾਜਪਾ ਆਗੂ ਸੀਆਰ ਪਾਟਿਲ ਨੂੰ ਜਲ ਸ਼ਕਤੀ ਤੇ ਗਜੇਂਦਰ ਸਿੰਘ ਸ਼ੇਖਾਵਤ ਨੂੰ ਸਭਿਆਚਾਰ ਤੇੇ ਸੈਰ-ਸਪਾਟਾ ਮੰਤਰਾਲਾ ਮਿਲਿਆ ਹੈ। ਅਮਿਤ ਸ਼ਾਹ ਕੋਲ ਗ੍ਰਹਿ ਤੋਂ ਇਲਾਵਾ ਸਹਿਕਾਰਤਾ ਮੰਤਰਾਲਾ ਵੀ ਰਹੇਗਾ ਜਦੋਂਕਿ ਸੀਤਾਰਮਨ ਕਾਰਪੋਰੇਟ ਮੰਤਰਾਲੇ ਦਾ ਕੰਮਕਾਜ ਵੀ ਦੇਖਣਗੇ। ਵੀਰੇਂਦਰ ਕੁਮਾਰ ਕੋਲ ਪਹਿਲਾ ਦੀ ਤਰ੍ਹਾਂ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਰਹੇਗਾ ਜਦੋਂਕਿ ਜੁਆਲ ਓਰਮ ਨਵੇਂ ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਹੋਣਗੇ। ਪ੍ਰਹਿਲਾਦ ਜੋਸ਼ੀ, ਜਿਨ੍ਹਾਂ ਕੋਲ ਪਹਿਲਾਂ ਕੋਲਾ ਤੇ ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਸਨ, ਨੂੰ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦਿੱਤੇ ਗਏ ਹਨ। ਗਿਰੀਰਾਜ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲੇ ਤੋਂ ਬਦਲ ਕੇ ਟੈਕਸਟਾਈਲ ਵਿਚ ਤਬਦੀਲ ਕੀਤਾ ਹੈ। ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਹੁਣ ਕਮਿਊਨੀਕੇਸ਼ਨਜ਼ ਤੇ ਉੱਤਰ ਪੂਰਬੀ ਖਿੱਤੇ ਦੇ ਵਿਕਾਸ ਮੰਤਰਾਲਿਆਂ ਦੇ ਇੰਚਾਰਜ ਹੋਣਗੇ। ਅੰਨਾਪੂਰਨਾ ਦੇਵੀ ਨਵੇਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਹਨ। ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਆਗੂਆਂ ਵਿਚੋਂ ਭਾਜਪਾ ਦੇ ਭਾਈਵਾਲ ਤੇ ਆਰਐੱਲਡੀ ਆਗੂ ਜੈਯੰਤ ਚੌਧਰੀ ਨੂੰ ਹੁਨਰ ਵਿਕਾਸ ਤੇ ਉੱਦਮੀਆਂ ਬਾਰੇ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ ਜਦੋਂਕਿ ਸ਼ਿਵ ਸੈਨਾ ਆਗੂ ਜਾਧਵ ਪ੍ਰਤਾਪ ਰਾਓ ਗਣਪਤਰਾਓ ਆਯੂਸ਼ ਮੰਤਰਾਲੇ ਦਾ ਕਾਰਜਭਾਰ ਦੇਖਣਗੇ। -ਪੀਟੀਆਈ

ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ 17ਵੀਂ ਕਿਸ਼ਤ ਜਾਰੀ

ਨਵੀਂ ਦਿੱਲੀ: ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਨਰਿੰਦਰ ਮੋਦੀ ਨੇ ਅੱਜ ਸਭ ਤੋਂ ਪਹਿਲਾਂ ਜਿਸ ਫਾਈਲ ’ਤੇ ਦਸਤਖ਼ਤ ਕੀਤੇ, ਉਹ ‘ਪੀਐੱਮ ਕਿਸਾਨ ਨਿਧੀ’ ਫੰਡਾਂ ਦੀ 17ਵੀਂ ਕਿਸ਼ਤ ਜਾਰੀ ਕਰਨ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਰਕਾਰ ਦਾ ਪਹਿਲਾ ਫ਼ੈਸਲਾ ਕਿਸਾਨਾਂ ਦੀ ਭਲਾਈ ਲਈ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੇ ਸਮੇਂ ’ਚ ਸਰਕਾਰ ਕਿਸਾਨਾਂ ਤੇ ਖੇਤੀ ਖੇਤਰ ਲਈ ਹੋਰ ਵੀ ਵੱਧ ਕੰਮ ਕਰਦੇ ਰਹਿਣਾ ਚਾਹੁੰਦੀ ਹੈ। ਪੀਐੱਮ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਨਾਲ 9.3 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਇਸ ਤਹਿਤ ਤਕਰੀਬਨ 20 ਹਜ਼ਾਰ ਕਰੋੜ ਰੁਪਏ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਸਾਲ ’ਚ ਤਿੰਨ ਵਾਰ ਦੋ-ਦੋ ਹਜ਼ਾਰ ਰੁਪਏ ਦੀਆਂ ਕਿਸ਼ਤਾਂ ਰਾਹੀਂ ਕੁੱਲ ਮਿਲਾ ਕੇ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਉਧਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਲਈ ‘ਪੀਐੱਮ ਕਿਸਾਨ ਨਿਧੀ ਫੰਡ’ ਦੀ ਰਾਸ਼ੀ ਜਾਰੀ ਕਰਕੇ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਕਿਉਂਕਿ ਇਹ ਰਾਸ਼ੀ ਇੱਕ ਮਹੀਨਾ ਪਹਿਲਾਂ ਦੀ ਬਕਾਇਆ ਸੀ ਜੋ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਰੁਕੀ ਹੋਈ ਸੀ। -ਪੀਟੀਆਈ

ਪੀਐੱਮ ਆਵਾਸ ਯੋਜਨਾ ਤਹਿਤ ਤਿੰਨ ਕਰੋੜ ਘਰ ਬਣਾਉਣ ਦੀ ਪ੍ਰਵਾਨਗੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਤਹਿਤ ਤਿੰਨ ਕਰੋੜ ਘਰਾਂ ਦੇ ਨਿਰਮਾਣ ਲਈ ਸਰਕਾਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ, ‘ਅੱਜ ਮੰਤਰੀ ਮੰਡਲ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ ’ਚ ਵਾਧੇ ਕਾਰਨ ਬਣੀਆਂ ਰਿਹਾਇਸ਼ੀ ਲੋੜਾਂ ਦੀ ਪੂਰਤੀ ਲਈ ਤਿੰਨ ਕਰੋੜ ਵਾਧੂ ਦਿਹਾਤੀ ਤੇ ਸ਼ਹਿਰੀ ਪਰਿਵਾਰਾਂ ਨੂੰ ਘਰਾਂ ਦੇ ਨਿਰਮਾਣ ਲਈ ਸਹਾਇਤਾ ਦਿੱਤੀ ਜਾਵੇਗੀ।’ ਭਾਰਤ ਸਰਕਾਰ ਨੇ 2015-16 ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਗੂ ਕੀਤੀ ਸੀ ਤਾਂ ਜੋ ਲਾਭਪਾਤਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਮਕਾਨ ਬਣਾਉਣ ’ਚ ਮਦਦ ਕੀਤੀ ਜਾ ਸਕੇ। -ਪੀਟੀਆਈ

ਬਾਰਨੇ ਨੇ ਸ਼ਿਵ ਸੈਨਾ ਲਈ ਕੈਬਨਿਟ ਮੰਤਰੀ ਦਾ ਅਹੁਦਾ ਮੰਗਿਆ

ਪੁਣੇ: ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਰੰਗ ਬਾਰਨੇ ਨੇ ਨਵੀਂ ਬਣੀ ਨਰਿੰਦਰ ਮੋਦੀ ਸਰਕਾਰ ’ਚ ਪਾਰਟੀ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਾ ਮਿਲਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਪੱਖਪਾਤ ਦਾ ਦੋਸ਼ ਲਾਇਆ। ਸ਼ਿਵ ਸੈਨਾ (ਯੂਬੀਟੀ) ਦੇ ਸੰਜੋਗ ਵਾਘੇਰੇ ਪਾਟਿਲ ਨੂੰ ਹਰਾ ਕੇ ਤੀਜੀ ਵਾਰ ਮਾਵਲ ਸੀਟ ਜਿੱਤਣ ਵਾਲੇ ਬਾਰਨੇ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤਣ ਦੇ ਬਾਵਜੂਦ ਸ਼ਿਵ ਸੈਨਾ ਨੂੰ ਸਿਰਫ ਇੱਕ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਐੱਚਡੀ ਕੁਮਾਰਸਵਾਮੀ ਅਤੇ ਜੀਤਨ ਰਾਮ ਮਾਂਝੀ ਵਰਗੇ ਆਗੂੁਆਂ, ਜਿਨ੍ਹਾਂ ਦੀਆਂ ਪਾਰਟੀਆਂ ਨੇ ਕ੍ਰਮਵਾਰ ਦੋ ਅਤੇ ਇੱਕ ਸੀਟ ਜਿੱਤੀ ਹੈ, ਨੂੰ ਵੀ ਕੇਂਦਰੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਤਾਰਾ ਤੋਂ ਭਾਜਪਾ ਦੇ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਵੀ ਕੈਬਨਿਟ ਮੰਤਰੀ ਬਣਨ ਦੇ ਹੱਕਦਾਰ ਹਨ। -ਪੀਟੀਆਈ

ਮੋਦੀ ਨੇ ਪ੍ਰਤਿਭਾ ਪਾਟਿਲ, ਮਨਮੋਹਨ ਸਿੰਘ ਤੇ ਦੇਵਗੌੜਾ ਤੋਂ ਆਸ਼ੀਰਵਾਦ ਮੰਗਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਅੱਜ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਤੇ ਐੱਚਡੀ ਦੇਵਗੌੜਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਮੰਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪ੍ਰਤਿਭਾ ਪਾਟਿਲ ਤੇ ਮਨਮੋਹਨ ਸਿੰਘ ਦੋਵੇਂ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਕ੍ਰਮਵਾਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਨ ਜਦਕਿ ਦੇਵਗੌੜਾ ਯੂਨਾਈਟਿਡ ਫਰੰਟ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਸਨ ਜਿਸ ਨੂੰ ਕਾਂਗਰਸ ਦੀ ਹਮਾਇਤ ਹਾਸਲ ਸੀ। ਦੇਵਗੌੜਾ ਦੀ ਪਾਰਟੀ ਜਨਤਾ ਦਲ (ਐੱਸ) ਮੌਜੂਦਾ ਐੱਨਡੀਏ ਦਾ ਹਿੱਸਾ ਹੈ ਅਤੇ ਉਨ੍ਹਾਂ ਦੇ ਪੁੱਤਰ ਐੱਚਡੀ ਕੁਮਾਰਸਵਾਮੀ ਮੋਦੀ ਸਰਕਾਰ ’ਚ ਮੰਤਰੀ ਹਨ। -ਪੀਟੀਆਈ

ਕੇਂਦਰੀ ਮੰਤਰੀ ਤੇ ਉਨ੍ਹਾਂ ਦੇ ਵਿਭਾਗ

* ਅਮਿਤ ਸ਼ਾਹ: ਗ੍ਰਹਿ ਮੰਤਰਾਲਾ
* ਐੱਸ ਜੈਸ਼ੰਕਰ: ਵਿਦੇਸ਼ ਮੰਤਰਾਲਾ
* ਨਿਰਮਲਾ ਸੀਤਾਰਾਮਨ:ਵਿੱਤ
* ਰਾਜਨਾਥ: ਰੱਖਿਆ ਮੰਤਰਾਲਾ
* ਮਨੋਹਰ ਲਾਲ ਖੱਟਰ: ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਤੇ ਬਿਜਲੀ ਮੰਤਰਾਲਾ
* ਜੇਪੀ ਨੱਢਾ: ਸਿਹਤ ਮੰਤਰਾਲਾ
* ਸ਼ਿਵਰਾਜ ਚੌਹਾਨ: ਖੇਤੀਬਾੜੀ
* ਨਿਤਿਨ ਗਡਕਰੀ: ਸੜਕੀ ਆਵਾਜਾਈ
* ਅਸ਼ਵਨੀ ਵੈਸ਼ਨਵ: ਰੇਲਵੇ ਤੇ ਇਲੈਕਟ੍ਰਾਨਿਕ ਤੇ ਆਈਟੀ
* ਅਰਜੁਨ ਰਾਮ ਮੇਘਵਾਲ: ਕਾਨੂੰਨ ਮੰਤਰਾਲਾ
* ਪੀਯੂਸ਼ ਗੋਇਲ: ਵਣਜ ਤੇ ਸਨਅਤ ਮੰਤਰਾਲਾ
* ਰਵਨੀਤ ਿਬੱਟੂ: ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰਾਲਾ
* ਹਰਦੀਪ ਪੁਰੀ: ਪੈਟਰੋਲੀਅਮ
* ਪ੍ਰਹਿਲਾਦ ਜੋਸ਼ੀ: ਖਪਤਕਾਰ ਮਾਮਲੇ
* ਚਿਰਾਗ ਪਾਸਵਾਨ: ਫੂਡ ਪ੍ਰੋਸੈਸਿੰਗ ਮੰਤਰਾਲਾ
* ਐੱਚਡੀ ਕੁਮਾਰਸਵਾਮੀ: ਭਾਰੀ ਸਨਅਤਾਂ ਤੇ ਸਟੀਲ
* ਜੀਤਨ ਰਾਮ ਮਾਝੀ: ਐੱਮਐੱਸਐੱਮਈ
* ਲੱੱਲਨ ਿਸੰਘ: ਪੰਚਾਇਤੀ ਰਾਜ, ਪਸ਼ੂ ਪਾਲਣ ਤੇ ਹੋਰ
* ਕੇ ਰਾਮ ਮੋਹਨ ਨਾਇਡੂ: ਸ਼ਹਿਰੀ ਹਵਾਬਾਜ਼ੀ
* ਗਿਰੀਰਾਜ: ਟੈਕਸਟਾਈਲ
* ਜੈਅੰਤ ਚੌਧਰੀ: ਹੁਨਰ ਵਿਕਾਸ ਤੇ ਉੱਦਮੀ ਮੰਤਰਾਲਾ

Advertisement
Author Image

joginder kumar

View all posts

Advertisement
Advertisement
×