For the best experience, open
https://m.punjabitribuneonline.com
on your mobile browser.
Advertisement

ਅੱਜ ਦੇ ਸੰਦਰਭ ’ਚ ਭਗਤ ਸਿੰਘ ਦੇ ਵਿਚਾਰਾਂ ਦੀ ਅਹਿਮੀਅਤ

12:01 PM Mar 23, 2024 IST
ਅੱਜ ਦੇ ਸੰਦਰਭ ’ਚ ਭਗਤ ਸਿੰਘ ਦੇ ਵਿਚਾਰਾਂ ਦੀ ਅਹਿਮੀਅਤ
ਸ਼ਹੀਦ ਭਗਤ ਸਿੰਘ ਦਾ ਚੱਕ ਨੰਬਰ 105 (ਪਾਕਿਸਤਾਨ) ਸਥਿਤ ਸਕੂਲ
Advertisement

ਮੱਖਣ ਕੁਹਾੜ

ਸਮੁੱਚੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਜਾਂ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਭਾਰਤੀ ਰਹਿੰਦੇ ਹਨ ਉਹ ਸ਼ਹੀਦ ਭਗਤ ਸਿੰਘ ਨੂੰ ਅਕਸਰ ਯਾਦ ਕਰਦੇ ਰਹਿੰਦੇ ਹਨ। ਫ਼ਖ਼ਰ ਨਾਲ ਉਸ ਦਾ ਨਾਮ ਲੈਂਦੇ ਹਨ। ਉਸ ਨੂੰ ਮਹਾਨ ਸ਼ਹੀਦ ਕਹਿ ਕੇ ਫ਼ਖ਼ਰ ਮਹਿਸੂਸ ਕਰਦੇ ਹਨ। ਉਸ ਦੀਆਂ ਤਸਵੀਰਾਂ ਘਰ-ਘਰ ਸਜਾਈਆਂ ਮਿਲਦੀਆਂ ਹਨ। ਨੌਜਵਾਨ ਤਾਂ ਉਸ ਦੇ ਟੈਟੂ ਬਣਾਉਣ, ਗਲ਼ਾਂ ’ਚ ਲਾਟੂ ਬਣਾ ਕੇ ਪਵਾਉਣ ਤੀਕਰ ਜਾਂਦੇ ਹਨ। ਟਰੱਕਾਂ ਵਾਲੇ ਆਪਣੇ ਡਾਲੇ ਪਿੱਛੇ ਭਗਤ ਸਿੰਘ ਦੀ ਤਸਵੀਰ ਬਣਵਾ ਕੇ ਖ਼ੁਸ਼ ਹੁੰਦੇ ਹਨ। ਇਨਕਲਾਬੀ ਲੋਕ ਤਾਂ ਉਸ ਨੂੰ ਮੰਨਦੇ ਹੀ ਹਨ, ਸਾਰੇ ਧਰਮਾਂ, ਮਜ਼੍ਹਬਾਂ, ਫਿਰਕਿਆਂ ਦੇ ਲੋਕ ਉਸ ਨੂੰ ਆਪਣਾ ਆਖ ਕੇ ਖ਼ੁਸ਼ ਹੁੰਦੇ ਹਨ। ਪਰ ਅਸਲ ਵਿੱਚ ਭਗਤ ਸਿੰਘ ਕੀ ਚਾਹੁੰਦਾ ਸੀ, ਇਹ ਬਹੁਤ ਘੱਟ ਲੋਕ ਜਾਣਦੇ ਹਨ। ਵਧੇਰੇ ਕਰਕੇ ਲੋਕ ਉਸ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਵਾਲਾ ਅਜਿਹਾ ਯੋਧਾ ਜੋ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਗਿਆ, ਸਮਝ ਕੇ ਉਸ ਅੱਗੇ ਸਿਰ ਝੁਕਾਉਂਦੇ ਹਨ।
ਹਾਕਮ ਅੰਗਰੇਜ਼ਾਂ ਤੋਂ ਹਿੰਦੋਸਤਾਨ ਆਜ਼ਾਦ ਕਰਾਉਣ ਲਈ ਮਹਾਤਮਾ ਗਾਂਧੀ ਦਾ ਨਾਮ ਵਧੇਰੇ ਲੈਂਦੇ ਹਨ ਪਰ ਹਾਕਮ ਸ਼੍ਰੇਣੀ ਵੱਲੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਗ਼ਦਰੀ ਬਾਬੇ, ਕਾਲੇ ਪਾਣੀ ਦੇ ਤੇ ਹੋਰ ਲੱਖਾਂ ਕੈਦੀ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਆਦਿ ਹਜ਼ਾਰਾਂ ਗ਼ਦਰੀ ਬਾਬੇ ਤੇ ਹੋਰ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਕਸਰ ਅਣਗੌਲਿਆ ਕਰਕੇ ਲੋਕਾਂ ਦੇ ਦਿਲਾਂ ’ਚੋਂ ਭੁਲਾਉਣ ਦਾ ਯਤਨ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਭਗਤ ਸਿੰਘ ਤੇ ਹਜ਼ਾਰਾਂ ਹੋਰ ਯੋਧਿਆਂ ਦੇ ਮਨਸ਼ਿਆਂ ਨੂੰ ਛੁਟਿਆਉਣ ਦੀ ਇੱਕ ਚਾਲ ਹੈ। ਇਹ ਗੱਲ ਵੀ ਪ੍ਰਚਾਰੀ ਜਾਂਦੀ ਹੈ ਕਿ ਭਗਤ ਸਿੰਘ ਨੇ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਗਿਆਨੀ ਰਣਧੀਰ ਸਿੰਘ ਤੋਂ ਅੰਮ੍ਰਿਤ ਛਕ ਲਿਆ ਸੀ ਅਤੇ ਉਹ ਸਿੱਖ ਬਣ ਗਿਆ ਸੀ। ਕਈ ਉਸ ਨੂੰ ਆਰੀਆ ਸਮਾਜੀ ਕਹਿ ਕੇ ਵਡਿਆਉਂਦੇ-ਛੁਟਿਆਉਂਦੇ ਹਨ। ਬਹੁਤੇ ਉਸ ਦੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਨੂੰ ਹੀ ਵਧੇਰੇ ਤਰਜੀਹ ਦਿੰਦੇ ਹਨ। ਕੋਈ ਉਸ ਨੂੰ ਕੀ ਕਹਿੰਦਾ ਹੈ ਦੀ ਬਹਿਸ ਨਾਲੋਂ, ਅੱਜ ਵਧੇਰੇ ਜ਼ਰੂਰੀ ਹੈ ਕਿ ਇਹ ਜਾਣਿਆ ਜਾਵੇ ਕਿ ਭਗਤ ਸਿੰਘ ਕੀ ਚਾਹੁੰਦਾ ਸੀ? ਉਹ ਕਿਉਂ ਸ਼ਹੀਦ ਹੋਇਆ ਅਤੇ ਅੱਜ ਦੇ ਸੰਦਰਭ ਵਿੱਚ ਉਸ ਦੇ ਵਿਚਾਰਾਂ ਦੀ ਕੀ ਸਾਰਥਿਕਤਾ ਹੈ?
ਨੌਜਵਾਨ ਭਾਰਤ ਸਭਾ, ਜਿਸ ਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ ਬਣੇ ਸਨ, ਨੇ ਆਪਣੇ ਮੈਨੀਫੈਸਟੋ ਬਾਰੇ 11-12-13 ਅਪਰੈਲ 1928 ਨੂੰ ਅੰਮ੍ਰਿਤਸਰ ਵਿਖੇ ਸਭਾ ਦੀ ਕਾਨਫਰੰਸ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਸਾਡਾ ਦੇਸ਼ ਇੱਕ ਨਾਜ਼ੁਕ ਅਵਸਥਾ ਵਿੱਚੋਂ ਲੰਘ ਰਿਹਾ ਹੈ। ਹਰ ਪਾਸੇ ਬੇਵਿਸ਼ਵਾਸੀ ਅਤੇ ਨਿਰਾਸ਼ਾ ਦਾ ਬੋਲਬਾਲਾ ਹੈ। ਆਜ਼ਾਦੀ ਦੇ ਨਾਮ ਧਰੀਕ ਹਮਾਇਤੀਆਂ ਕੋਲ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਹੈ। ਭਵਿੱਖ ਵਿੱਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ, ਜਨਤਾ ਦਾ ਇਨਕਲਾਬ ਤੇ ਜਨਤਾ ਲਈ ਇਨਕਲਾਬ। ਦੂਜੇ ਸ਼ਬਦਾਂ ਵਿੱਚ ਉਹ ਸਵਰਾਜ ਜੋ 99 ਫ਼ੀਸਦੀ ਲੋਕਾਂ ਲਈ ਹੋਵੇ।

Advertisement

ਪਾਕਿਸਤਾਨ ਦੇ ਚੱਕ ਨੰਬਰ 105 ਵਿੱਚ ਸ. ਭਗਤ ਸਿੰਘ ਦੇ ਖੇਤ ਜਿੱਥੇ ਉਹ ਬਚਪਨ ਵਿੱਚ ਬੰਦੂਕਾਂ ਬੀਜਦੇ ਸਨ

ਅਸੈਂਬਲੀ ਬੰਬ ਕੇਸ ਬਿਆਨ ਵਿੱਚ ਭਗਤ ਸਿੰਘ ਨੇ ਕਿਹਾ, ਮਜ਼ਦੂਰਾਂ ਵਿਰੁੱਧ ਟਰੇਡ ਡਿਸਪਿਊਟ ਬਿੱਲ ਬਾਰੇ ਅਸੈਂਬਲੀ ਵਿੱਚ ਬਹਿਸ ਸੁਣ ਕੇ ਸਾਡਾ ਵਿਸ਼ਵਾਸ ਪੱਕਾ ਹੋ ਗਿਆ ਕਿ ਭਾਰਤ ਦੇ ਕਰੋੜਾਂ ਲੋਕਾਂ ਨੂੰ ਇਸ ਸੰਸਥਾ ਤੋਂ ਕੋਈ ਆਸ ਨਹੀਂ, ਸੰਘਰਸ਼ ਕਰਦੇ ਤੇ ਭੁੱਖ ਨਾਲ ਮਰਦੇ ਕਰੋੜਾਂ ਲੋਕਾਂ ਦਾ ਬੁਨਿਆਦੀ ਅਧਿਕਾਰ ਖੋਹ ਲਿਆ ਹੈ ਅਤੇ ਉਸ ਦੀ ਆਰਥਿਕ ਲੜਾਈ ਦਾ ਇੱਕੋ ਇੱਕ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ। ਮਿਹਨਤ ਕਰਦੇ ਭਾਰਤੀ ਮਜ਼ਦੂਰਾਂ ਦੀ ਮਜਬੂਰੀ, ਭੁੱਖ ਤੇ ਦੁੱਖ ਦੇ ਮਾੜੇ ਹਾਲ ਦਾ ਅਹਿਸਾਸ ਹੁੰਦਾ ਹੈ। ਭਗਤ ਸਿੰਘ ਨੇ ਬਿਆਨ ਦਿੰਦਿਆਂ ਅੱਗੇ ਕਿਹਾ, ਹੇਠਲੀ ਕਚਹਿਰੀ ਵਿੱਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ, ਇਸ ਦੇ ਜਵਾਬ ਵਿੱਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖ਼ੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਤੇ ਨਾ ਹੀ ਇਸ ਵਿੱਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲ ਦਾ ਕੋਈ ਫਿਰਕਾ ਨਹੀਂ ਹੈ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ’ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ। ਅਸੈਂਬਲੀ ਬੰਬ ਕੇਸ ਦੇ ਬਿਆਨ ’ਚ ਆਪਣੇ ਇਨਕਲਾਬੀ ਉਦੇਸ਼ ਨੂੰ ਭਗਤ ਸਿੰਘ ਹੋਰ ਸਪੱਸ਼ਟ ਕਰਦਾ ਹੈ- ਇਨਕਲਾਬ ਤੋਂ ਸਾਡਾ ਭਾਵ ਅੰਤ ਇੱਕ ਐਸੀ ਵਿਵਸਥਾ ਕਾਇਮ ਕਰਨਾ ਹੈ ਜਿਸ ਵਿੱਚ ਕਿਰਤੀ, ਮਜ਼ਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇੱਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਕੰਮਾਂ ਦੀ ਤਬਾਹੀ ਤੋਂ ਹਿੰਮਤ ਕਰਕੇ ਆਜ਼ਾਦ ਕਰਾਇਆ ਜਾਵੇਗਾ। 22 ਅਕਤੂਬਰ 1929 ਨੂੰ ਲਾਹੌਰ ਤੋਂ ਪ੍ਰਕਾਸ਼ਿਤ ਹੁੰਦੇ ‘ਟ੍ਰਿਬਿਊਨ ਅਖ਼ਬਾਰ’ ਵਿੱਚ ਭਗਤ ਸਿੰਘ ਹੋਰਾਂ ਦਾ ਵਿਦਿਆਰਥੀਆਂ ਦੇ ਨਾਂ ਸੰਦੇਸ਼ ਛਪਿਆ- ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੌਂਪੜੀਆਂ ਤੋਂ ਲੈ ਕੇ ਦੇਸ਼ ਦੇ ਹਰ ਕੋਨੇ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਆਜ਼ਾਦੀ ਲਿਆਵੇਗਾ, ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟਖਸੁੱਟ ਅਸੰਭਵ ਹੋ ਜਾਵੇਗੀ।

ਖਟਕੜ ਕਲਾਂ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦਾ ਘਰ

ਇੱਕ ਮਈ 1930 ਨੂੰ ਸਥਾਪਤ ਕੀਤੇ ਲਾਹੌਰ ਸਾਜ਼ਿਸ਼ ਕੇਸ ਦੇ ਖ਼ਾਸ ਟ੍ਰਿਬਿਊਨਲ ਨੂੰ ਬਿਆਨ ਦਿੰਦਿਆਂ, ਉਨ੍ਹਾਂ ਆਖਿਆ, ਸਾਡਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਇੱਕ ਵੱਡੇ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮਾਂ ਦੇ ਹੱਥੋਂ ਕੌਮਾਂ ਦੀ ਲੁੱਟ ਦਾ ਸਿਖ਼ਰ ਹੈ। ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਲਈ ਨਾ ਸਿਰਫ਼ ਕਾਨੂੰਨੀ ਤਾਕਤ ਵਰਤਦੇ ਹਨ, ਸਗੋਂ ਵੱਡੇ-ਵੱਡੇ ਕਤਲੇਆਮ ਵੀ ਰਚਾਉਂਦੇ ਹਨ। ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗ ਵਰਗੇ ਖ਼ੌਫ਼ਨਾਕ ਜ਼ੁਰਮ ਵੀ ਕਰਦੇ ਹਨ। ਕਾਨੂੰਨ ਤੇ ਅਮਨ ਦੀ ਆੜ ਹੇਠ, ਉਹ ਅਮਨ ਭੰਗ ਕਰਦੇ ਹਨ। ਹਫੜਾ-ਦਫੜੀ ਮਚਾਉਂਦੇ ਹਨ, ਲੋਕਾਂ ਨੂੰ ਜਾਨੋਂ ਮਾਰਦੇ ਹਨ, ਹਰ ਸੰਭਵ ਜ਼ੁਲਮ ਕਰਦੇ ਹਨ। ਸਪੱਸ਼ਟ ਹੈ ਕਿ ਭਗਤ ਸਿੰਘ ਸਾਮਰਾਜ ਦੇ ਖ਼ਿਲਾਫ਼ ਇੱਕ ਯੁੱਧ ਲੜਨਾ ਚਾਹੁੰਦਾ ਸੀ।
ਉਸ ਦਾ ਆਜ਼ਾਦੀ ਪ੍ਰਾਪਤੀ ਕਰਨ ਤੋਂ ਭਾਵ ਸੱਤਾ ਤਬਦੀਲੀ ਨਹੀਂ, ਸਗੋਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦਾ ਸੀ। ਉਹ ਸਿਰਫ਼ ਭਾਰਤ ਵਿੱਚੋਂ ਸਾਮਰਾਜੀ ਅੰਗਰੇਜ਼ ਹਕੂਮਤ ਨੂੰ ਖ਼ਤਮ ਕਰਨ ਤੱਕ ਸੀਮਤ ਨਹੀਂ ਸੀ, ਸਗੋਂ ਧਰਤੀ ਦੇ ਸਾਰੇ ਦੇਸ਼ਾਂ ਨੂੰ, ਸਮੁੱਚੀ ਮਨੁੱਖਤਾ ਨੂੰ ਸਾਮਰਾਜੀਆਂ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ। ਭਗਤ ਸਿੰਘ ਜੇਲ੍ਹ ਵਿੱਚ ਇਨਕਲਾਬ ਬਾਰੇ ਪੁਸਤਕਾਂ ਪੜ੍ਹਦਾ ਸੀ ਅਤੇ ਹਰ ਪੱਖੋਂ ਉਹ ਪਰਪੱਕ ਹੋਣਾ ਲੋੜਦਾ ਸੀ। ਅਕਤੂਬਰ 1930 ਵਿੱਚ ਉਹ ਉਮਰ ਕੈਦ ਭੁਗਤ ਰਹੇ ਬਟੁਕੇਸ਼ਵਰ ਦੱਤ ਨੂੰ ਖ਼ਤ ਰਾਹੀਂ ਆਖਦਾ ਹੈ, ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ। ਮੈਂ ਇਸ ਖ਼ੁਸ਼ੀ ਨਾਲ ਫਾਂਸੀ ਦੇ ਤਖ਼ਤ ’ਤੇ ਚੜ੍ਹ ਕੇ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ। ਫਾਂਸੀ ਤੋਂ ਕੁਝ ਦਿਨ ਪਹਿਲਾਂ 2 ਫਰਵਰੀ 1931 ਨੂੰ ਇਨਕਲਾਬੀ ਪ੍ਰੋਗਰਾਮ ਬਾਰੇ ਭਗਤ ਸਿੰਘ ਨੇ ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ ਵਿੱਚ ਕਾਂਗਰਸ ਦਾ ਉਦੇਸ਼ ਕੀ ਹੈ, ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ- ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿੱਚ ਖ਼ਤਮ ਹੋਵੇਗਾ ਕਿਉਂਕਿ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧ ਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ। ਦੋਵੇਂ ਜਮਾਤਾਂ ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿੱਚ ਪਾਉਣ ਦੀ ਜੁਅਰੱਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਵਿੱਚ ਅਤੇ ਕਾਰਖਾਨਿਆਂ ਵਿੱਚ ਹਨ ਪਰ ਸਾਡੇ ਬੁਰਜੂਆ ਨੇਤਾ ਉਨ੍ਹਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਨਾ ਹੀ ਕਰ ਸਕਦੇ ਹਨ। ਇਨਕਲਾਬ ਪੂਰਾ ਕਰਨ ਲਈ ਭਗਤ ਸਿੰਘ ਇਸੇ ਖ਼ਤ ਵਿੱਚ ਅੱਗੇ ਆਖਦਾ ਹੈ, ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿੱਚ ਲੈ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਵਿਚਾਰ ਵਿਕਸਤ ਹੋ ਚੁੱਕੇ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਇਸ ਕੰਮ ਲਈ ਲਾਉਣ ਨੂੰ ਤਿਆਰ ਹਨ।
ਫਾਂਸੀ ਤੋਂ ਇੱਕ ਦਿਨ ਪਹਿਲਾਂ 22 ਮਾਰਚ 1931 ਨੂੰ ਕੁਝ ਇਨਕਲਾਬੀਆਂ ਵੱਲੋਂ ਫਾਂਸੀ ਤੋਂ ਬਚਾਉਣ ਲਈ ਉਪਰਾਲਾ ਕਰਨ ਦੀ ਤਜਵੀਜ਼ ਦੇ ਜਵਾਬ ਵਿੱਚ ਭਗਤ ਸਿੰਘ ਨੇ ਇੱਕ ਨੋਟ ਉਨ੍ਹਾਂ ਨੂੰ ਜਵਾਬ ਵਜੋਂ ਭੇਜਿਆ, ਮੇਰਾ ਨਾਂ ਹਿੰਦੋਸਤਾਨੀ ਇਨਕਲਾਬੀ ਦਾ ਪ੍ਰਤੀਕ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ। ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹਨ ਦੀ ਸੂਰਤ ਵਿੱਚ ਹਿੰਦੋਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਚਾਹਤ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਮਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ। ਸਪੱਸ਼ਟ ਹੈ ਕਿ ਭਗਤ ਸਿੰਘ ਆਪਣੇ ਜਿਸ ਮਨੋਰਥ ਲਈ ਸ਼ਹੀਦ ਹੋਇਆ ਉਹ ਇਨਕਲਾਬ ਸੀ। ਉਸ ਦਾ ਮਨਸ਼ਾ ਐਸਾ ਸਮਾਜਵਾਦੀ ਪ੍ਰਬੰਧ ਸਥਾਪਤ ਕਰਨਾ ਸੀ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਰਾਜ ਸੱਤਾ ਮਜ਼ਦੂਰਾਂ, ਕਿਸਾਨਾਂ ਤੇ ਕਿਰਤ ਕਰਨ ਵਾਲਿਆਂ ਦੇ ਹੱਥ ਆਵੇ। ਗ਼ਰੀਬ ਅਤੇ ਅਮੀਰ ਦਾ ਪਾੜਾ ਨਾ ਰਹੇ। ਜਾਤਾਂ, ਮਜ਼੍ਹਬਾਂ, ਫਿਰਕਿਆਂ, ਖਿੱਤਿਆਂ ਦੇ ਝਗੜਿਆਂ ਨੂੰ ਪਾਸੇ ਕਰਕੇ ਇਨਸਾਨ ਨੂੰ ਸਿਰਫ਼ ਇਨਸਾਨ ਜਾਣਿਆ ਜਾਵੇ। ਜਿੱਥੇ ਹਰ ਇੱਕ ਨੂੰ ਕੰਮ ਮਿਲੇ। ਰੋਟੀ, ਕੱਪੜਾ, ਮਕਾਨ ਦਾ ਮਸਲਾ ਸਥਾਈ ਤੌਰ ’ਤੇ ਹੱਲ ਹੋਵੇ। ਸਾਮਰਾਜ ਦਾ ਸੰਸਾਰ ’ਚੋਂ ਖ਼ਤਮਾ ਹੋਵੇ।
ਅੱਜ ਭਗਤ ਸਿੰਘ ਨੂੰ ਮੰਨਣ ਵਾਲਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਹਰ ਕਾਰਜ ਭਗਤ ਸਿੰਘ ਦੇ ਇਨਕਲਾਬ ਦੇ ਉਦੇਸ਼ ਦੀ ਪ੍ਰਾਪਤੀ ਲਈ ਸੇਧਤ ਕਰਨ। 1947 ਦੀ ਆਜ਼ਾਦੀ, ਜਿਸ ਵਿੱਚ ਕੇਵਲ ਰਾਜ ਸੱਤਾ ਦੀ ਤਬਦੀਲੀ ਹੋਈ ਅਤੇ ਗੋਰਿਆਂ (ਬਰਤਾਨਵੀ) ਸ਼ਾਸਕਾਂ ਦੀ ਥਾਂ ਕਾਲਿਆਂ (ਭਾਰਤੀ) ਸ਼ਾਸਕਾਂ ਨੇ ਰਾਜ ਸੱਤਾ ਸਾਂਭ ਲਈ। ਪ੍ਰਬੰਧ ਜਿਉਂ ਦਾ ਤਿਉਂ ਸਰਮਾਏਦਾਰੀ ਕੋਲ ਹੀ ਰਿਹਾ। ਇਸ ਦਾ ਹਸ਼ਰ ਸਭ ਦੇ ਸਾਹਮਣੇ ਹੈ। ਗ਼ਰੀਬੀ ਤੇ ਅਮੀਰੀ ਦਾ ਪਾੜਾ ਗਹਿਰੀ ਖੱਡ ਦੀ ਹੇਠਲੀ ਸਤ੍ਵ ਤੋਂ ਉੱਚੇ ਪਰਬਤ ਦੀ ਟੀਸੀ ਵਰਗਾ ਹੋ ਗਿਆ ਹੈ। ਫਿਰਕਾਪ੍ਰਸਤੀ ਦਾ ਤਾਂਡਵ ਨਾਚ ਆਮ ਭਾਰਤੀਆਂ ਨੂੰ ਨਿਗਲ ਰਿਹਾ ਹੈ। ਫਾਸ਼ੀਵਾਦ ਭਾਜਪਾ ਸਰਕਾਰ ਦੇ ਸਿਰ ਚੜ੍ਹ ਬੋਲ ਰਿਹਾ ਹੈ। ਹਰ ਵਿਰੋਧੀ ਨੂੰ ਜੇਲ੍ਹੀਂ ਡੱਕਣਾ ਆਮ ਵਰਤਾਰਾ ਹੋ ਗਿਆ ਹੈ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਜਪਾ ਸਰਕਾਰ ਪੱਬਾਂ ਭਾਰ ਹੈ। ਹਾਕਮਾਂ ਨੇ ਸਾਮਰਾਜੀਆਂ ਨਾਲ ਪੱਕੀ ਸਾਂਝ ਪਾ ਲਈ ਹੈ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਮਾਜਿਕ ਬੇਇਨਸਾਫ਼ੀ ਆਪਣੀ ਚਰਮ ਸੀਮਾ ’ਤੇ ਹੈ। ਮਾੜੇ ਦਾ ਜੀਵਨ ਪਸ਼ੂਆਂ ਦੀ ਨਿਆਈਂ ਹੈ। ਨਾ ਖਾਣ ਲਈ ਅੰਨ, ਨਾ ਪੀਣ ਲਈ ਸਾਫ਼ ਪਾਣੀ, ਨਾ ਸਿੱਖਿਆ, ਨਾ ਸਿਹਤ, ਕੁਝ ਵੀ ਨਹੀਂ ਹੈ। ਤਕੜੇ ਲਈ ਸਾਰਾ ਕੁਝ ਹੈ। ਭਾਰਤੀ ਲੋਕ ਗੁੱਸੇ ਵਿੱਚ ਵੋਟਾਂ ਪਾ ਕੇ ਵਾਰੀ-ਵਾਰੀ ਹਕੂਮਤਾਂ ਬਦਲ-ਬਦਲ ਕੇ ਵੇਖ ਚੁੱਕੇ ਹਨ। ਕੋਈ ਫ਼ਰਕ ਨਹੀਂ ਪਿਆ। ਭਗਤ ਸਿੰਘ ਦੇ ਇਨਕਲਾਬ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ ਨਹੀਂ ਸਰਨਾ। ਇਹੀ ਭਗਤ ਸਿੰਘ ਲੋਚਦਾ ਸੀ। ਇਹੀ ਸਾਨੂੰ ਕਰਨਾ ਚਾਹੀਦਾ ਹੈ।
ਇਨਕਲਾਬ ਕਰਨਾ ਹੀ ਭਗਤ ਸਿੰਘ ਦਾ ਉਸ ਦੇ ਪੈਰੋਕਾਰ ਲਈ ਸੁਨੇਹਾ ਹੈ। 25 ਸਤੰਬਰ 2020 ਤੋਂ 15 ਦਸੰਬਰ 2021 ਤੱਕ ਦੇ ਕਰੀਬ ਚੱਲੇ ਕਿਸਾਨੀ ਘੋਲ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਜੇ ਸਹੀ ਅਗਵਾਈ ਮਿਲੇ ਤਾਂ ਉਹ ਹਰ ਖੂੰਖਾਰ ਸਰਕਾਰ ਨੂੰ ਨਿਵਾ ਸਕਦੇ ਹਨ। ਅੱਜ ਭਾਰਤ ਵਿੱਚ ਭਾਜਪਾ ਦੀ ਸਰਕਾਰ ਹੈ, ਜੋ ਪਹਿਲਾਂ 2014 ਤੋਂ ਫਿਰ 2019 ਵਿੱਚ ਬਹੁਮਤ ਨਾਲ ਜਿੱਤੀ ਹੈ। ਇਸ ਨੇ ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿੱਚ ਦਰਸਾਏ ਸਮਾਜਵਾਦੀ ਉਦੇਸ਼ ਦੀ ਥਾਂ ਸਾਮਰਾਜੀ ਰਾਹ ਅਪਣਾ ਲਿਆ ਹੈ। ਸਾਮਰਾਜੀ ਤਾਕਤਾਂ ਨਾਲ ਇੱਕ ਸਾਂਝ ਪਾ ਲਈ ਹੈ। ਅਮਰੀਕਾ, ਜਪਾਨ, ਚੀਨ, ਆਸਟਰੇਲੀਆ, ਬਰਤਾਨੀਆ ਸਾਰੇ ਦੇਸ਼ਾਂ ਨਾਲ ਅਜਿਹੇ ਸਮਝੌਤੇ ਕੀਤੇ ਜਾ ਰਹੇ ਹਨ ਜਿਸ ਨਾਲ ਸਾਮਰਾਜੀ ਕਾਰਪੋਰੇਟ ਸੈਕਟਰ ਭਾਰਤ ਵਿੱਚ ਬਹੁਤ ਵੱਡੇ ਪੱਧਰ ’ਤੇ ਨਿਵੇਸ਼ ਕਰ ਸਕੇ। ਇਸ ਨਾਲ ਭਾਰਤੀ ਆਰਥਿਕ ਆਜ਼ਾਦੀ ਸਾਮਰਾਜੀਆਂ ਦੀਆਂ ਮੋਟੀਆਂ ਜੰਜ਼ੀਰਾਂ ਵਿੱਚ ਫਸੇਗੀ, ਨਾਲ ਦੀ ਨਾਲ ਸਿਆਸੀ ਆਜ਼ਾਦੀ ਵੀ ਹੱਥੋਂ ਖੁੱਸ ਜਾਵੇਗੀ। ਪਹਿਲਾਂ ਸਿਰਫ਼ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਹੀ ਵਪਾਰ ਕਰਨ ਲਈ ਭਾਰਤ ਆਈ ਸੀ ਪਰੰਤੂ ਹੁਣ ਐਸੀਆਂ ਹਜ਼ਾਰਾਂ ਕੰਪਨੀਆਂ ਬੱਝਵੇਂ ਤੌਰ ’ਤੇ ਭਾਰਤ ’ਤੇ ਰਾਜ ਕਰਨਗੀਆਂ। ਗ਼ੁਲਾਮ ਹੋਏ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਹਿਲਾਂ ਜਿੱਥੇ 300 ਸਾਲ ਲੱਗੇ ਸਨ, ਉੱਥੇ ਹੁਣ ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਣ।
ਭਗਤ ਸਿੰਘ ਦੇ ਮੁਕੰਮਲ ਇਨਕਲਾਬ ਦੇ ਉਦੇਸ਼ ਨੂੰ ਪੂਰਾ ਕਰਨਾ ਹੀ ਭਗਤ ਸਿੰਘ ਦੇ ਵਿਚਾਰਾਂ ਨਾਲ ਸਾਰਥਿਕ ਸਾਂਝ ਹੋਵੇਗੀ। ਜੇ ਭਗਤ ਸਿੰਘ ਦੇ ਵਿਚਾਰਾਂ ’ਤੇ ਪਹਿਰਾ ਨਾ ਦਿੱਤਾ। ਇਨਕਲਾਬ ਲਈ ਕੋਸ਼ਿਸ਼ਾਂ ਤੇਜ਼ ਨਾ ਕੀਤੀਆਂ, ਲਾਜ਼ਮੀ ਭਾਰਤ ਫਿਰ ਤੋਂ ਸਾਮਰਾਜੀਆਂ ਦੀਆਂ ਜੰਜ਼ੀਰਾਂ ਵਿੱਚ ਨੂੜਿਆ ਜਾਵੇਗਾ। ਅੱਜ ਦਾ ਸੰਦਰਭ ਸਭ ਦੇ ਸਾਹਮਣੇ ਹੈ। ਭਾਜਪਾ ਦੀ ਸਰਕਾਰ ਐਰ.ਐੱਸ.ਐੱਸ. ਦੀਆਂ ਨਿਰਦੇਸ਼ਿਤ ਨੀਤੀਆਂ ’ਤੇ ਚੱਲ ਰਹੀ ਹੈ। ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਫਨੀਅਰ ਹੋਰ ਮਜ਼ਬੂਤੀ ਨਾਲ ਫਨ ਖਿਲਾਰੀ ਸਾਡੇ ਵਿਹੜਿਆਂ ਵਿੱਚ ਦਾਖਲ ਹੋ ਰਹੇ ਹਨ। ਫਿਰਕਾਪ੍ਰਸਤੀ ਬਾਰੇ ਭਗਤ ਸਿੰਘ ਦੇ ਵਿਚਾਰ ਅੱਜ ਵੀ ਓਨੇ ਹੀ ਸਾਰਥਿਕ ਹਨ, ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾਂ ਸਾਡੇ ਰਾਹ ਵਿੱਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲੱਗਣ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।

ਸੰਪਰਕ: 95013-65522

Advertisement
Author Image

sukhwinder singh

View all posts

Advertisement
Advertisement
×