ਚੀਫ਼ ਖ਼ਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਦੇ ਸਾਹਿਤ ਸਬੰਧੀ ਅਹਿਮ ਫ਼ੈਸਲੇ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਸਤੰਬਰ
ਚੀਫ਼ ਖ਼ਾਲਸਾ ਦੀਵਾਨ ਦੇ ਮੋਢੀ ਸਿਰਜਕਾਂ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਦੀਵਾਨ ਵੱਲੋਂ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਪੱਤ੍ਰਿਕਾ ਨਿਰਗੁਣੀਆਰਾ ਪੱਤਰ ਨੂੰ ਮੁੜ ਤੋਂ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਦਫ਼ਤਰ ਵਿੱਚ ਕੀਤੀ ਇਕ ਵਿਸ਼ੇਸ਼ ਮੀਟਿੰਗ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਵੀਰ ਸਿੰਘ ਦਾ ਇਹ ਪੱਤਰ ਨਿਰਗੁਣੀਆਰਾ ਜੋ ਆਰੰਭ ਵਿਚ ਟ੍ਰੈਕਟਾਂ ਦੇ ਰੂਪ ਵਿਚ ਛਪਦਾ ਸੀ, ਨੂੰ ਦੀਵਾਨ ਨੇ 2013 ਤੋਂ ਨਵੀਂ ਦਿਖ ਤੇ ਸਮੱਗਰੀ ਨਾਲ ਤ੍ਰੈਮਾਸਕ ਦੇ ਰੂਪ ਵਿਚ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਸੀ ਪਰ ਕੋਵਿਡ-2019 ਕਾਰਨ ਇਸ ਦੀ ਪ੍ਰਕਾਸ਼ਨਾ ਰੁਕ ਗਈ ਸੀ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਹੁਣ ਦੀਵਾਨ ਵੱਲੋਂ ਭਾਈ ਵੀਰ ਸਿੰਘ ਦੇ ਇਸ ਪੱਤਰ ਨਿਰਗੁਣੀਆਰਾ ਨੂੰ ਦੀਵਾਨ ਵੱਲੋਂ ਮੁੜ ਤੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੀਵਾਨ ਵੱਲੋਂ ਭਾਈ ਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ।