For the best experience, open
https://m.punjabitribuneonline.com
on your mobile browser.
Advertisement

ਤੁਰਕੀ ਚੋਣ ਨਤੀਜਿਆਂ ਦੇ ਮਾਇਨੇ

10:03 AM Jul 01, 2023 IST
ਤੁਰਕੀ ਚੋਣ ਨਤੀਜਿਆਂ ਦੇ ਮਾਇਨੇ
Advertisement

ਜੋਬਨ

ਲਗਾਤਾਰ ਵੀਹ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਤੁਰਕੀ ਦੇ ਸਦਰ ਅਰਦੋਗਾਂ ਨੇ ਚੋਣਾਂ ਵਿਚ ਮੁੜ ਤੋਂ ਜਿੱਤ ਪ੍ਰਾਪਤ ਕਰ ਕੇ ਆਪਣਾ ਰਾਜ ਪੰਜ ਸਾਲ ਹੋਰ ਵਧਾ ਲਿਆ ਹੈ। ਚੋਣਾਂ ਦੇ ਦੋਹਾਂ ਗੇੜਾਂ ਦੇ ਨਤੀਜਿਆਂ ਵਿਚ ਵਿਰੋਧੀ ਧਿਰ ਨੂੰ ਪਛਾੜਦੇ ਹੋਏ ਅਰਦੋਗਾਂ ਦੀ ਇਨਸਾਫ ਅਤੇ ਵਿਕਾਸ ਪਾਰਟੀ (ਏਕੇਪੀ) ਜੇਤੂ ਰਹੀ। ਪਹਿਲੇ ਗੇੜ ਵਿਚ ਲੋੜੀਂਦੀਆਂ ਵੋਟਾਂ ਤੋਂ ਪਿੱਛੇ ਰਹਿੰਦਿਆਂ, ਅਰਦੋਗਾਂ ਨੇ ਦੂਜੇ ਗੇੜ ਵਿਚ 52% ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਜੋ ਤੀਜੇ ਉਮੀਦਵਾਰ ਸਿਨਾਨ ਓਗਾਨ ਦੇ ਸਮਰਥਨ ਕਰ ਕੇ ਸੰਭਵ ਹੋ ਸਕੀ। ਤੁਰਕੀ ਦੇ ਇਹਨਾਂ ਚੋਣ ਨਤੀਜਿਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਰਕੀ ਦੇ ਆਰਥਿਕ ਹਾਲਾਤ ’ਤੇ ਨਿਗ੍ਹਾ ਮਾਰਨੀ ਜ਼ਰੂਰੀ ਹੈ।
ਤੁਰਕੀ ਦਾ ਅਰਥਚਾਰਾ ਇਸ ਵੇਲੇ ਅਸਮਾਨ ਛੂੰਹਦੀ ਮਹਿੰਗਾਈ, ਡਿੱਗਦੀ ਮੁਦਰਾ ਕਦਰ ਅਤੇ ਵਧਦੀ ਬੇਰੁਜ਼ਗਾਰੀ ਤੋਂ ਖਾਸਾ ਪ੍ਰਭਾਵਿਤ ਹੈ। ਇਹਨਾਂ ਹਾਲਾਤ ਨੇ 90% ਤੋਂ ਵੱਧ ਆਬਾਦੀ ਉੱਪਰ ਪਿਛਲੇ ਦੋ-ਤਿੰਨ ਸਾਲਾਂ ਵਿਚ ਆਪਣਾ ਭੈੜਾ ਅਸਰ ਛੱਡਿਆ ਹੈ। ਉੱਪਰੋਂ 6 ਫਰਵਰੀ ਦੇ ਭਿਆਨਕ ਭੂਚਾਲ ਜਿਸ ਵਿਚ 60,000 ਦੇ ਲਗਭਗ ਲੋਕ ਮਾਰੇ ਗਏ ਤੇ ਲਗਭਗ 30 ਲੱਖ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋਏ, ਨੇ ਅਰਥਚਾਰੇ ਉੱਤੇ ਹੋਰ ਵੱਡਾ ਬੋਝ ਪਾਇਆ।
ਇਸ ਸਭ ਦੇ ਬਾਵਜੂਦ ਅਰਦੋਗਾਂ ਦੀ ਪਾਰਟੀ ਸੱਤਾ ’ਤੇ ਕਿਵੇਂ ਕਾਬਜ਼ ਹੋਈ?
ਮੁੱਖ ਵਿਰੋਧੀ ਪਾਰਟੀ ਰਿਪਬਲਿਕਨ ਪੀਪਲਜ਼ ਪਾਰਟੀ (ਸੀਐਚਪੀ) ਦੇ ਉਮੀਦਵਾਰ ਕਿਲਿਚਦਰੋਗਲੋ ਨੇ ਵਿਰੋਧੀ ਧਿਰ ਦੀ ਅਗਵਾਈ ਕੀਤੀ। ਖੁਦ ਨੂੰ ਤੁਰਕੀ ਦੇ ਅਰਥਚਾਰੇ ਲਈ ਚਿਤਵੇ ਸਿਆਸਤਦਾਨ ਦੇ ਤੌਰ ’ਤੇ ਪੇਸ਼ ਕਰਦੇ ਹੋਏ, ਉਸ ਨੇ ਕੇਂਦਰੀ ਬੈਂਕ ਨੂੰ ਮਹਿੰਗਾਈ ’ਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਧਾਉਣ ਅਤੇ ਰੂਸ ਤੇ ਚੀਨ ਦੀ ਥਾਂ ਪੱਛਮ ਵੱਲ ਨੇੜਤਾ ਵਧਾਉਣ ਵਰਗੇ ਉਦੇਸ਼ ਸਾਹਮਣੇ ਰੱਖੇ ਪਰ ਅਮਰੀਕੀ ਬੈਂਕ ਮੁਤਾਬਕ ਮਹਿੰਗਾਈ ’ਤੇ ਕਾਬੂ ਪਾਉਣ ਲਈ ਤੁਰਕੀ ਨੂੰ ਵਿਆਜ ਦਰਾਂ 50% ਤੱਕ ਵਧਾਉਣੀਆਂ ਪੈਂਦੀਆਂ। ਜ਼ਾਹਿਰ ਹੈ ਵਿਆਜ ਦਰਾਂ ਵਿਚ ਇੰਨੇ ਭਾਰੀ ਵਾਧੇ ਨੇ ਅਰਥਚਾਰੇ ਨੂੰ ਬੇਹੱਦ ਬੁਰੇ ਰੁਖ਼ ਪ੍ਰਭਾਵਿਤ ਕਰਨਾ ਸੀ ਤੇ ਇਸ ਨਾਲ ਵੱਡੀ ਪੱਧਰ ਉੱਤੇ ਬੈਂਕਾਂ, ਆਮ ਲੋਕਾਂ ਤੇ ਸਰਮਾਏਦਾਰਾਂ ਦੇ ਇੱਕ ਹਿੱਸੇ ਦਾ ਦੀਵਾਲਾ ਨਿੱਕਲ ਜਾਣਾ ਸੀ ਅਤੇ ਬੇਰੁਜ਼ਗਾਰੀ ਤੇ ਗਰੀਬੀ ਦਾ ਹੜ੍ਹ ਆ ਜਾਣਾ ਸੀ।
ਅਮਰੀਕਾਪ੍ਰਸਤ ਕਿਲਿਚਦਰੋਗਲੋ ਦੀ ਤੁਰਕੀ ਦੇ ਨਾਟੋ ਨਾਲ ਸਬੰਧ ਮਜ਼ਬੂਤ ਕਰਨ ਦੀ ਗੱਲ ਉਸ ਦੇ ਖਿਲਾਫ ਭੁਗਤਦੀ ਨਜ਼ਰ ਆਈ ਕਿਉਂਕਿ ਤੁਰਕੀ ਦੀ ਲੋਕਾਈ ਵਿਚ ਪੱਛਮੀ ਸਾਮਰਾਜ ਖਿਲਾਫ ਭਾਰੀ ਬੇਯਕੀਨੀ ਹੈ। ਦੂਜੇ ਪਾਸੇ ਤੁਰਕੀ ਰੂਸੀ ਗੈਸ, ਦਰਾਮਦਾਂ ਅਤੇ ਸੈਲਾਨੀਆਂ ਲਈ ਰੂਸ ’ਤੇ ਕਾਫੀ ਨਿਰਭਰ ਹੈ ਜਿਸ ਕਾਰਨ ਵੋਟਾਂ ਵਿਚ ਰੂਸ ਤੋਂ ਦੂਰੀ ਬਣਾਉਣ ਦੀ ਨੀਤੀ ਦਾ ਪ੍ਰਚਾਰ ਨੁਕਸਾਨ ਤੋਂ ਬਿਨਾ ਹੋਰ ਕੁਝ ਵੀ ਨਹੀਂ ਲਿਆ ਸਕਦਾ ਸੀ। ਅਰਦੋਗਾਂ ਵੱਲੋਂ ਧਰਮ ਦੇ ਕੀਤੇ ਜਾਂਦੇ ਇਸਤੇਮਾਲ ਨੂੰ ਖੋਰਾ ਲਾਉਣ ਲਈ ਇਸ ਵਿਰੋਧੀ ਧਿਰ ਨੇ ਧਰਮ ਅਤੇ ਕੌਮਵਾਦ ਦਾ ਹੋਰ ਵੀ ਵਧ ਕੇ ਸਹਾਰਾ ਲਿਆ ਤਾਂ ਜੋ ਅਰਦੋਗਾਂ ਦੇ ਸਮਰਥਕਾਂ ਨੂੰ ਆਪਣੇ ਵੱਲ ਕਰ ਸਕੇ। ਵਿਰੋਧੀ ਪਾਰਟੀ ਦਾ ਉਦਾਰਵਾਦੀ ਮਖੌਟਾ ਉਦੋਂ ਉੱਤਰਿਆ ਜਦੋਂ ਇਸ ਨੇ ਸੱਜੇਪੱਖੀਆਂ ਵੱਲ ਰੁਖ਼ ਕੀਤਾ ਅਤੇ ਖੁਦ ਨੂੰ ਅਤਿ ਪਿਛਾਖੜੀ ਤਾਕਤਾਂ ਨਾਲ ਜਾ ਖੜ੍ਹਾ ਕੀਤਾ। ਪਹਿਲੇ ਗੇੜ ਦੀਆਂ ਵੋਟਾਂ ਵਿਚ ਅਰਦੋਗਾਂ ਤੋਂ ਹਾਰਨ ਪਿੱਛੋਂ ਵਿਰੋਧੀ ਧਿਰ ਨੇ ਜਫਰ ਪਾਰਟੀ ਨਾਲ ਹੱਥ ਮਿਲਾਇਆ ਜੋ ਅਤਿ ਸੱਜੇਪੱਖੀ, ਪਰਵਾਸੀ ਵਿਰੋਧੀ ਨਫਰਤੀ ਪ੍ਰਚਾਰ ਕਰਨ ਵਾਲੇ ਉਮਿਤ ਓਜਦਾਗ ਦੀ ਪਾਰਟੀ ਹੈ। ਚੋਣਾਂ ਦੌਰਾਨ ਕਿਲਿਚਦਰੋਗਲੋ ਨੇ ਸ਼ਰਨਾਰਥੀਆਂ ਨੂੰ ਨਕਲੀ ਦੁਸ਼ਮਣ ਬਣਾ ਕੇ ਪੇਸ਼ ਕੀਤਾ ਅਤੇ ਉਹਨਾਂ ਖਿਲਾਫ ਨਫਰਤੀ ਪ੍ਰਚਾਰ ਕੀਤਾ ਜਿਸਦਾ ਅੰਦਾਜ਼ਾ ਉਸ ਦੇ ਇਹਨਾਂ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ:
‘ਜੇ ਪਰਵਾਸੀਆਂ ਨੂੰ ਬਾਹਰ ਨਹੀਂ ਸੁੱਟਿਆ ਗਿਆ ਤਾਂ ਸਾਡੀਆਂ ਔਰਤਾਂ ਦਾ ਤੁਰਨਾ ਫਿਰਨਾ ਵੀ ਮੁਸ਼ਕਿਲ ਹੋ ਜਾਵੇਗਾ’ ਜਾਂ ‘ਸੀਰੀਆ ਦੇ ਲੋਕਾਂ ਨੂੰ ਜਾਣਾ ਪਵੇਗਾ।’
ਇਸ ਦੇ ਬਾਵਜੂਦ ਵਿਰੋਧੀ ਧਿਰ ਵਡੇਰੀ ਹਮਾਇਤ ਜੁਟਾਉਣ ਵਿਚ ਅਸਫਲ ਰਹੀ। ਵਿਰੋਧੀ ਧਿਰ ਦੇ ਪਰਵਾਸੀ ਵਿਰੋਧੀ ਪ੍ਰਚਾਰ ਨੂੰ ਜਨਤਾ ਦੇ ਹੀ ਖਾਸੇ ਹਿੱਸੇ ਦੀ ਹਮਾਇਤ ਨਹੀਂ ਮਿਲੀ।
ਚੋਣਾਂ ’ਚ ਅਖੌਤੀ ਖੱਬੀ ਧਿਰ- ਲੋਕ ਜਮਹੂਰੀ ਪਾਰਟੀ ਨੇ ਵੀ ਹਿੱਸਾ ਲਿਆ। ਇਸ ਪਾਰਟੀ ਨੇ ਭਾਂਤ ਭਾਂਤ ਦੀਆਂ ਅਖੌਤੀ ਖੱਬੇ ਪੱਖੀ ਪਾਰਟੀਆਂ ਦਾ ਗੱਠਜੋੜ ਬਣਾ ਕੇ ਚੋਣਾਂ ਜਿੱਤਣ ਦਾ ਸੁਫ਼ਨਾ ਲਿਆ ਪਰ ਅਮੀਰੀ-ਗਰੀਬੀ ਦੇ ਪਾੜੇ ਤੇ ਮਹਿੰਗਾਈ ਵਰਗੇ ਮੁੱਦੇ ਆਜ਼ਾਦਾਨਾ ਤੌਰ ’ਤੇ ਉਭਾਰਨ ਦੀ ਥਾਂ ਇਸ ਮੌਕਾਪ੍ਰਸਤ ਗੱਠਜੋੜ ਨੇ ਵਿਰੋਧੀ ਧਿਰ ਦੇ ਆਗੂ ਕਿਲਿਚਦਰੋਗਲੋ ਦਾ ਸਮਰਥਨ ਕੀਤਾ। ਕਿਲਿਚਦਰੋਗਲੋ ਦੀ ਪਾਰਟੀ ਉਹੀ ਪਾਰਟੀ ਹੈ ਜਿਹੜੀ ਕੁਰਦ ਲੋਕਾਂ ਦੇ ਘਾਣ, ਕੁਰਦ ਭਾਸ਼ਾ ਨੂੰ ਦਬਾਉਣ, ਕੁਰਦ ਬਗਾਵਤਾਂ ਕੁਚਲਣ ਅਤੇ ਹਜ਼ਾਰਾਂ ਹੀ ਕੁਰਦਾਂ ਦਾ ਕਤਲੇਆਮ ਕਰਨ ਲਈ ਜਿ਼ੰਮੇਵਾਰ ਸੀ। ਹੁਣ ਵੀ ਇਹ ਪਾਰਟੀ ਤੁਰਕੀ ਦੀ ਫੌਜ ਵੱਲੋਂ ਉੱਤਰੀ ਸੀਰੀਆ ਅਤੇ ਇਰਾਕ ਵਿਚ ਕੁਰਦ ਇਲਾਕਿਆਂ ਵਿਚ ਕੀਤੀ ਜਾ ਰਹੀ ਤਬਾਹੀ ਦੀ ਹਮਾਇਤ ਕਰਦੀ ਹੈ। ਇਸ ਲਈ ਅਰਦੋਗਾਂ ਦੀ ਥਾਂ ਖੁਦ ਸੱਤਾ ਦਾ ਸੁੱਖ ਮਾਨਣ ਲਈ ਅਖੌਤੀ ਖੱਬੇ ਪੱਖੀ ਵਿਰੋਧੀ ਧਿਰਾਂ ਦੇ ਪਾਲੇ ਵਿਚ ਸ਼ਾਮਲ ਹੋ ਗਏ। ਸਰਮਾਏਦਾਰ ਤਬਕੇ ਦੇ ਵੱਡੇ ਹਿੱਸੇ ਦੀ ਹਮਾਇਤ ਸਦਕਾ ਅਰਦੋਗਾਂ ਦੀ ਪਾਰਟੀ ਨੇ ਆਪਣੇ ਹੱਕ ਵਿਚ ਲੋਕ ਰਾਇ ਕਾਇਮ ਕਰਨ ਵਿਚ ਕਾਮਯਾਬੀ ਹਾਸਲ ਕੀਤੀ।
ਭਵਿੱਖ ਕੀ ਹੈ?
ਅਰਦੋਗਾਂ ਭਾਵੇਂ ਇਕ ਵਾਰ ਫਿਰ ਸੱਤਾ ’ਤੇ ਕਾਬਜ਼ ਹੋ ਗਿਆ ਹੈ ਪਰ ਉਸ ਦੇ ਸਾਹਮਣੇ ਮੁਸ਼ਕਿਲਾਂ ਵਿਚ ਘਿਰਿਆ ਅਰਥਚਾਰਾ ਅਤੇ ਲਗਾਤਾਰ ਵਧਦੀ ਮਹਿੰਗਾਈ ਹੈ। ਮਹਿੰਗਾਈ ਵਿਰੁੱਧ ਉੱਬਲ ਰਹੇ ਲੋਕਾਂ ਦੇ ਰੋਹ ਦਾ ਸਾਹਮਣਾ ਦੇਰ ਸਵੇਰ ਤੁਰਕੀ ਦੇ ਹਾਕਮਾਂ ਨੂੰ ਕਰਨਾ ਹੀ ਪਵੇਗਾ। ਅਰਦੋਗਾਂ ਸਰਕਾਰ ਆਪਣੀ ਪਹਿਲਾਂ ਵਾਲੀ ਮਕਬੂਲੀਅਤ ਤੇਜ਼ੀ ਨਾਲ ਗੁਆ ਚੁੱਕੀ ਹੈ। ਹੁਣ ਇਹਦੇ ਲਈ ਪਹਿਲਾਂ ਵਾਲੇ ਢੰਗ ਤਰੀਕਿਆਂ ਰਾਹੀਂ ਰਾਜ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ। ਪਿਛਲੇ ਸਾਲ ਦੇਖਣ ਨੂੰ ਮਿਲੀਆਂ ਲੋਕ ਵਿਰੋਧ ਦੀਆਂ ਝਲਕੀਆਂ ਇਸ ਦੀ ਗਵਾਹੀ ਭਰਦੀਆਂ ਹਨ। ਦੂਸਰਾ, ਕੌਮਾਂਤਰੀ ਪੱਧਰ ਉੱਤੇ ਤਿੱਖੇ ਹੋ ਰਹੇ ਅਮਰੀਕਾ ਅਤੇ ਚੀਨ-ਰੂਸ ਦੀ ਅਗਵਾਈ ਵਾਲੇ ਸਾਮਰਾਜੀ ਧੜਿਆਂ ਦੇ ਆਪਸੀ ਟਕਰਾਅ ਕਾਰਨ ਵੀ ਇਹ ਚੋਣਾਂ ਦਿਲਚਸਪ ਸਨ। ਚੋਣਾਂ ਵਿਚ ਰੂਸ ਹਮਾਇਤੀ ਅਰਦੋਗਾਂ ਦੀ ਜਿੱਤ ਨੇ ਤੁਰਕੀ ਨੂੰ ਉਪਰੋਕਤ ਕੌਮਾਂਤਰੀ ਟਕਰਾਅ ਦੇ ਐਨ ਕੇਂਦਰ ਵਿਚ ਲਿਆ ਕੇ ਰੱਖ ਦਿੱਤਾ ਹੈ।
ਅਰਦੋਗਾਂ ਦੀ ਸਰਕਾਰ ਹੋਵੇ ਜਾਂ ਕਿਲਿਚਦਰੋਗਲੋ ਦੀ, ਦੋਵੇਂ ਅਜਾਰੇਦਾਰ ਸਰਮਾਏਦਾਰਾਂ ਦੇ ਵੱਖੋ-ਵੱਖ ਧੜਿਆਂ ਦੇ ਨੁਮਾਇੰਦੇ ਨੇ ਜੋ ਉਹਨਾਂ ਦੇ ਮੁਨਾਫਿਆਂ ਲਈ ਕੰਮ ਕਰ ਰਹੇ ਨੇ। ਇੱਕ ਸਾਮਰਾਜੀ ਚੀਨ-ਰੂਸ ਧੜੇ ਨਾਲ ਯਾਰੀ ਨਿਭਾਉਣ ਦੀ ਗੱਲ ਕਰਦਾ ਹੈ ਅਤੇ ਦੂਜਾ ਸਾਮਰਾਜੀ ਅਮਰੀਕਾ ਨਾਲ। ਲੋਕਾਂ ਦੇ ਮੰਗਾਂ-ਮਸਲਿਆਂ ਨੂੰ ਹੱਲ ਕਰਨਾ ਇਹਨਾਂ ਦਾ ਕੋਈ ਏਜੰਡਾ ਨਹੀਂ ਹੈ। ਇਸ ਪ੍ਰਬੰਧ ਵਿਚ ਚੋਣਾਂ ਰਾਹੀਂ ਲੁਟੇਰਿਆਂ ਦੇ ਚਿਹਰੇ ਹੀ ਬਦਲਦੇ ਹਨ ਪਰ ਸਰਮਾਏਦਾਰਾ ਲੁੱਟ ਉਵੇਂ ਹੀ ਜਾਰੀ ਰਹਿੰਦੀ ਹੈ। ਅਸਲ ਰਾਹ ਤਾਂ ਇਸ ਕੁੱਲ ਲੋਟੂ ਪ੍ਰਬੰਧ ਤੋਂ ਬੰਦਖਲਾਸੀ ਅਤੇ ਇਨਕਲਾਬੀ ਢੰਗ ਨਾਲ ਨਵੇਂ ਸਮਾਜਵਾਦੀ
ਸਮਾਜ ਦੀ ਸਿਰਜਣਾ ਹੈ।
ਸੰਪਰਕ: 89689-29372

Advertisement

Advertisement
Advertisement
Tags :
Author Image

joginder kumar

View all posts

Advertisement