ਜਰਮਨੀ ਦੀ ਸਰਕਾਰ ਵੱਲੋਂ ਅਹਿਮ ਦਸਤਾਵੇਜ਼ ‘ਫੋਕਸ ਆਫ ਇੰਡੀਆ’ ਮਨਜ਼ੂਰ
ਨਵੀਂ ਦਿੱਲੀ, 23 ਅਕਤੂਬਰ
ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਅਹਿਮ ਦਸਤਾਵੇਜ਼ ‘ਫੋਕਸ ਆਫ ਇੰਡੀਆ’ ਮਨਜ਼ੂਰ ਕੀਤਾ ਹੈ ਜਿਸ ’ਚ ਜਰਮਨੀ ਸਰਕਾਰ ਦੇ ਸਾਰੇ ਮੰਤਰਾਲੇ ਤੇ ਵਿਭਾਗ ਇਕੱਠੇ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਦੁਵੱਲੇ ਸਬੰਧਾਂ ਨੂੰ ਅਗਲੇ ਪੱਧਰ ਤੱਕ ਕਿਸ ਤਰ੍ਹਾਂ ਲਿਜਾਇਆ ਜਾਵੇ।
ਜਰਮਨੀ ਦੇ ਚਾਂਸਲਰ ਓਲਾਫ ਸ਼ੁਲਜ਼ ਦੀ ਭਾਰਤ ਯਾਤਰਾ ਤੋਂ ਪਹਿਲਾਂ ਇੱਥੇ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਰਾਜਦੂਤ ਐਕਰਮੈਨ ਨੇ ਇਹ ਵੀ ਕਿਹਾ ਕਿ ‘ਸਾਡੇ ਕੋਲ ਬਹੁਤ ਸਾਰੀਆ ਚੀਜ਼ਾਂ ਹੋਣਗੀਆਂ’ ਜਿਨ੍ਹਾਂ ’ਤੇ 25 ਅਕਤੂਬਰ ਨੂੰ ਚਰਚਾ ਕੀਤੀ ਜਾਵੇਗੀ ਜਦੋਂ ਚਾਂਸਲਰ ਤੇ ਜਰਮਨੀ ਦੇ ਪੰਜ ਸੰਘੀ ਮੰਤਰੀ ਨਵੀਂ ਦਿੱਲੀ ’ਚ ਹੋਣਗੇ। 25 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚਾਂਸਲਰ ਸੱਤਵੇਂ ਅੰਤਰ-ਸਰਕਾਰੀ ਵਿਚਾਰ-ਵਟਾਂਦਰੇ (ਆਈਜੀਸੀ) ਦੀ ਸਹਿ-ਪ੍ਰਧਾਨਗੀ ਕਰਨਗੇ। ਆਈਜੀਸੀ ਇਕ ਮੁਕੰਮਲ ਸਰਕਾਰੀ ਢਾਂਚਾ ਹੈ ਜਿਸ ਤਹਿਤ ਦੋਵਾਂ ਧਿਰਾਂ ਦੇ ਮੰਤਰੀ ਆਪੋ-ਆਪਣੀ ਜ਼ਿੰਮੇਵਾਰੀ ਵਾਲੇ ਖੇਤਰਾਂ ਬਾਰੇ ਚਰਚਾ ਕਰਦੇ ਹਨ ਅਤੇ ਆਪਣੀ ਵਿਚਾਰ-ਚਰਚਾ ਦੇ ਨਤੀਜਿਆਂ ਦੀ ਰਿਪੋਰਟ ਪ੍ਰਧਾਨ ਮੰਤਰੀ ਤੇ ਚਾਂਸਲਰ ਨੂੰ ਦਿੰਦੇ ਹਨ। ਆਈਜੀਸੀ ਇੱਕ ਦੋ-ਸਾਲਾ ਕਵਾਇਦਾ ਹੈ ਅਤੇ ਆਖਰੀ ਵਾਰ ਇਹ ਚਰਚਾ ਮਈ 2022 ’ਚ ਬਰਲਿਨ ’ਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਤੇ ਚਾਂਸਲਰ ਵਿਚਾਲੇ ਮੀਟਿੰਗ ਦੌਰਾਨ ਜਰਮਨੀ-ਭਾਰਤ ਹਰਿਤ ਤੇ ਸਥਿਰ ਵਿਕਾਸ ਭਾਈਵਾਲੀ (ਜੀਐੱਸਡੀਪੀ) ’ਤੇ ਸਹਿਮਤੀ ਬਣੀ ਸੀ। ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਇਸ ਦੋ-ਸਾਲਾ ਕਵਾਇਦ ਨਾ ਦੁਵੱਲੇ ਸਬੰਧਾਂ ਦੇ ਮਾਮਲੇ ’ਚ ਅਗਲੇ ਦੋ ਸਾਲਾਂ ਲਈ ਇੱਕ ਰੂਪਰੇਖਾ ਤਿਆਰ ਹੋਵੇਗੀ।’ -ਪੀਟੀਆਈ