ਇਤਿਹਾਸ ਬਣੀਆਂ ਮਹਤੱਵਪੂਰਨ ਘਟਨਾਵਾਂ
ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਇੱਕ ਪੁਸਤਕ - ਇੱਕ ਨਜ਼ਰ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ‘ਪੰਜਾਬੀ ਟ੍ਰਿਬਿਊਨ’ ਦਾ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ 1985 ਤੋਂ ਅਖ਼ਬਾਰ ਲਈ ਪੱਤਰਕਾਰੀ ਕਰਦਾ ਆ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਅੰਕ 15 ਅਗਸਤ 1978 ਨੂੰ ਆਇਆ ਸੀ। ਹੁਣ ਤੱਕ ਇਹ ਅਖ਼ਬਾਰ 45 ਸਾਲ ਪੂਰੇ ਕਰ ਚੁੱਕਾ ਹੈ। ਪੰਜਾਬੀ ਪੱਤਰਕਾਰੀ ਵਿੱਚ ਇਸ ਦਾ ਵਿਸ਼ੇਸ਼ ਮੁਕਾਮ ਹੈ। ਹਥਲੀ ਪੁਸਤਕ ਵਿੱਚ ਮਨਮੋਹਨ ਸਿੰਘ ਢਿੱਲੋਂ ਨੇ ‘ਅੱਖੀਂ ਡਿੱਠੇ ਪਲਾਂ ਦੀ ਗਾਥਾ’ (ਕੀਮਤ: 300 ਰੁਪਏ; ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ) ਹੂ-ਬ-ਹੂ ਲਿਖੀ ਹੈ ਜਿਸ ਤਰ੍ਹਾਂ ਪੰਜਾਬੀ ਟ੍ਰਿਬਿਊਨ ਵਿੱਚ ਸਮੇਂ ਸਮੇਂ ’ਤੇ ਰਿਪੋਰਟਾਂ ਦੇ ਰੂਪ ਵਿੱਚ ਛਪਦੀ ਰਹੀ ਹੈ। ਕਿਤਾਬ ਵਿੱਚ 1985 ਤੋਂ 2023 ਤੱਕ ਦੀਆਂ ਮਹੱਤਵਪੂਰਨ ਖ਼ਬਰਾਂ /ਰਿਪੋਰਟਾਂ ਸਿਰਲੇਖਾਂ ਹੇਠ ਦਰਜ ਹਨ ਜਿਨ੍ਹਾਂ ਦੀ ਗਿਣਤੀ 41 ਹੈ। ਸੰਭਵ ਹੈ ਕਿ ਮਨਮੋਹਨ ਸਿੰਘ ਦੀਆਂ ਹੋਰ ਰਚਨਾਵਾਂ ਵੀ ਅਖ਼ਬਾਰ ਵਿੱਚ ਛਪਦੀਆਂ ਰਹੀਆਂ ਹੋਣ ਪਰ ਪੁਸਤਕ ਵਿੱਚ ਉਸ ਨੇ ਚੋਣਵੀਆਂ ਰਿਪੋਰਟਾਂ ਸ਼ਾਮਲ ਕੀਤੀਆਂ ਹਨ। ਇਹ ਉਹ ਘਟਨਾਵਾਂ ਹਨ ਜੋ ਇਤਿਹਾਸ ਦਾ ਰੂਪ ਧਾਰਨ ਕਰ ਗਈਆਂ। ਘਟਨਾਵਾਂ ਦੀ ਪੇਸ਼ਕਾਰੀ ਵਿੱਚ ਸਮਕਾਲੀ ਤਸਵੀਰ ਹੈ। ਇਹ ਸਿਰਜਨਾਤਮਕ ਪੱਤਰਕਾਰੀ ਦੀ ਮਿਸਾਲ ਹੈ। ਹਰੇਕ ਰਿਪੋਰਟ ਨਾਲ ਸਨ ਤੇ ਮਿਤੀ ਦਰਜ ਹੈ ਜੋ ਪੰਜਾਬੀ ਟ੍ਰਿਬਿਊਨ ਵਿੱਚ ਛਪਣ ਦੀ ਹੈ। ਇਹ ਪੰਜਾਬੀ ਪੱਤਰਕਾਰੀ ਦੀ ਨਿਵੇਕਲੀ ਪਿਰਤ ਹੈ। ਇਸ ਤੋਂ ਪਹਿਲਾਂ ਇਸੇ ਅਖ਼ਬਾਰ ਦੇ ਸਾਬਕਾ ਸੰਪਾਦਕ ਤੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹੋਣ ਸਮੇਂ ਛਪੇ ਆਪਣੇ ਸੰਪਾਦਕੀ ਲੇਖਾਂ ਨੂੰ ਕਿਤਾਬ ਦਾ ਰੂਪ ਦਿੱਤਾ ਹੈ। ਭੁੱਲਰ ਹੋਰਾਂ ਦੇ ਸੰਪਾਦਕੀ ਲੇਖਾਂ ਵਿੱਚ ਸਾਹਿਤਕ ਖੂਸ਼ਬੂ ਹੁੰਦੀ ਸੀ ਜੋ ਸਾਹਿਤਕ ਪਾਠਕਾਂ ਲਈ ਮੁਫੀਕ ਰਹੀ ਹੈ।
ਮਨਮੋਹਨ ਸਿੰਘ ਢਿੱਲੋਂ ਨੇ ਪੁਸਤਕ ਦਾ ਸਮਰਪਣ ਸੁਪਤਨੀ ਕੁਲਦੀਪ ਕੌਰ ਢਿੱਲੋਂ ਨੂੰ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਉਹ ਪੱਤਰਕਾਰੀ ਦਾ ਅਹਿਮ ਕਾਰਜ ਕਰਦਾ ਆ ਰਿਹਾ ਹੈ। ਪੁਸਤਕ ਦੇ ਇਤਿਹਾਸਕ ਮਹੱਤਵ ਬਾਰੇ ਭਾਵਪੂਰਤ ਸ਼ਬਦਾਂ ਨਾਲ ਡਾ. ਹਰੀਸ਼ ਚੰਦਰ ਸ਼ਰਮਾ (ਸਾਬਕਾ ਮੁਖੀ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਦੋ ਸ਼ਬਦ ਲਿਖੇ ਹਨ। ਮਨਮੋਹਨ ਸਿੰਘ ਨੇ ਖ਼ੁਦ ਆਪਣੇ ਪੱਤਰਕਾਰੀ ਸਫ਼ਰ ਦੀ ਗਾਥਾ ਲਿਖੀ ਹੈ। ਪੁਸਤਕ ਦੀਆਂ ਘਟਨਾਵਾਂ ਇੱਕ ਤਰਤੀਬ ਵਿੱਚ ਨਹੀਂ ਹਨ ਪਰ ਇਹ ਪੰਜਾਬ ਦੇ ਪਿਛਲੇ 38 ਸਾਲਾਂ ਵਿੱਚ ਵਾਪਰੀਆਂ ਹਨ। ਜਦੋਂ ਅਖ਼ਬਾਰ ਵਿੱਚ ਛਪਦੀਆਂ ਸੀ ਤਾਂ ਪਾਠਕ ਗੰਭੀਰਤਾ ਨਾਲ ਪੜ੍ਹਿਆ ਕਰਦੇ ਸਨ। ਇਸ ਅਖ਼ਬਾਰ ਨੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਮਾਣ ਤੇ ਉਤਸ਼ਾਹ ਦੇ ਕੇ ਨਿਵਾਜ਼ਿਆ ਹੈ। ਇਹ ਨਵੀਆਂ ਕਲਮਾਂ ਲਈ ਸਿਰਜਨਾ ਦਾ ਸਰੋਤ ਹੈ। ਪੁਸਤਕ ਦੀ ਪਹਿਲੀ ਰਿਪੋਰਟ ਹੈ- ਅਕਾਲ ਤਖਤ ਸਾਹਿਬ ਦੀ ਕਾਰ ਸੇਵਾ (30 ਅਕਤੂਬਰ 1991), ਦੂਸਰੀ ਰਿਪੋਰਟ ਹੈ- ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ (26 ਮਾਰਚ 2004) ਇਨ੍ਹਾਂ ਰਿਪੋਰਟਾਂ ਵਿੱਚ 13 ਸਾਲ ਦਾ ਵਕਫ਼ਾ ਹੈ। ਤੀਸਰੀ ਰਿਪੋਰਟ ਹੈ ਦੂਜਾ ਖਾਲਸਾ ਮਾਰਚ ਸ਼ੁਰੂ (11 ਅਪਰੈਲ 1994) ਸਾਰੀ ਕਿਤਾਬ ਵਿੱਚ ਰਿਪੋਰਟਾਂ ਅੱਗੇ ਪਿੱਛੇ ਹਨ, ਪਰ ਸਾਰੀਆਂ ਰਿਪੋਰਟਾਂ ਇਤਿਹਾਸਕ ਤੇ ਸੰਤੁਲਿਤ ਹਨ। ਅੱਖੀਂ ਵੇਖੀਆਂ ਘਟਨਾਵਾਂ ਬਾਬਤ ਹਨ। ਸਾਕਾ ਨੀਲਾ ਤਾਰਾ ਇਸ ਸਮੇਂ ਦੌਰਾਨ ਵਾਪਰੀ ਸਭ ਤੋਂ ਵੱਡੀ ਤੇ ਅਹਿਮ ਇਤਿਹਾਸਕ ਘਟਨਾ ਹੈ। ਇਸ ਘਟਨਾ ਨੂੰ ਸਿੱਖਾਂ ਦਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ। ਇਸ ਘੱਲੂਘਾਰੇ ਨੇ ਸਿੱਖ ਸਿਆਸਤ ਅਤੇ ਭਾਰਤੀ ਹਕੂਮਤ ਵਿੱਚ ਭੂਚਾਲ ਲੈ ਆਂਦਾ ਸੀ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਸਮਾਗਮ ਹਰ ਸਾਲ ਹੁੰਦੇ ਹਨ। ਇਸ ਪੁਸਤਕ ਵਿੱਚ ਮਨਮੋਹਨ ਸਿੰਘ ਢਿੱਲੋਂ ਨੇ ਪੰਨਾ 70-79 ਵਿੱਚ ਤਿੰਨ ਰਿਪੋਰਟਾਂ ਛਾਪੀਆਂ ਹਨ। ਪਹਿਲੀ ਰਿਪੋਰਟ ਹੈ ਸੰਤ ਭਿੰਡਰਾਂ ਵਾਲੇ ਦੀ ਲਾਸ਼ ਰੋਡੇ ਅਤੇ ਐੱਸ ਪੀ ਨੇ ਪਛਾਣੀ ਸੀ- ਬਾਜਵਾ (19 ਮਈ 2001)। ਦੂਸਰੀ ਹੈ - ਘੱਲੂਘਾਰਾ ਦਿਵਸ ਸਮਾਗਮ ਦੌਰਾਨ ਅਮਨ ਅਮਾਨ, ਗਰਮ ਖਿਆਲੀ ਜਥੇਬੰਦੀਆਂ ਵੱਲੋਂ ਅਕਾਲ ਤਖਤ ’ਤੇ ਸੰਤ ਭਿੰਡਰਾਂਵਾਲਾ ਨਮਿਤ ਅਰਦਾਸ (7 ਜੂਨ 2001)। ਤੀਸਰੀ ਰਿਪੋਰਟ ਹੈ- ਸੰਤ ਭਿੰਡਰਾਂਵਾਲਾ ਨੂੰ ਅਕਾਲ ਤਖਤ ਨੇ ਸ਼ਹੀਦ ਮੰਨਿਆ। ਸਮਾਗਮ ਵਿੱਚ ਗਰਮਖਿਆਲੀਆਂ ਦਾ ਬੋਲਬਾਲਾ, ਮਾਨ ਮੁੱਖ ਸਮਾਗਮ ਵਿੱਚੋਂ ਗੈਰਹਾਜ਼ਰ (7 ਜੂਨ 2003)। ਇਹ ਤਿੰਨੇ ਰਿਪੋਰਟਾਂ ਇਤਿਹਾਸਕ ਹਨ। ਨਾਲ ਹੀ ਸਿੱਖ ਸਿਆਸਤ ਦਾ ਰਿਕਾਰਡ ਹਨ। ਪੰਜਾਬ ਦੀ ਰਾਜਨੀਤੀ ਵਿੱਚ ਇਨ੍ਹਾਂ ਘਟਨਾਵਾਂ ’ਤੇ ਲੰਮਾ ਸਮਾਂ ਗਹਿਰੀ ਚਰਚਾ ਹੁੰਦੀ ਆ ਰਹੀ ਹੈ। ਸਿਆਸੀ ਪਾਰਟੀਆਂ ਵਿੱਚ ਘਮਸਾਣ ਹੁੰਦਾ ਰਿਹਾ ਹੈ। ਕਿਤਾਬ ਵਿੱਚ ਪੰਜ ਰਿਪੋਰਟਾਂ ਸਰਬੱਤ ਖਾਲਸਾ ਬਾਰੇ ਹਨ (ਪੰਨਾ 54-62)। ਇੱਕ ਰਿਪੋਰਟ ਵਿੱਚ ਤਖਤਾਂ ਦੇ ਜਥੇਦਾਰ ਬਰਤਰਫ਼ ਕਰਨ ਦਾ ਜ਼ਿਕਰ ਹੈ। ਨੀਲਾ ਤਾਰਾ ਸਾਕੇ ਪਿੱਛੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਵੀ ਪੀ ਸਿੰਘ, ਐਚ ਡੀ ਦੇਵਗੌੜਾ ਅੰਮ੍ਰਿਤਸਰ ਆਏ। ਸਾਰਿਆਂ ਨੇ ਸਾਕਾ ਨੀਲਾ ਤਾਰਾ ਨੂੰ ਮੰਦਭਾਗੀ ਕਾਰਵਾਈ ਕਿਹਾ। ਪ੍ਰਧਾਨ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਬਾਰੇ ਰਿਪੋਰਟਾਂ ਹੂ-ਬ-ਹੂ ਛਪੀਆਂ ਹਨ। ਇੱਕ ਰਿਪੋਰਟ (19 ਨਵੰਬਰ 2005) ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅੰਮ੍ਰਿਤਸਰ ਯਾਤਰਾ ਦਾ ਬਿਰਤਾਂਤ ਹੈ। ਇਸ ਮੌਕੇ ਸ਼ਹਿਰ ਅੰਮ੍ਰਿਤਸਰ ਵਿੱਚ ਕਰਫਿਊ ਵਰਗੀ ਹਾਲਤ ਸੀ। ਪੁਸਤਕ ਵਿੱਚ ਇੱਕ ਲੰਮੀ ਰਿਪੋਰਟ ‘ਪੰਜਾਬੀ ਟ੍ਰਿਬਿਊਨ’ ਨੂੰ ਮਾਝੇ ਦੇ ਪਿੰਡਾਂ ਵਿੱਚ ਪਸਾਰ ਕਰਨ ਦੀ ਹੈ (4 ਅਗਸਤ 2003)। ਇਸ ਪਾਠਕ ਮਿਲਣੀ ਵਿੱਚ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ, ਅਖ਼ਬਾਰ ਦੇ ਸਮਾਚਾਰ ਸੰਪਾਦਕ ਸ਼ਾਮ ਸਿੰਘ ਅੰਗ ਸੰਗ, ਅਧਿਆਪਕ ਆਗੂ ਡਾ. ਹਜ਼ਾਰਾ ਸਿੰਘ ਚੀਮਾ, ਕਹਾਣੀਕਾਰ ਤਲਵਿੰਦਰ ਸਿੰਘ, ਸ਼ਾਇਰ ਸ਼ਹਰਯਾਰ, ਦੇਵ ਦਰਦ, ਗੀਤਕਾਰ ਅਮਰਜੀਤ ਗੁਰਦਾਸਪੁਰੀ, ਡੀ ਆਈ ਜੀ ਸਰਹੱਦੀ ਜ਼ੋਨ ਗੁਰਦੇਵ ਸਿੰਘ ਸਹੋਤਾ, ਹਿੰਦੀ ਅਖ਼ਬਾਰ ਦੈਨਿਕ ਭਾਸਕਰ ਦੇ ਬਿਊਰੋ ਚੀਫ ਸ਼ਮੀ ਸਰੀਨ ਅਤੇ ਅਖ਼ਬਾਰ ਦੇ ਕਈ ਜ਼ਹੀਨ ਪਾਠਕ ਸ਼ਾਮਲ ਹੋਏ। ਉਸ ਵੇਲੇ ਸ਼ੰਗਾਰਾ ਸਿੰਘ ਭੁੱਲਰ ਅਖ਼ਬਾਰ ਦੇ ਸੰਪਾਦਕ ਸਨ। ਕਿਤਾਬ ਦੇ ਲੇਖਕ ਮਨਮੋਹਨ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਰਿਪੋਰਟ ਵਿੱਚ ਸੋਲਾਂ ਬੁਲਾਰਿਆਂ ਨੇ ‘ਪੰਜਾਬੀ ਟ੍ਰਿਬਿਊਨ’ ਦੇ ਵੱਖ ਵੱਖ ਪੱਖਾਂ ਦੀ ਗੱਲ ਭਾਵਪੂਰਤ ਸ਼ਬਦਾਂ ਵਿੱਚ ਕੀਤੀ। ਡਾ. ਹਜ਼ਾਰਾ ਸਿੰਘ ਚੀਮਾ ਨੇ ਭਾਵੁਕ ਹੋ ਕੇ ‘ਪੰਜਾਬੀ ਟ੍ਰਿਬਿਊਨ’ ਨੂੰ ਮਾਂ ਦਾ ਦਰਜਾ ਦਿੱਤਾ। ਹੋਰ ਅਹਿਮ ਰਿਪੋਰਟਾਂ ਵਿੱਚ ਜਥੇਦਾਰ ਟੌਹੜਾ ਨੂੰ ਪੰਥ ਰਤਨ ਤੇ ਗਿਆਨੀ ਸੰਤ ਸਿੰਘ ਮਸਕੀਨ ਨੂੰ ਭਾਈ ਗੁਰਦਾਸ ਪੁਰਸਕਾਰ ਨਾਲ ਸਨਮਾਨਿਤ ਕਰਨ (28 ਮਾਰਚ 2005), ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵੀਕਾਰ ਕਰਨਾ (1 ਦਸੰਬਰ 2005), ਅਕਾਲ ਤਖਤ ’ਤੇ ਅਕਾਲੀ ਆਗੂਆਂ ਦੀ ਲੜਾਈ (3 ਜੁਲਾਈ 2006), ਫੈਡਰੇਸ਼ਨ ਤੇ ਖਾਲਸਾ ਪੰਚਾਇਤ ਕਾਰਕੁਨ ਲੜਾਈ (23 ਫਰਵਰੀ 2003), ਹਿੰਦ ਪਾਕਿ ਦੋਸਤੀ ਜਸ਼ਨ ਸਮਾਗਮ (16 ਅਗਸਤ 1997) ਆਦਿ ਰਿਪੋਰਟਾਂ ਪੜ੍ਹ ਕੇ ਪੰਜਾਬ ਦਾ ਚਾਰ ਦਹਾਕਿਆਂ ਦਾ ਅਤੀਤ ਸਾਹਮਣੇ ਆ ਜਾਂਦਾ ਹੈ । ਪੁਸਤਕ ਪੰਜਾਬੀ ਪੱਤਰਕਾਰੀ ਦਾ ਨਿਵੇਕਲਾ ਉਪਰਾਲਾ ਹੈ ਅਤੇ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਦਾ ਸ਼ਾਨਾਂਮੱਤਾ ਇਤਿਹਾਸ ਵੀ। ਕਿਤਾਬ ਦਾ ਟਾਈਟਲ ਖ਼ੂਬਸੂਰਤ ਹੈ।
ਸੰਪਰਕ: 98148-56160