ਬਾਈਪਾਸ ਫੈਟ ਬਣਾਉਣ ਦੀ ਵਿਧੀ ਤੇ ਮਹੱਤਤਾ
ਪ੍ਰਭਜੋਤ ਕੌਰ ਸਿੱਧੂ*, ਅਨੰਤ ਸਿਮਰਨ ਸਿੰਘ** ਤੇ ਮੁਨੀਸ਼ ਕੁਮਾਰ***
ਸੂਣ ਨੇੜੇ ਢੁੱਕੇ ਪਸ਼ੂਆਂ ਦੀ ਜਾਂ ਸੂਣ ਉਪਰੰਤ ਖ਼ੁਰਾਕ ਖਾਣ ਦੀ ਸਮੱਰਥਾ ਘਟਣ ਕਾਰਨ ਲੋੜੀਂਦੇ ਤੱਤ ਉੱਚਿਤ ਮਾਤਰਾ ਵਿੱਚ ਉਪਲੱਬਧ ਨਹੀਂ ਹੁੰਦੇ। ਇਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਊਰਜਾ ਦੀ ਘਾਟ ਹੋ ਜਾਂਦੀ ਹੈ ਅਤੇ ਉਹ ਨੈਗੇਟਿਵ ਊਰਜਾ ਸੰਤੁਲਨ ਵਿੱਚ ਚਲੇ ਜਾਂਦੇ ਹਨ। ਪਸ਼ੂਆਂ ਦਾ ਭਾਰ ਸੂਏ ਤੋਂ ਬਾਅਦ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਵਧੇਰੇ ਦੁੱਧ ਦੇਣ ਵਾਲੇ ਪਸ਼ੂ ਦਾ ਭਾਰ ਲਗਪਗ 80-100 ਕਿਲੋ ਤੱਕ ਘਟ ਸਕਦਾ ਹੈ। ਅਜਿਹੀ ਹਾਲਤ ਵਾਲੇ ਕਮਜ਼ੋਰ ਪਸ਼ੂ ਉਦੋਂ ਤੱਕ ਹੇਹੇ ਵਿੱਚ ਨਹੀਂ ਆਉਂਦੇ ਜਦੋਂ ਤੱਕ ਉਹ ਭਾਰ ਘਟਣ ਦੀ ਸਮੱਸਿਆ ਨਾਲ ਨਜਿੱਠ ਨਹੀਂ ਲੈਦੇ। ਇਹ ਸਮੱਸਿਆ ਅੱਗੇ ਜਾ ਕੇ ਪਸ਼ੂਆਂ ਵਿੱਚ ਗਰਭ ਨਾ ਠਹਿਰਨ ਦਿੰਦੀ ਜਿਸ ਕਾਰਨ ਦੋ ਸੂਇਆਂ ਵਿਚਲਾ ਅੰਤਰਾਲ ਵਧ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਮੇਂ ਵਿੱਚ ਪਸ਼ੂ ਘੱਟ ਖਾਂਦਾ ਹੈ ਜਿਸ ਨਾਲ ਉਸ ਦੀ ਦੁੱਧ ਦੇਣ ਦੀ ਸਮਰੱਥਾ ਉੱਤੇ ਵੀ ਅਸਰ ਪੈਂਦਾ ਹੈ, ਭਾਵ ਇਸ ਨਾਲ ਪਸ਼ੂ ਪਾਲਕ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਦੁਧਾਰੂ ਪਸ਼ੂਆਂ ਦੇ ਰਾਸ਼ਨ ਵਿੱਚ ਵਧੇਰੇ ਊਰਜਾ ਜਾਂ ਸੰਘਣੀ ਊਰਜਾ ਵਾਲਾ ਸਰੋਤ ਪਾਇਆ ਜਾ ਸਕਦਾ ਹੈ ਜੋ ਕਿ ਕੱਚਾ ਪੀਣ-ਯੋਗ ਤੇਲ ਹੋ ਸਕਦਾ ਹੈ ਪਰ ਜੇ ਇਸ ਸਰੋਤ ਨੂੰ ਜ਼ਿਆਦਾ ਮਾਤਰਾ ਵਿੱਚ ਪਾ ਦਿੱਤਾ ਜਾਵੇ ਤਾਂ ਇਸ ਦਾ ਸਿੱਧਾ ਅਸਰ ਰੇਸ਼ੇ ਦੀ ਪਚਣ ਸਮਰੱਥਾ ਉੱਤੇ ਹੁੰਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਫੈਟ ਦੇ ਸਰੋਤ ਨੂੰ ਕੁਝ ਅਜਿਹੇ ਢੰਗ ਨਾਲ ਦਿੱਤਾ ਜਾਵੇ ਜਿਸ ਨਾਲ ਊਰਜਾ ਵੀ ਸਹੀ ਮਾਤਰਾ ਵਿੱਚ ਮਿਲੇ ਅਤੇ ਰੇਸ਼ੇ ਦੀ ਪਚਣ ਸਮਰੱਥਾ ਉੱਤੇ ਵੀ ਕੋਈ ਬੁਰਾ ਅਸਰ ਨਾ ਹੋਵੇ। ਇਹ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਫੈਟ ਦੇ ਸਰੋਤ ਨੂੰ ਉਂਝਰੀ ਵਿੱਚ ਪਚਣ ਤੋਂ ਰੋਕਿਆ ਜਾਵੇ ਭਾਵ ਤੇਲ ਜਾਂ ਫੈਟ ਦਾ ਸਰੋਤ ਉਂਝਰੀ ਨੂੰ ਬਾਈਪਾਸ ਕਰ ਜਾਵੇ।
ਬਾਈਪਾਸ ਫੈਟ ਖ਼ੁਰਾਕ ਦਾ ਉਹ ਹਿੱਸਾ ਹੈ ਜਿਸ ਨੂੰ ਉਂਝਰੀ ਵਿਚਲੇ ਸੂਖਮ ਜੀਵ ਤੋੜਨ ਤੋਂ ਅਸਮਰੱਥ ਹੁੰਦੇ ਹਨ ਅਤੇ ਇਹ ਉਂਝਰੀ ਵਿੱਚ ਦੀ ਹੁੰਦੇ ਹੋਏ ਐਬੋਮੇਜ਼ਮ ਤੱਕ ਪੁਹੰਚ ਜਾਂਦੇ ਹਨ ਤੇ ਉੱਥੇ ਜਾ ਕੇ ਤੇਜ਼ਾਬੀ ਪ੍ਰਭਾਵ ਹੇਠ ਟੁੱਟ ਜਾਂਦੇ ਹਨ ਜਿਸ ਨਾਲ ਪਸ਼ੂ ਦੀਆਂ ਊਰਜਾ ਸਬੰਧੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਇਹ ਪਸ਼ੂ ਦੀ ਦੁੱਧ ਦੀ ਪੈਦਾਵਾਰ ਵਧਾਉਣ, ਸਰੀਰਕ ਵਾਧੇ ਤੇ ਵਿਕਾਸ ਅਤੇ ਜਲਦੀ ਸੂਏ ਵਿੱਚ ਲਿਆਉਣ ਵਿੱਚ ਸਹਾਈ ਹੁੰਦੇ ਹਨ। ਆਮ ਤੌਰ ’ਤੇ 5-7 ਕਿਲੋ ਦੁੱਧ ਦੇਣ ਵਾਲੇ ਪਸ਼ੂ ਦੀਆਂ ਸਰੀਰਕ ਲੋੜਾਂ ਖ਼ੁਰਾਕ ਨਾਲ ਹੀ ਪੂਰੀਆਂ ਹੋ ਜਾਂਦੀਆਂ ਹਨ, ਪਰ ਤੇਜ਼ੀ ਨਾਲ ਵਧਣ-ਫੁੱਲਣ ਵਾਲੇ, ਵਧੇਰੇ ਦੁੱਧ ਦੇਣ ਵਾਲੇ ਜਾਂ ਸੂਣ ਤੋਂ 3-4 ਹਫ਼ਤੇ ਪਹਿਲਾਂ ਤੋਂ ਲੈ ਕੇ ਸੂਣ ਤੋਂ 10-12 ਹਫ਼ਤੇ ਬਾਅਦ ਤੱਕ ਪਸ਼ੂਆਂ ਦੀਆਂ ਊਰਜਾ ਸਬੰਧੀ ਲੋੜਾਂ ਦੀ ਪੂਰਤੀ ਲਈ ਬਾਈਪਾਸ ਤੱਤਾਂ ਦੀ ਲੋੜ ਹੁੰਦੀ ਹੈ।
ਬਾਈਪਾਸ ਫੈਟ ਬਣਾਉਣ ਦੀ ਵਿਧੀ:
• 4 ਕਿਲੋ ਰਾਈਸ ਬਰੈਨ ਫੈਟੀ ਐਸਿਡ ਤੇਲ ਕੜਾਹੀ ਵਿੱਚ ਪਾ ਕੇ ਹਲਕੀ ਅੱਗ ’ਤੇ ਗਰਮ ਕਰੋ।
• 120 ਮਿਲੀਲਿਟਰ ਸਲਫਿਊਰਿਕ ਐਸਿਡ ਨੂੰ 500 ਮਿਲੀਲਿਟਜ ਪਾਣੀ ਵਿੱਚ ਮਿਲਾਉ। ਇਸ ਘੋਲ ਨੂੰ ਗਰਮ ਕੀਤੇ ਫੈਟੀ ਐਸਿਡ ਤੇਲ ਵਿੱਚ ਪਾਉ ਅਤੇ 5 ਮਿੰਟ ਲਈ ਉਬਾਲੋ।
• 1.6 ਕਿਲੋ ਕੈਲਸ਼ੀਅਮ ਆਕਸਾਈਡ ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਉਪਰੋਕਤ ਮਿਸ਼ਰਨ ਵਿੱਚ ਮਿਲਾਉ।
• ਉਬਲਣਾ ਸ਼ੁਰੂ ਹੋਣ ਤੋਂ ਬਾਅਦ ਘੋਲ ਨੂੰ 30 ਮਿੰਟ ਤੱਕ ਹਲਕੀ ਅੱਗ ’ਤ ਰੱਖੋ।
• ਚੰਗੀ ਤਰ੍ਹਾਂ ਉਬਾਲਣ ਉਪਰੰਤ ਮਿਸ਼ਰਨ ਨੂੰ ਛਾਣ ਲਉ ਅਤੇ ਇਸ ਨੂੰ ਖਾਰੇਪਣ ਤੋਂ ਰਹਿਤ ਕਰਨ ਲਈ ਖੁੱਲ੍ਹੇ ਪਾਣੀ ਵਿੱਚ ਧੋਵੋ।
• ਮਿਸ਼ਰਨ ਨੂੰ ਧੁੱਪੇ ਸੁਕਾਉਣ ਮਗਰੋਂ ਪੀਸ ਲਉ। 10 ਕਿਲੋ ਮਿਸ਼ਰਨ ਵਿੱਚ 50 ਗ੍ਰਾਮ ਬੀਐੱਚਟੀ ਮਿਲਾਉ।
• ਇਸ ਵਿਧੀ ਰਾਹੀਂ ਬਣੇ ਮਿਸ਼ਰਨ ਵਿੱਚ 84 ਫ਼ੀਸਦੀ ਬਾਈਪਾਸ ਫੈਟ ਅਤੇ 7-8 ਫ਼ੀਸਦੀ ਕੈਲਸ਼ੀਅਮ ਹੁੰਦਾ ਹੈ।
ਬਾਈਪਾਸ ਫੈਟ ਰੋਜ਼ਾਨਾ ਖਵਾਉਣ ਦੀ ਮਾਤਰਾ:
ਗਾਵਾਂ: 100-150 ਗ੍ਰਾਮ
ਮੱਝਾਂ: 150-200 ਗ੍ਰਾਮ
ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਬਾਈਪਾਸ ਫੈਟ ਗਾਵਾਂ ਲਈ 10 ਗ੍ਰਾਮ ਅਤੇ ਮੱਝਾਂ ਲਈ 20 ਗ੍ਰਾਮ ਪ੍ਰਤੀ ਕਿਲੋ ਦੁੱਧ ਦੇ ਹਿਸਾਬ ਨਾਲ ਦਿੱਤੀ ਜਾ ਸਕਦੀ ਹੈ ਅਤੇ 2 ਕਿਲੋ/100 ਕਿਲੋ ਰਾਸ਼ਨ ਵਿੱਚ ਵੀ ਸ਼ਾਮਲ ਕੀਤੀ ਜਾ ਸਕਦੀ ਹੈ।
ਬਾਈਪਾਸ ਫੈਟ ਚਾਰਨ ਦੇ ਫ਼ਾਇਦੇ:
• ਇਸ ਦੀ ਵਰਤੋਂ ਵਧੀਆ ਊਰਜਾ ਸਰੋਤ ਵਜੋਂ ਸੱਜਰ ਸੂਏ ਪਸ਼ੂਆਂ ਅਤੇ ਸੂਣ ਨੇੜੇ ਢੁੱਕੇ ਪਸ਼ੂਆਂ ਵਿੱਚ ਊਰਜਾ ਦੀ ਕਮੀ ਹੋਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ।
• ਬਾਈਪਾਸ ਫੈਟ ਜ਼ਿਆਦਾ ਲੰਮੇ ਸਮੇਂ ਤੱਕ ਦੁੱਧ ਦੀ ਪੈਦਾਵਾਰ ਅਤੇ ਦੁੱਧ ਦੀ ਫੈਟ ਵਧਾਉਣ ਵਿੱਚ ਸਹਾਈ ਹੁੰਦੀ ਹੈ।
• ਇਹ ਜ਼ਿਆਦਾ ਦੁੱਧ ਦੇਣ ਵਾਲੇ ਜਾਂ ਦੁਧਾਰੂ ਪਸ਼ੂਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਦੀ ਹੈ।
• ਬਾਈਪਾਸ ਫੈਟ ਪ੍ਰਜਣਨ ਸ਼ਕਤੀ ਵਿੱਚ ਵਾਧਾ ਕਰਦੀ ਹੈ ਕਿਉਂਕਿ ਇਸ ਨਾਲ ਪਸ਼ੂ ਜਲਦੀ ਪਾਜ਼ੇਟਿਵ ਊਰਜਾ ਸੰਤੁਲਨ ਵਿੱਚ ਆਉਂਦਾ ਹੈ ਜਿਸ ਨਾਲ ਅੰਡਕੋਸ਼ ਦੇ ਸਹੀ ਤਰ੍ਹਾਂ ਕੰਮ ਕਰਨ, ਅੰਡੇ ਦੇ ਆਕਾਰ ਅਤੇ ਹਾਰਮੋਨਜ਼ ਦੀ ਮਾਤਰਾ ’ਤੇ ਵਧੀਆ ਅਸਰ ਪੈਂਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ।
**ਕਾਲਜ ਆਫ ਵੈਟਨਰੀ ਸਾਇੰਸਜ, ਰਾਮਪੁਰਾ ਫੂਲ, ਬਠਿੰਡਾ।
***ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ।
ਸੰਪਰਕ: 98720-02240