ਸ਼ਖ਼ਸੀਅਤ ਨਿਰਮਾਣ ’ਚ ਪੁਸਤਕਾਂ ਦਾ ਅਹਿਮ ਯੋਗਦਾਨ: ਬੈਂਸ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 20 ਨਵੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਹਾਲੀ ਫੇਜ਼ 6 ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿੱਚ ਚਾਰ ਰੋਜ਼ਾ ਪੁਸਤਕ ਮੇਲਾ ਆਰੰਭਿਆ ਗਿਆ ਹੈ, ਜਿਸ ਦਾ ਉਦਘਾਟਨ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ।
ਇਸ ਮੌਕੇ ਸ੍ਰੀ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਨਵੀਂ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਲਈ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਥਾਂ-ਥਾਂ ਪੁਸਤਕ ਮੇਲੇ ਲਗਾ ਕੇ ਨੌਜਵਾਨਾਂ ਨੂੰ ਮਾਤ ਭਾਸ਼ਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਹਰ ਸਰਕਾਰੀ-ਗ਼ੈਰ ਸਰਕਾਰੀ ਅਦਾਰੇ ਦੇ ਬੋਰਡ ਪੰਜਾਬੀ ’ਚ ਲਗਾਉਣ ਦੀ ਮੁਹਿੰਮ ਨੂੰ ਚੰਗਾ ਹੁਲਾਰਾ ਮਿਲਿਆ ਹੈ। ਹੁਣ ਅਗਲੀ ਮੁਹਿੰਮ ਪੰਜਾਬੀ ਮਾਂ ਬੋਲੀ ਨੂੰ ਸੂਬੇ ਦੇ ਸਾਰੇ ਬਾਜ਼ਾਰਾਂ ’ਚ ਸਥਿਤ ਦੁਕਾਨਾਂ ਦੇ ਬਾਹਰ ਬੋਰਡਾਂ ’ਤੇ ਮਾਣ ਦਿਵਾਉਣ ਦੀ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ’ਚ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬੀ ਸਾਹਿਤ ਨਾਲ ਨੇੜਤਾ ਨਾਵਲਕਾਰ ਨਾਨਕ ਸਿੰਘ ਅਤੇ ਹੋਰ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੇ ਬਣਾਈ। ਸ੍ਰੀ ਬੈਂਸ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਵਿਦੇਸ਼ੀ ਭਾਸ਼ਾ ਨੂੰ ਪੜ੍ਹਨਾ ਚੰਗੇ ਰੁਤਬੇ ਦੀ ਨਿਸ਼ਾਨੀ ਮੰਨਿਆ ਜਾਣ ਲੱਗਿਆ ਹੈ, ਜਿਸ ਕਰਕੇ ਸਥਾਨਕ ਬੋਲੀਆਂ ਨਜ਼ਰ-ਅੰਦਾਜ਼ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਪੁਸਤਕਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਇਸ ਮੌਕੇ ਦੋ ਪੁਸਤਕਾਂ ‘ਬੱਚਿਆਂ ਲਈ ਕੰਪਿਊਟਰ’ ਅਤੇ ‘ਪੈੜ’ ਵੀ ਰਿਲੀਜ਼ ਕੀਤੀਆਂ। ਉਨ੍ਹਾਂ ਪੁਸਤਕ ਮੇਲੇ ’ਚੋਂ ਆਪਣੀ ਨਿੱਜੀ ਲਾਇਬ੍ਰੇਰੀ ਲਈ ਕਿਤਾਬਾਂ ਵੀ ਖ਼ਰੀਦੀਆਂ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੁਸਤਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵਿਧਾਵਾਂ ’ਤੇ ਹੋਣ ਵਾਲੀ ਵਿਚਾਰ-ਚਰਚਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਵਕਤਾ ਡਾ. ਸੁਰਜੀਤ ਸਿੰਘ ਭੱਟੀ ਨੇ ਸਾਹਿਤਕ ਅੰਦਾਜ਼ ’ਚ ਮਾਂ ਬੋਲੀ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਇਸ ਮੌਕੇ ਉਰਮਾਨਦੀਪ ਸਿੰਘ ਵੱਲੋਂ ਅੱਖਰਕਾਰੀ ਦੀ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਮੰਚ ਸੰਚਾਲਨ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਤੇਜਿੰਦਰ ਕੌਰ ਨੇ ਕੀਤਾ।