ਦੇਸ਼ ਦੇ ਵਿਕਾਸ ’ਚ ਸਿੱਖਿਆ ਦਾ ਅਹਿਮ ਯੋਗਦਾਨ: ਰਾਜਪਾਲ
ਪੱਤਰ ਪ੍ਰੇਰਕ
ਜਲੰਧਰ, 10 ਜੂਨ
ਸਰਵਹਿਤਕਾਰੀ ਐਜੂਕੇਸ਼ਨਲ ਸੁਸਾਇਟੀ ਵਲੋਂ ਨਵੀਂ ਸਕੂਲੀ ਸਿੱਖਿਆ ਨੀਤੀ ਬਾਰੇ ਕੌਮੀ ਕਾਨਫਰੰਸ ਕਰਵਾਈ ਗਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਆ ਪੁੱਜੇ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਦੇਸ਼ ਦੇ ਵਿਕਾਸ ਵਿੱਚ ਸਿੱਖਿਆ ਅਤੇ ਮਨੁੱਖੀ ਵਸੀਲਿਆਂ ਦੇ ਮਹੱਤਵ ਨਾਲ ਕੀਤੀ। ਉਨ੍ਹਾਂ ਨਵੀਂ ਸਿੱਖਿਆ ਨੀਤੀ-2020 ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਤਕਨਾਲੋਜੀ, ਨਵੀਨਤਾ ਅਤੇ ਖੋਜ ਦੇ ਰੂਪ ਵਿੱਚ ਸੰਪੂਰਨ ਸਿੱਖਿਆ ਸ਼ਾਮਲ ਹੈ। ਉਨ੍ਹਾਂ ਨੇ ਗੁਰੂਕੁਲ ਸਿੱਖਿਆ ਪ੍ਰਣਾਲੀ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਇਕੱਠੇ ਲਿਆਉਣ ਦੀ ਗੱਲ ਕਹੀ। ਇਸ ਨੀਤੀ ਨੂੰ ਹਰਿਆਣਾ ਵਿਚ 2025 ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਾਤ ਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ। ਇਸ ਸਮਾਗਮ ਵਿਚ 25 ਤੋਂ ਵੱਧ ਵਾਈਸ ਚਾਂਸਲਰਾਂ ਅਤੇ 6 ਰਾਜਾਂ ਦੇ 1000 ਤੋਂ ਵੱਧ ਸਕੂਲਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਵਿਦਿਆ ਭਾਰਤੀ ਡੀ. ਰਾਮਕ੍ਰਿਸ਼ਨ ਰਾਓ, ਡਾਇਰੈਕਟਰ, ਐਨਆਈਟੀ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਸਤੀਸ਼ ਕੁਮਾਰ ਵਿਜੇ ਕੁਮਾਰ ਨੱਡਾ , ਅਮਿਤ ਸ਼ਰਮਾ ਨਿਤੇਸ਼ ਸਿੰਘ, ਕਸ਼ਮੀਰੀ ਲਾਲ, ਰਘੁਨੰਦਨ ਸ਼ਾਮਿਲ ਹੋਏ।