For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ

03:36 PM Jun 04, 2023 IST
ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ
Advertisement

ਹਰਮੀਤ ਸਿਵੀਆਂ

Advertisement

ਜੀਵਨ ਵਿੱਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਹੈ, ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖ਼ਾਸ ਮਹੱਤਤਾ ਹੈ। ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ। ਮਿਸਾਲ ਵਜੋਂ, ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨ ‘ਡਾਕੂਆਂ ਦਾ ਮੁੰਡਾ’ ਵਰਗੀਆਂ ਕਿਤਾਬਾਂ ਪੜ੍ਹ ਕੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਕਿਤਾਬ ਦਾ ਲੇਖਕ ਮਿੰਟੂ ਗੁਰੂਸਰੀਆ ਵੀ ਕਿਸੇ ਸਮੇਂ ਨਸ਼ਿਆਂ ਦੀ ਦਲਦਲ ਵਿਚ ਧਸ ਗਿਆ ਸੀ, ਪਰ ਜਦੋਂ ਉਹ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋਇਆ ਤਾਂ ਹੌਲੀ ਹੌਲੀ ਉਸ ਦੀ ਜ਼ਿੰਦਗੀ ਨਵੇਂ ਮੋੜ ਕੱਟਦੀ ਗਈ, ਉਸ ਨੇ ਨਸ਼ਿਆਂ ਤੋਂ ਛੁਟਕਾਰਾ ਹੀ ਨਹੀਂ ਪਾਇਆ ਸਗੋਂ ਅੱਜ ਉਹ ਇੱਕ ਉੱਘਾ ਲੇਖਕ ਅਤੇ ਪੱਤਰਕਾਰ ਹੈ।

ਪ੍ਰਸਿੱਧ ਕਵੀ ਤੇ ਲੇਖਕ ਰਸੂਲ ਹਮਜ਼ਾਤੋਵ ਨੇ ਕਿਤਾਬਾਂ ਸਬੰਧੀ ਕਿਹਾ ਸੀ ਕਿ ”ਖ਼ੁਦ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਦੂਜਿਆਂ ਨੂੰ ਸਮਝਣ ਵਾਸਤੇ ਵੀ ਕਿਤਾਬਾਂ ਦੀ ਲੋੜ ਹੁੰਦੀ ਹੈ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਆਦਮੀ ਵਰਗੀ ਹੈ, ਜਿਸ ਦੀ ਅੱਖ ‘ਤੇ ਪੱਟੀ ਬੰਨ੍ਹੀ ਹੋਵੇ ਤੇ ਜਿਹੜਾ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਅਤੇ ਦੁਨੀਆ ਨੂੰ ਦੇਖ ਨਹੀਂ ਸਕਦਾ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਵਿਅਕਤੀ ਵਰਗੀ ਹੈ ਜਿਸ ਦੇ ਕੋਲ ਦਰਪਣ ਨਾ ਹੋਵੇ, ਜਿਹੜਾ ਆਪਣਾ ਚਿਹਰਾ ਨਾ ਵੇਖ ਸਕਦਾ ਹੋਵੇ।” ਰਸੂਲ ਹਮਜ਼ਾਤੋਵ ਦੇ ਇਹ ਵਿਚਾਰ ਬਿਲਕੁਲ ਦਰੁਸਤ ਹਨ। ਕਿਤਾਬਾਂ ਦਾ ਅਧਿਐਨ ਆਤਮਿਕ ਗੁਣਾਂ ਨੂੰ ਉੱਚਾ ਚੁੱਕ ਕੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਰਹੁ-ਰੀਤਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਸਭ ਤੋਂ ਵੱਧ ਸਹਾਇਤਾ ਕਰਦਾ ਹੈ। ਇਸੇ ਤਰ੍ਹਾਂ ਪ੍ਰਸਿੱਧ ਰੋਮਨ ਦਾਰਸ਼ਨਿਕ ਸਿਸਰੋ ਕਿਤਾਬਾਂ ਬਾਰੇ ਦੱਸਦਿਆਂ ਆਖਦਾ ਹੈ ਕਿ ”ਜੇਕਰ ਤੁਸੀਂ ਆਪਣੇ ਘਰ ਵਿੱਚ ਲਾਇਬਰੇਰੀ ਬਣਾ ਦਿੰਦੇ ਹੋ ਤਾਂ ਸਮਝੋ ਕਿ ਤੁਹਾਡੇ ਘਰ ਵਿੱਚ ਇੱਕ ਹੋਰ ਆਤਮਾ ਧੜਕਣ ਲੱਗ ਪਈ ਹੈ।” ਨਰੋਏ ਸਮਾਜ ਦੀ ਸਿਰਜਣਾ ਲਈ ਬੀਤੇ ਸਮੇਂ ਤੇ ਦੂਸਰਿਆਂ ਨੂੰ ਸਮਝਣ ਲਈ ਕਿਤਾਬਾਂ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਜਦੋਂ ਜ਼ਿੰਦਗੀ ਫਿੱਕੀ ਅਤੇ ਨੀਰਸ ਲੱਗਦੀ ਹੋਵੇ, ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ ਪ੍ਰਤੀਤ ਹੁੰਦਾ ਹੋਵੇ, ਚਾਰੇ ਪਾਸੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੋਣ, ਤਣਾਅ ਵਧਦਾ ਜਾ ਰਿਹਾ ਹੋਵੇ ਤਾਂ ਅਜਿਹੇ ਸਮੇਂ ਵਿੱਚ ਕਿਤਾਬਾਂ ਅਹਿਮ ਰੋਲ ਅਦਾ ਕਰਦੀਆਂ ਹਨ, ਇਹ ਮਾਨਸਿਕ ਤਣਾਅ ਦੂਰ ਕਰ ਸਕਦੀਆਂ ਹਨ। ਅਜਿਹੇ ਸਮੇਂ ਪੜ੍ਹਨ ਵਾਲੀਆਂ ਅਨੇਕਾਂ ਕਿਤਾਬਾਂ ਹਨ ਜੋ ਤਣਾਅ ਦੂਰ ਕਰਨ ਦੇ ਨਾਲ ਨਾਲ ਸਾਡੇ ਗਿਆਨ ਭੰਡਾਰ ਵਿੱਚ ਵੀ ਵਾਧਾ ਕਰਦੀਆਂ ਅਤੇ ਆਤਮ-ਵਿਸ਼ਵਾ। ਵਧਾਉਂਦੀਆਂ ਹਨ। ਵਿਸ਼ਵ ਪ੍ਰਸਿੱਧ ਲੇਖਕ ਸਵੇਟ ਮਾਰਡਨ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਜਿਵੇਂ ‘ਅਨੰਦ ਦਾ ਖ਼ਜ਼ਾਨਾ’, ‘ਸਫਲਤਾ ਕਿਵੇਂ ਪ੍ਰਾਪਤ ਕਰੀਏ’ ਆਦਿ ਹਨ, ਜੋ ਸੁਖਾਵੀਂ ਜੀਵਨ ਜਾਚ ਬਾਰੇ ਦੱਸਦੀਆਂ ਹਨ। ਕਿਤਾਬਾਂ ਸਾਡੇ ਜੀਵਨ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸ਼ਾਇਦ ਹੀ ਕੋਈ ਅਜਿਹਾ ਸਾਧਨ ਹੋਵੇ ਜਿਸ ਦਾ ਮਨ ਉੱਪਰ ਇਨ੍ਹਾਂ ਜਿੰਨਾ ਡੂੰਘਾ ਅਸਰ ਪੈਂਦਾ ਹੋਵੇ। ਦੁਨੀਆਂ ਵਿੱਚ ਅਨੇਕਾਂ ਅਜਿਹੇ ਵਿਦਵਾਨ, ਲੇਖਕ ਅਤੇ ਮਹਾਨ ਸ਼ਖ਼ਸੀਅਤਾਂ ਹੋਈਆਂ ਹਨ ਜਿਨ੍ਹਾਂ ਉੱਪਰ ਕਿਸੇ ਨਾ ਕਿਸੇ ਕਿਤਾਬ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਅ ਆਇਆ। ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅੰਗਰੇਜ਼ੀ ਲੇਖਕ ਰਾਸਕਿਨ ਨੂੰ ਪੜ੍ਹਿਆ ਅਤੇ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਸ ਦਾ ਪ੍ਰਭਾਵ ‘ਪ੍ਰੀਤ ਲੜੀ’ ਦੀਆਂ ਰਚਨਾਵਾਂ ‘ਤੇ ਵੀ ਪਿਆ। ਗੁਰਬਖ਼ਸ ਸਿੰਘ ਪ੍ਰੀਤ ਲੜੀ ਨੂੰ ‘ਸ਼ਬਦਾਂ ਦਾ ਜਾਦੂਗਰ’ ਕਿਹਾ ਜਾਣ ਲੱਗਿਆ। ਉਂਜ ਇਹ ਇਕੱਲੀ ਕਿਤਾਬ ਨਹੀਂ ਸਗੋਂ ਵੱਖ ਵੱਖ ਵਿਸ਼ਿਆਂ ‘ਤੇ ਵੱਖ ਵੱਖ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦਾ ਉਨ੍ਹਾਂ ਨੂੰ ਬੇਹੱਦ ਸ਼ੌਕ ਸੀ।

ਕਿਤਾਬਾਂ ਪੜ੍ਹਨ ਨਾਲ ਮਨੁੱਖ ਆਪਣੀ ਬੋਲ-ਚਾਲ ਅਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ, ਪਰ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜੋਕਾ ਵਿਦਿਆਰਥੀ ਤੇ ਨੌਜਵਾਨ ਪੁਸਤਕ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ ਤੇ ਟੈਲੀਵਿਜ਼ਨ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ। ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣ ਵਿੱਚ ਜ਼ਿਆਦਾਤਰ ਮਾਪਿਆਂ ਦਾ ਵੀ ਰੋਲ ਹੈ ਕਿਉਂਕਿ ਜ਼ਿਆਦਾਤਰ ਮਾਪੇ ਇਹ ਸਮਝਦੇ ਹਨ ਕਿ ਸਕੂਲ ਦੀਆਂ ਕਿਤਾਬਾਂ ਹੀ ਬਹੁਤ ਹਨ, ਬੱਚਿਆਂ ਨੇ ਹੋਰ ਕਿਤਾਬਾਂ ਕੀ ਕਰਨੀਆਂ ਹਨ। ਬਹੁਤ ਘੱਟ ਮਾਪੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਰੋਜ਼ਾਨਾ ਇੱਕੋ ਹੀ ਤਰ੍ਹਾਂ ਦੇ ਕੰਮ ਤੋਂ ਇਲਾਵਾ ਬੱਚੇ ਨੂੰ ਕੁਝ ਵੱਖਰਾ ਤਜਰਬਾ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਸਕੂਲੀ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਹੋਰ ਤਰ੍ਹਾਂ ਦੀ ਜਾਣਕਾਰੀ ਵੀ ਮਿਲੇ। ਅੱਜਕੱਲ੍ਹ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਆਉਂਦੀਆਂ ਹਨ ਜਿਵੇਂ ਪੰਜ-ਛੇ ਸਾਲ ਦੇ ਬੱਚਿਆਂ ਲਈ ਛੋਟੀਆਂ-ਛੋਟੀਆਂ ਕਿਤਾਬਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਹੁੰਦਾ ਹੈ ਤਾਂ ਕਿ ਛੋਟੇ ਬੱਚੇ ਉਸ ਨੂੰ ਆਸਾਨੀ ਨਾਲ ਸਮਝ ਸਕਣ। ਇਸੇ ਤਰ੍ਹਾਂ ਨੌਂ-ਦਸ ਸਾਲ ਦੇ ਬੱਚਿਆਂ ਲਈ ਕਾਰਟੂਨ ਵਾਲੀਆਂ ਕਿਤਾਬਾਂ ਆਉਂਦੀਆਂ ਹਨ। ਵਿਦਿਆਰਥੀ, ਨੌਜਵਾਨਾਂ ਅਤੇ ਆਮ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨ ਵਾਸਤੇ ਹਰ ਪਿੰਡ, ਸ਼ਹਿਰ, ਸਕੂਲਾਂ-ਕਾਲਜਾਂ ਵਿੱਚ ਲਾਇਬਰੇਰੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁੁਰਾਤਨ ਅਤੇ ਆਧੁਨਿਕ ਰਚਨਾਕਾਰ ਸਾਡੀ ਅਜੋਕੀ ਆਧੁਨਿਕ ਪੀੜ੍ਹੀ ਦਾ ਮਾਰਗ ਦਰਸ਼ਨ ਕਰ ਰਹੇ ਹਨ। ਇਨ੍ਹਾਂ ਸਿਰਜਕਾਂ ਨੇ ਆਪਣੀ ਤੀਖਣ ਬੁੱਧੀ ਤੇ ਵਲਵਲਿਆਂ ਨੂੰ ਆਪਣੀ ਸਮਝ, ਸੂਝ ਅਤੇ ਸਮਰੱਥਾ ਨਾਲ ਲਿਖਤਾਂ ਰਾਹੀਂ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ, ਇਹ ਆਪਣੀਆਂ ਲਿਖਤਾਂ ਰਾਹੀਂ ਚੰਗਿਆਈਆਂ ਦੇ ਲੜ ਲੱਗਣ ਅਤੇ ਬੁਰਾਈਆਂ ਦੇ ਨਿਖੇੜੇ ਲਈ ਪ੍ਰੇਰਕ ਹਨ। ਸਾਹਿਤਕ ਲੋਕਾਂ ਦੇ ਵਿਚਾਰਾਂ ਦੀ ਧਾਰ ਬਹੁਤ ਤਿੱਖੀ ਹੁੰਦੀ ਹੈ। ਸ਼ਹੀਦ ਭਗਤ ਸਿੰਘ ਦੇ ਇਨਕਲਾਬ ਸਬੰਧੀ ਵਿਚਾਰ ਸਨ ਕਿ ”ਪਿਸਤੌਲ ਤੇ ਬੰਬ ਕਦੇ ਵੀ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ‘ਤੇ ਤਿੱਖੀ ਹੁੰਦੀ ਹੈ।”

ਇਹ ਗੱਲ ਮੈਂ ਇਸ ਲਈ ਲਿਖ ਰਿਹਾ ਹਾਂ ਕਿ ਸਾਡੇ ਸਮਾਜ ਅੰਦਰ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ। ਇਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਪ੍ਰੋ. ਸਾਹਿਬ ਸਿੰਘ ਨੇ ਇਸ ਸਬੰਧੀ ਬਹੁਤ ਵਧੀਆ ਵਿਚਾਰ ਦਿੱਤੇ ਹਨ ਕਿ ”ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ” ਭਾਵ ਇਹ ਹੈ ਕਿ ਸਾਨੂੰ ਚੰਗੇ, ਮਾੜੇ ਲੇਖਕਾਂ ਅਤੇ ਸਾਹਿਤ ਦਾ ਨਾਪ-ਤੋਲ ਜ਼ਰੂਰ ਕਰ ਲੈਣਾ ਚਾਹੀਦਾ ਹੈ।

ਸੰਪਰਕ: 80547-57806

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×