ਖੇਤੀ ਨੀਤੀ ਲਾਗੂ ਹੋਣ ਨਾਲ ਸਮੱਸਿਆਵਾਂ ਹੱਲ ਹੋਣ ਦੀ ਉਮੀਦ: ਸੁਖਪਾਲ ਸਿੰਘ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 27 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਕਾਮੀ ਖੇਤਰੀ ਖੋਜ ਕੇਂਦਰ ਵਿੱਚ ਅੱਜ ਲੱਗੇ ਕਿਸਾਨ ਮੇਲੇ ਦੌਰਾਨ ਵੱਡੀ ਗਿਣਤੀ ’ਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ‘ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ’ ਦੇ ਉਦੇਸ਼ ਨਾਲ ਲਗਾਏ ਗਏ ਇਸ ਮੇਲੇ ਵਿੱਚ ਉੱਘੇ ਅਰਥ ਸ਼ਾਸ਼ਤਰੀ ਅਤੇ ਚੇਅਰਮੈਨ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਡਾ. ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਰੀਕ ਹੋਏ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡਾ ਕਿਸਾਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਖੇਤੀ ਨੂੰ ਤਿਆਗ ਕੇ ਵਿਦੇਸ਼ਾਂ ਵੱਲ ਪਰਵਾਸ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੇ ਕਿਸਾਨ ਨੂੰ ਇਸ ਆਰਥਿਕ ਸੰਕਟ ਵਿਚੋਂ ਕੱਢਣ ਲਈ ਕਿਸਾਨਾਂ, ਮਾਹਿਰਾਂ ਅਤੇ ਹੋਰ ਲਾਭਪਾਤਰੀਆਂ ਦੇ ਸਲਾਹ-ਮਸ਼ਵਰੇ ਨਾਲ ਕਿਸਾਨ ਪੱਖੀ ਖੇਤੀ ਨੀਤੀ ਤਿਆਰ ਕੀਤੀ ਜਾ ਚੁੱਕੀ ਹੈ, ਜਿਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਹੈ। ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਪੀਏਯੂ ਨੇ ਕਿਸਾਨ ਮੇਲਿਆਂ ਨੂੰ ਗਿਆਨ ਵਿਗਿਆਨ ਦੇ ਮੇਲੇ ਦੱਸਦਿਆਂ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ‘ਜੀ ਆਇਆਂ’ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਪੀਏਯੂ ਨੇ ਕਿਹਾ ਕਿ ਯੂਨੀਵਰਸਿਟੀ ਦਾ ਲਗਾਤਾਰ ਦੂਜੇ ਸਾਲ ਵੀ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣਨ ਦਾ ਸਮੁੱਚਾ ਸਿਹਰਾ ਖੇਤੀ ਵਿਗਿਆਨੀਆਂ ਦੇ ਨਾਲ-ਨਾਲ ਸਾਡੇ ਕਿਸਾਨਾਂ ਨੂੰ ਵੀ ਜਾਂਦਾ ਹੈ।
ਕਿਸਾਨ ਮੇਲੇ ’ਚ ਯੂਨੀਵਰਸਿਟੀ ਨੇ ਕਮਾਏ 30 ਲੱਖ ਰੁਪਏ
ਬਠਿੰਡਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਵਿਚਲੇ ਮੇਲੇ ਵਿਚ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨਾਂ ਵੱਲੋਂ ਸੁਧਰੇ ਹੋਏ ਬੀਜ ਸਬਜ਼ੀ ਦੀਆਂ ਕਿੱਟਾਂ ਪੌਦਿਆਂ ਦੀ ਪਨੀਰੀ ਨੂੰ ਖ਼ਰੀਦਣ ’ਤੇ ਵਧੇਰੇ ਜ਼ੋਰ ਦਿੱਤਾ। ਮੇਲੇ ਦੌਰਾਨ ਬੀਜ ਖਿੜਕੀ ਤੇ ਕਿਸਾਨਾਂ ਦੀ ਲਾਈਨਾਂ ਵਿਚ ਲੱਗ ਕਿ ਹਾੜ੍ਹੀ ਦੀ ਫ਼ਸਲ ਲਈ ਬੀਜ ਖ਼ਰੀਦਣ ਲਈ ਜੁਟੇ ਰਹੇ। ਇਸ ਵਾਰ ਕਣਕ ਦੇ ਪਹਿਲਾਂ ਤੋਂ ਪਰਖੇ ਹੋਏ ਪੀਬੀਡਬਲਯੂ 826 ਨੂੰ ਖ਼ਰੀਦਣ ਵਿਚ ਕਿਸਾਨਾਂ ਨੇ ਵਧੇਰੇ ਰੁਚੀ ਦਿਖਾਈ। ਇਸ ਤੋਂ ਇਲਾਵਾ ਕਣਕ ਦੇ ਪੀਡਬਲਯੂ, 824,869, 766, 752, ਚਪਾਤੀ ਜ਼ਿੰਕ 1 ਅਤੇ ਚਪਾਤੀ ਜ਼ਿੰਕ 2 ਨੂੰ ਖ਼ਰੀਦਦੇ ਨਜ਼ਰ ਆਏ। ਬੀਜਾਂ ਤੋਂ 17 ਲੱਖ ਦੀ ਵੱਟਤ ਕੀਤੀ ਜਦੋਂ ਕਿ ਜਦੋਂ ਵਰਸਿਟੀ ਨੂੰ ਕੁੱਲ 30 ਲੱਖ ਦੀ ਵੱਟਤ ਕੀਤੀ ਜਦੋਂ ਕਿ ਸਬਜ਼ੀ ਦੇ ਪੌਦਿਆਂ ਦੀ ਨਰਸਰੀ ਤੋਂ 70 ਹਜ਼ਾਰ ਰੁਪਏ ਦੀ ਵੱਟਤ ਕੀਤੀ।