For the best experience, open
https://m.punjabitribuneonline.com
on your mobile browser.
Advertisement

ਅਧਿਆਪਕ ਹੋਣ ਦੇ ਮਾਇਨੇ ਅਤੇ ਚੁਣੌਤੀਆਂ

05:30 AM Nov 30, 2024 IST
ਅਧਿਆਪਕ ਹੋਣ ਦੇ ਮਾਇਨੇ ਅਤੇ ਚੁਣੌਤੀਆਂ
Advertisement

ਜਸਕਰਨ ਸਿੰਘ (ਡਾ.)*/ ਅੰਕਿਤਾ**

Advertisement

ਅਧਿਆਪਨ ਅਜੇ ਤੱਕ ਆਮ ਬੋਲ ਚਾਲ ਵਿਚ ਸਤਿਕਾਰਤ ਕਿੱਤਾ ਮੰਨਿਆ ਜਾਂਦਾ ਹੈ। ਚਿੰਤਕਾਂ ਨੇ ਚੰਗਾ ਸਮਾਜ ਸਿਰਜਣ ਵਿੱਚ ਅਧਿਆਪਕਾਂ ਦੇ ਵੱਡਮੁਲੇ ਯੋਗਦਾਨ ਨੂੰ ਸਲਾਹਿਆ ਹੈ। ਪੱਛਮੀ ਵਿਦਵਾਨ ਬਰਟਰੈਂਡ ਰਸਲ ਅਨੁਸਾਰ, ਕਿਸੇ ਸੱਭਿਅਤਾ ਦੀ ਰਾਖੀ ਲਈ ਚੰਗੇ ਅਧਿਆਪਕਾਂ ਦਾ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ। ਵੱਖ-ਵੱਖ ਧਰਮ ਸ਼ਾਸਤਰਾਂ ਤੇ ਗ੍ਰੰਥਾਂ ਵਿਚ ਅਧਿਆਪਨ ਨੂੰ ਅਗਿਆਨਤਾ ਦੇ ਹਨੇਰੇ ਵਿਚ ਚਾਨਣ ਵੰਡਣ ਵਾਲੀ ਪਵਿੱਤਰ ਸਮਾਜਿਕ ਸੇਵਾ ਕਿਹਾ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਮਨੁੱਖ, ਸਮਾਜ ਅਤੇ ਕੁਦਰਤ ਦੇ ਆਪਸੀ ਸਮਤੋਲ ਵਿਚ ਵਿਦਿਆ ਦਾ ਅਹਿਮ ਰੋਲ ਹੈ। ਰਸਮੀ ਵਿਦਿਆ ਅਤੇ ਸੱਭਿਅਕ ਮਨੁੱਖ ਦੇ ਨਿਰਮਾਣ ਵਿਚ ਅਧਿਆਪਨ ਅਹਿਮ ਕੜੀ ਹੈ ਪਰ 1991 ਦੀਆਂ ਨਵੀਂਆਂ ਆਰਥਿਕ ਨੀਤੀਆਂ ਅਤੇ ਵਿਸ਼ਵ ਵਪਾਰ ਸੰਗਠਨ ਦੇ ਸੇਵਾਵਾਂ ਸਬੰਧੀ ਵਪਾਰਿਕ ਸਮਝੌਤੇ (GATS) ਤਹਿਤ ਵਿਦਿਆ ਨੂੰ ਵੀ ਵਪਾਰਕ ਵਸਤੂ ਵਿਚ ਬਦਲ ਦਿੱਤਾ ਗਿਆ।
ਜਿਸ ਤਰ੍ਹਾਂ ਵੱਖ-ਵੱਖ ਕਿਰਤ ਸ਼੍ਰੇਣੀਆਂ ਦੀ ਆਪਸੀ ਦਰਜਾਬੰਦੀ ਆਰਥਿਕਤਾ ਦੇ ਦਾਬੇ ਹੇਠ ਉਨ੍ਹਾਂ ਦੀ ਬਾਜ਼ਾਰ ਵਿਚ ਲੋੜ ਦੇ ਆਧਾਰ ’ਤੇ ਤੈਅ ਹੁੰਦੀ ਹੈ, ਅਧਿਆਪਕਾਂ ਦੀ ਲੋੜ ਜਾਂ ਮੰਗ ਸਮਾਜ ਵਿਚ ਉਨ੍ਹਾਂ ਦੀ ਅਹਿਮੀਅਤ ਦੀ ਬਜਾਇ ਬਾਜ਼ਾਰ ਦੇ ਨਿਯਮਾਂ ਤਹਿਤ ਤੈਅ ਹੋਣ ਲੱਗੀ। ਬਾਜ਼ਾਰ ਆਧਾਰਿਤ ਆਰਥਿਕਤਾ ਵਿਚ ਹਰ ਕਿਰਤ (ਜਾਂ ਕਿੱਤਾ) ਸਮੇਂ ਅਤੇ ਹਾਲਤਾਂ ਅਨੁਸਾਰ ਢਲਦੀ ਜਾਂਦੀ ਹੈ ਅਤੇ ਸਮਾਜ ਵਿਚ ਉਸ ਦੀ ਦਰਜਾਬੰਦੀ ਜਾਂ ਪੈਂਠ ਹੇਠਾਂ ਉਪਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਵਰਤਾਰੇ ਦਾ ਦੁਰ-ਪ੍ਰਭਾਵ ਅਧਿਆਪਕ ਵਰਗ ਉੱਤੇ ਵੀ ਪਿਆ। ਪੂਜਿਆ ਜਾਣ ਵਾਲਾ ਅਧਿਆਪਨ ਕਿੱਤਾ ਸ਼ੋਸ਼ਣ ਦਾ ਸ਼ਿਕਾਰ ਹੋ ਗਿਆ। ਅਧਿਆਪਕ ਪੱਕੇ, ਕੱਚੇ, ਠੇਕੇ ’ਤੇ, ਪਾਰਟ-ਟਾਇਮ, ਗੈਸਟ ਫੈਕਲਟੀ ਵਰਗੀਆਂ ਤਥਾਕਥਿਤ ਸ਼੍ਰੇਣੀਆਂ ਵਿਚ ਵੰਡੇ ਗਏ। ਵਿਦਿਅਕ ਅਦਾਰਿਆਂ ਵਿਚ ਪੱਕੀਆਂ ਅਸਾਮੀਆਂ ਉੱਤੇ ਅਧਿਆਪਕਾਂ ਦੀ ਭਰਤੀ ਘੱਟ ਹੁੰਦੀ ਗਈ।
ਸਰਕਾਰੀ ਤੰਤਰ ਵਿਚ ਤਾਂ ਅਸਾਮੀਆਂ ਕਢਵਾਉਣ ਤੋਂ ਲੈ ਕੇ ਨਿਯੁਕਤੀ ਪੱਤਰ ਲੈਣ ਤੱਕ ਵੀ ਧਰਨੇ ਮੁਜ਼ਾਹਰਿਆਂ ਦੇ ਦੌਰ ਵਿਚੋਂ ਲੰਘਣਾ ਪੈਂਦਾ ਹੈ। ਸਿੱਖਿਆ ਦਾ ਵੱਡੇ ਪੱਧਰ ’ਤੇ ਨਿੱਜੀਕਰਨ ਕਰ ਕੇ ਨਿਗੂਣੀਆਂ ਤਨਖਾਹਾਂ ’ਤੇ ਕੱਚੀਆਂ ਨੌਕਰੀਆਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਸਦਕਾ ਅਧਿਆਪਕ ਵਰਗ ਜਮਾਤੀ ਵੰਡ ਦਾ ਸ਼ਿਕਾਰ ਹੋ ਰਿਹਾ ਹੈ। ਜਿਸ ਵਰਗ ਨੇ ਲੋਕਾਈ ਨੂੰ ਅਗਿਆਨ ਦੇ ਹਨੇਰੇ ਵਿਚੋਂ ਕੱਢਣਾ ਸੀ, ਉਹ ਸਵੈ-ਹਿੱਤਾਂ ਦੀ ਰਾਖੀ ਵਿਚ ਹੀ ਉਲਝਾ ਦਿੱਤਾ ਗਿਆ।
ਜੇ ਅੱਜ ਅਧਿਆਪਕਾਂ ਦੀ ਹੋਂਦ ਦਾ ਜਾਇਜ਼ਾ ਲਗਾਉਣਾ ਹੋਵੇ ਤਾਂ ਸਮਾਜਿਕ-ਆਰਥਿਕ ਢਾਂਚੇ ਵਿਚ ਉਨ੍ਹਾਂ ਦੀ ਲੋੜ ਅਤੇ ਇਸ ਦੇ ਮੁਕਾਬਲੇ ਉਨ੍ਹਾਂ ਦੁਆਰਾ ਇਸ ਢਾਂਚੇ ਵਿਚ ਦਖ਼ਲ ਤੋਂ ਲਗਾਇਆ ਜਾ ਸਕਦਾ ਹੈ। ਇਥੇ ਦਖ਼ਲ ਤੋਂ ਭਾਵ ਸਮਾਜ ਨੂੰ ਤਰੱਕੀ ਵੱਲ ਲਿਜਾਣ ਵਾਲਾ ਤੇ ਪਿਛਾਖੜੀ ਕਦਰਾਂ ਕੀਮਤਾਂ ਨਾਲ ਨੂੜ ਕੇ ਰੱਖਣ ਵਾਲਾ, ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਸੱਤਾ ਅਤੇ ਸਥਾਪਤ ਧਿਰ ਹਰਗਿਜ਼ ਨਹੀਂ ਚਾਹੇਗੀ ਕਿ ਸਮਾਜਿਕ ਚੇਤਨਾ ਉਸ ਦੁਆਰਾ ਸਿਰਜੀ ਵਿਵਸਥਾ ਦੀਆਂ ਜੜ੍ਹਾਂ ਕੁਰੇਦੇ ਹਾਲਾਂਕਿ ਜਿਸ ਦੇਸ਼ ਵਿਚ ਅਜੇ ਪੂਰਨ ਸਾਖਰਤਾ ਹਾਸਿਲ ਕਰਨਾ ਹੀ ਵੱਡੀ ਚੁਣੌਤੀ ਹੋਵੇ, ਉਥੇ ਅਧਿਆਪਕਾਂ ਤੋਂ ਬਹੁਤ ਵੱਡੀਆਂ ਉਮੀਦਾਂ ਰੱਖਣੀਆਂ ਵੀ ਸੁਫਨਾ ਹੋਵੇਗਾ। ਅਧਿਆਪਨ ਕਾਰਜ ਵਿੱਚ ਆਉਣ ਵਾਲਿਆਂ ਨੂੰ ਪਹਿਲਾਂ ਨੌਕਰੀ ਲੱਗਣ ਅਤੇ ਫਿਰ ਇਸ ਨੂੰ ਬਚਾਉਣ ਲਈ ਸਰਕਾਰੀ ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਪੈਂਦਾ ਹੈ; ਉਸ ਦਾ ਅਸਲ ਉਦੇਸ਼ ਤਾ-ਉਮਰ ਜਗਿਆਸੂ ਬਿਰਤੀ ਕਾਇਮ ਰੱਖਦੇ ਹੋਏ ਆਪਣੇ ਕਾਰਜ ਨੂੰ ਸਮਰਪਿਤ ਹੋਣਾ ਹੁੰਦਾ ਹੈ।
ਵੱਡਾ ਸਵਾਲ ਇਹ ਹੈ ਕਿ ਅਧਿਆਪਨ ਨਾਲ ਜੁੜੇ ਲੋਕ ਇਸ ਦੀ ਖ਼ਸਲਤ ਨੂੰ ਕਿੰਨਾ ਕੁ ਸਮਝਦੇ ਹਨ? ਆਦਰਸ਼ ਅਧਿਆਪਕ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਪ੍ਰਕਿਰਿਆ ਹੈ। ਮੌਜੂਦਾ ਵਿਵਸਥਾ ਦੁਆਰਾ ਨਿਸ਼ਚਿਤ ਵਿਦਿਆ ਪ੍ਰਾਪਤ ਕਰਨ ਅਤੇ ਭਰਤੀ ਪ੍ਰੀਖਿਆ ਤੇ ਇੰਟਰਵਿਊ ਪਾਸ ਕਰਨ ਪਿੱਛੋਂ ਕੋਈ ਸ਼ਖ਼ਸ ਅਧਿਆਪਕ ਬਣ ਸਕਦਾ ਹੈ ਹਾਲਾਂਕਿ ਇਸ ਵਿਚੋਂ ਵੀ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਕਿਸੇ ਸ਼ਖ਼ਸ ਨੇ ਇਹ ਕਿੱਤਾ (ਜਾਂ ਸੇਵਾ) ਸਵੈ-ਇੱਛਤ ਤੌਰ ’ਤੇ ਚੁਣਿਆ ਹੈ ਜਾਂ ਫਿਰ ਕਿਸੇ ਹੋਰ ਮਨਚਾਹੇ ਰੁਜ਼ਗਾਰ ਦੀ ਅਣਹੋਂਦ ਕਾਰਨ ਉਸ ਨੂੰ ਇਹ ਕਿੱਤਾ ਚੁਣਨਾ ਪਿਆ ਹੈ।
ਅਧਿਆਪਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਜਮਾਤੀ, ਸਮਾਜਿਕ ਅਤੇ ਜਿਣਸੀ ਸ਼ਨਾਖ਼ਤ ਦੀ ਪੁਣਛਾਣ ਹੋਵੇ ਕਿ ਕਿਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੂੰ ਇਹ ਕਿੱਤੇ ਚੁਣਨਾ ਪਿਆ ਤਾਂ ਹੋਰ ਵੀ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ। ਸਥਾਪਿਤ ਅਧਿਆਪਕਾਂ ਦੇ ਵਿੱਦਿਅਕ ਅਤੇ ਸਮਾਜਿਕ ਸਰੋਕਾਰਾਂ ਨੂੰ ਇਸ ਤਰ੍ਹਾਂ ਵੀ ਘੋਖਿਆ ਜਾ ਸਕਦਾ ਹੈ ਕਿ ਉਹ ਆਪਣੇ ਨਿੱਜੀ ਮਾਇਕ ਮਸਲਿਆਂ ਤੋਂ ਇਲਾਵਾ ਡਿੱਗ ਰਹੇ ਵਿਦਿਅਕ ਮਿਆਰ, ਸਿੱਖਿਆ ਦੇ ਨਿੱਜੀਕਰਨ ਅਤੇ ਆਰਜ਼ੀ ਅਸਾਮੀਆਂ ’ਤੇ ਕੰਮ ਕਰ ਰਹੇ ਅਧਿਆਪਕਾਂ ਦੇ ਸ਼ੋਸ਼ਣ ਬਾਰੇ ਕੀ ਸਮਝ ਰੱਖਦੇ ਹਨ? ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ, ਪੂਰੇ ਦੇਸ਼ ਵਿਚ ਸਕੂਲਾਂ ਦੀਆਂ ਅੱਠ ਲੱਖ ਤੋਂ ਵੱਧ ਅਸਾਮੀਆਂ ਦੇ ਨਾਲ-ਨਾਲ ਕੇਂਦਰੀ ਯੂਨੀਵਰਸਟੀਆਂ ਵਿਚ ਪ੍ਰੋਫੈਸਰਾਂ ਦੀ ਹਰ ਤੀਜੀ ਅਸਾਮੀ ਖਾਲੀ ਹੈ। ਕੀ ਜਨਤਕ ਵਿਦਿਅਕ ਅਦਾਰਿਆਂ ਵਿਚ ਕੰਮ ਕਰ ਰਹੇ ਅਧਿਆਪਕ ਅਤੇ ਉਨ੍ਹਾਂ ਦੀ ਯੂਨੀਅਨ ਆਪਣੇ ਤਨਖਾਹ ਸਕੇਲਾਂ ਤੋਂ ਇਲਾਵਾ ਇਨ੍ਹਾਂ ਅਦਾਰਿਆਂ ਦੀ ਹੋ ਰਹੀ ਖਸਤਾ ਹਾਲਤ ਅਤੇ ਲਗਾਤਾਰ ਖਾਲੀ ਚੱਲ ਰਹੀਆਂ ਅਸਾਮੀਆਂ ਬਾਰੇ ਫਿ਼ਕਰਮੰਦ ਹਨ? ਜੇ ਉਹ ਇਨ੍ਹਾਂ ਸਭ ਸਵਾਲਾਂ ਉਪਰ ਮੰਥਨ ਨਹੀਂ ਕਰਦੇ ਤਾਂ ਅਧਿਆਪਨ ਦਾ ਕਾਰਜ ਖੁਦ ਹੀ ਹਨੇਰੇ ਵਿਚੋਂ ਗੁਜ਼ਰ ਰਿਹਾ ਹੈ।
ਹੁਕਮਰਾਨ ਧਿਰਾਂ ਅਧਿਆਪਨ ਨੂੰ ਅਜਿਹਾ ਜ਼ਰੂਰੀ ਸਾਧਨ ਮੰਨਦੀਆਂ ਆਈਆਂ ਹਨ ਜਿਸ ਨੇ ਪੈਦਾਵਾਰ ਵਿਚ ਸਿੱਧਾ ਹਿੱਸਾ ਨਹੀਂ ਪਾਉਣਾ ਹੁੰਦਾ; ਭਾਵ, ਸਰਕਾਰਾਂ ਦੀ ਪਾਠਕ੍ਰਮ ਜ਼ਰੀਏ ਅਧਿਆਪਕਾਂ ਤੋਂ ਇਹ ਤਵੱਜੋ ਹੁੰਦੀ ਹੈ ਕਿ ਇਹ ਵਰਗ ਮੌਜੂਦਾ ਪ੍ਰਬੰਧ ਬਾਰੇ ਲੋਕਾਂ ਦੀ ਚੇਤਨਾ ਪੀੜ੍ਹੀ-ਦਰ-ਪੀੜ੍ਹੀ ਜਿਉਂ ਦੀ ਤਿਉ ਬਣਾ ਕੇ ਰੱਖੇ ਤਾਂ ਕਿ ਲੋਕ ਕਿਸੇ ਹਕੂੁਮਤੀ ਨਾਇਨਸਾਫੀ ਅਤੇ ਜ਼ਬਰ ਖਿਲਾਫ ਬਗ਼ਾਵਤ ਨਾ ਕਰ ਸਕਣ। ਪੂੰਜੀਵਾਦੀ ਆਰਥਿਕ ਪ੍ਰਬੰਧ ਵਿਚ ਕੁਲ ਪੈਦਾਵਾਰ ਵਿਚ ਪਾਏ ਹਿੱਸੇ ਦੇ ਹਿਸਾਬ ਨਾਲ ਕਿਸੇ ਸਾਧਨ ਦੀ ਉਜਰਤ ਨਿਰਧਾਰਤ ਹੋਣੀ ਮੰਨੀ ਜਾਂਦੀ ਹੈ।
ਹੁਣ ਵਾਲੇ ਦੌਰ ਵਿਚ ਹੁਕਮਰਾਨਾਂ ਨੂੰ ਲੱਗਦਾ ਹੈ ਕਿ ਮਸ਼ੀਨੀ ਬੁੱਧੀਮਾਨਤਾ (artificial intelligence) ਤੋਂ ਅਧਿਆਪਕਾਂ ਨਾਲੋਂ ਬਿਹਤਰ ਤੇ ਸਸਤਾ ਕੰਮ ਲਿਆ ਜਾ ਸਕਦਾ ਹੈ। ਇਉਂ ਹੁਣ ਅਧਿਆਪਕਾਂ ਦੀ ਹੋਂਦ ਦਾ ਮਸਲਾ ਖੜ੍ਹਾ ਹੋ ਗਿਆ ਹੈ। ਜੋ ਬਚੇ ਹਨ, ਉਨ੍ਹਾਂ ਦੀ ਹਾਲਤ ਮਾੜੀ (ਮਾਇਕ ਤੇ ਬੁੱਧੀ, ਦੋਵਾਂ ਪੱਖੋਂ ਤੋਂ) ਕੀਤੀ ਜਾ ਰਹੀ ਹੈ। ਜੇ ਮਨੁੱਖੀ ਬੌਧਿਕਤਾ ਅਤੇ ਸੱਤਾ ਰਾਹੀਂ ਮਸ਼ੀਨੀ ਕੰਟਰੋਲ ਵਧਦਾ ਹੈ ਤਾਂ ਅਧਿਆਪਕ ਵਰਗ ਅਤੇ ਸਮਾਜ ਲਈ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ।
ਸਹੀ ਮਾਇਨੇ ਵਿਚ ਚੰਗੇ ਅਧਿਆਪਕਾਂ ਦੀ ਵੱਧ ਜ਼ਰੂਰਤ ਸਮਾਜ ਨੂੰ ਹੈ ਨਾ ਕਿ ਸਰਕਾਰਾਂ ਨੂੰ। ਮਹਾਨ ਸਿੱਖਿਆ ਸ਼ਾਸਤਰੀ ਜਿਦੂ ਕ੍ਰਿਸ਼ਨਾਮੂਰਤੀ ਦਾ ਮੰਨਣਾ ਹੈ ਕਿ ਅਧਿਆਪਕ ਲਈ ਪੂਰਾ ਸਮਾਜ ਹੀ ਕਲਾਸ ਰੂਮ ਹੁੰਦਾ ਹੈ। ਜਿਥੇ ਉਹ ਵਿੱਦਿਆ ਦੇ ਪਾਸਾਰ ਲਈ ਨਿਰਸਵਾਰਥ ਸੇਵਾਵਾਂ ਦੇ ਸਕਦਾ ਹੈ।
ਦੂਜੇ ਪਾਸੇ, ਅਧਿਆਪਕ ਵਰਗ ਦੇ ਰੋਟੀ-ਰੋਜ਼ੀ ਦੇ ਮਸਲੇ ਲਈ ਸਮਾਜਿਕ ਫਿਕਰਮੰਦੀ ਵੀ ਲਾਜ਼ਮੀ ਹੈ। ਇਉਂ ਸਿਰਫ ਸਰਕਾਰਾਂ ’ਤੇ ਟੇਕ ਰੱਖਣ ਦੀ ਬਜਾਇ ਇਨ੍ਹਾਂ ਦੋਵਾਂ ਧਿਰਾਂ ਨੂੰ ਇਕ ਦੂਜੇ ਨਾਲ ਜੁੜਨਾ ਪਵੇਗਾ ਤੇ ਮਿਲ ਕੇ ਵਿਦਿਆ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਆਰੰਭਣੀ ਹੋਵੇਗੀ।
*ਅਸਿਸਟੈਂਟ ਪ੍ਰੋਫੈਸਰ, ਅਰਥਸ਼ਾਸਤਰ ਵਿਭਾਗ, ਰਾਮਗੜ੍ਹੀਆ ਕਾਲਜ, ਫਗਵਾੜਾ, ਸੰਪਰਕ: 98154-80892
**ਪੀਐੱਚਡੀ ਖੋਜਾਰਥੀ, ਅਰਥਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਟੀ, ਪਟਿਆਲਾ।

Advertisement

Advertisement
Author Image

joginder kumar

View all posts

Advertisement