ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ’ਚ ਮੌਜੂਦਾ ਪੀੜ੍ਹੀ ਦਾ ਅਹਿਮ ਯੋਗਦਾਨ: ਮੁਰਮੂ
ਜੈਪੁਰ, 3 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਹਾਸਲ ਕਰਨ ਵਿੱਚ ਮੌਜੂਦਾ ਪੀੜ੍ਹੀ ਦਾ ਯੋਗਦਾਨ ਅਹਿਮ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਵਾਰਥ ਦਾ ਰਸਤਾ ਅਪਣਾਉਂਦੇ ਹਨ ਪਰ ਸਾਂਝੇ ਹਿੱਤਾਂ ਨੂੰ ਪਹਿਲ ਦੇਣ ਨਾਲ ਵਿਦਿਆਰਥੀਆਂ ਦਾ ਹੁਨਰ ਨਿਖਰਦਾ ਹੈ। ਰਾਸ਼ਟਰਪਤੀ ਉਦੈਪੁਰ ਵਿੱਚ ਮੋਹਨ ਲਾਲ ਸੁਖਾੜੀਆ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਿੱਖਿਆ ਨਾਲੋਂ ਵਿਅਕਤੀ ਦਾ ਅਕਸ ਜ਼ਿਆਦਾ ਅਹਿਮ ਹੈ। ਉਹ ਮੰਨਦੇ ਸਨ ਕਿ ਪੜ੍ਹਿਆ-ਲਿਖਿਆ ਵਿਅਕਤੀ ਜਿਸ ਦਾ ਅਕਸ ਖਰਾਬ ਹੈ, ਹਿੰਸਕ ਮਨੁੱਖ ਨਾਲੋਂ ਵੀ ਵੱਧ ਖਤਰਨਾਕ ਹੈ। ਜੇ ਉਸ ਦੀ ਪੜ੍ਹਾਈ ਨਾਲ ਗਰੀਬ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਸਮਾਜ ਲਈ ਸਰਾਪ ਬਣ ਸਕਦਾ ਹੈ।’ ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਿੱਥੇ ਵੀ ਹੋ, ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਅਕਸ ਨੂੰ ਢਾਹ ਲੱਗੇ।’
ਮੁਰਮੂ ਨੇ ਕਿਹਾ ਕਿ ਅੱਜ ਦੇ ਬਦਲਦੇ ਮਾਹੌਲ ਵਿੱਚ ਜਦੋਂ ਵਿਗਿਆਨ ਅਤੇ ਤਕਨੀਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ ਤਾਂ ਵਿਦਿਆਰਥੀਆਂ ਦੀ ਭਾਵਨਾ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ, ‘ਕੁਝ ਲੋਕ ਸਵਾਰਥ ਦਾ ਰਾਹ ਅਖਤਿਆਰ ਕਰ ਲੈਂਦੇ ਹਨ ਪਰ ਸਾਂਝੇ ਹਿੱਤਾਂ ਨੂੰ ਪਹਿਲ ਦੇਣ ਦੀ ਵਿਚਾਰਧਾਰਾ ਤੁਹਾਡੇ ਹੁਨਰ ਨੂੰ ਹੋਰ ਨਿਖਾਰ ਦੇਵੇਗੀ। ਅਸੀਂ 2047 ਤੱਕ ਦੇਸ਼ ਨੂੰ ਵਿਕਸਤ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਹ ਟੀਚਾ ਤੁਹਾਡੀ ਪੀੜ੍ਹੀ ਦੇ ਯੋਗਦਾਨ ਨਾਲ ਹੀ ਪੂਰਾ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵਿੱਚ ਯੋਗਦਾਨ ਪਾਓਗੇ ਅਤੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਮਾਣ ਵਧਾਓਗੇ।’
ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅਤੇ ਉਪ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਡਾ. ਪ੍ਰੇਮਚੰਦ ਬੈਰਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ 85 ਵਿਦਿਆਰਥੀਆਂ ਨੂੰ ਕੁੱਲ 102 ਸੋਨ ਤਗ਼ਮੇ ਦਿੱਤੇ ਗਏ, ਜਿਨ੍ਹਾਂ ਵਿੱਚ 16 ਲੜਕੇ ਅਤੇ 69 ਲੜਕੀਆਂ ਸ਼ਾਮਲ ਸਨ। ਇਨ੍ਹਾਂ ਸੋਨ ਤਗ਼ਮਿਆਂ ਵਿੱਚ ਅੱਠ ਚਾਂਸਲਰ ਮੈਡਲ ਵੀ ਸ਼ਾਮਲ ਸਨ। ਇਸ ਤੋਂ ਇਲਾਵਾ 68 ਵਿਦਿਆਰਥੀਆਂ ਨੂੰ ਪੀਐੱਚਡੀ ਦੀਆਂ ਡਿਗਰੀਆਂ ਦਿੱਤੀਆਂ ਗਈਆਂ। -ਪੀਟੀਆਈ