For the best experience, open
https://m.punjabitribuneonline.com
on your mobile browser.
Advertisement

ਇੰਫਾਲ: ਵਿਦਿਆਰਥੀਆਂ ਦੀ ਹੱਤਿਆ ਖਿਲਾਫ਼ ਪ੍ਰਦਰਸ਼ਨ ਜਾਰੀ

07:37 AM Sep 28, 2023 IST
ਇੰਫਾਲ  ਵਿਦਿਆਰਥੀਆਂ ਦੀ ਹੱਤਿਆ ਖਿਲਾਫ਼ ਪ੍ਰਦਰਸ਼ਨ ਜਾਰੀ
ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਦੌਰਾਨ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ
Advertisement

ਇੰਫਾਲ, 27 ਸਤੰਬਰ
ਦੋ ਵਿਦਿਆਰਥੀਆਂ ਦੇ ਅਗਵਾ ਤੇ ਹੱਤਿਆ ਮਾਮਲੇ ਦੇ ਰੋਸ ਵਜੋਂ ਰਾਜਧਾਨੀ ਇੰਫਾਲ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰੈਲੀਆਂ ਤੇ ਰੋਸ ਮਾਰਚਾਂ ਦਾ ਦੌਰ ਅੱਜ ਦੂਜੇ ਦਨਿ ਵੀ ਜਾਰੀ ਰਿਹਾ। ਸ਼ਹਿਰ ਦੇ ਕੇਂਦਰੀ ਹਿੱਸੇ ਵੱਲ ਕੀਤੇ ਮਾਰਚ ’ਚ ਹਜ਼ਾਰਾਂ ਵਿਦਿਆਰਥੀ ਸ਼ਾਮਲ ਹੋਏ। ਇੰਫਾਲ ਦੇ ਮੋਇਰਾਂਗਖੋਮ ਵਿੱਚ ਮੁੱਖ ਮੰਤਰੀ ਸਕੱਤਰੇਤ ਤੋਂ ਲਗਪਗ 200 ਮੀਟਰ ਦੂਰ ਇਕੱਤਰ ਤੇ ਪੱਥਰਬਾਜ਼ੀ ’ਤੇ ਉਤਾਰੂ ਵਿਦਿਆਰਥੀਆਂ ਦੇ ਹਜੂਮ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਦਾਗੇ ਗਏ, ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਉਧਰ ਸੂਬਾ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਿੰਦੇ ਐਕਟ (ਅਫਸਪਾ) ਵਿੱਚ ਛੇ ਹੋਰ ਮਹੀਨਿਆਂ ਦਾ ਵਾਧਾ ਕਰ ਦਿੱਤਾ ਹੈ। ਇੰਫਾਲ ਵਾਦੀ ਵਿਚ ਪੈਂਦੇ 19 ਪੁਲੀਸ ਥਾਣਿਆਂ ਤੇ ਗੁਆਂਢੀ ਸੂਬੇ ਅਸਾਮ ਨਾਲ ਸਰਹੱਦ ਸਾਂਝੀ ਕਰਦੇ ਖੇਤਰ ਨੂੰ ਐਕਟ ਦੇ ਘੇਰੇ ’ਚੋਂ ਬਾਹਰ ਰੱਖਿਆ ਗਿਆ ਹੈ। ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰਾਜ ਦੀ ਮੌਜੂਦਾ ਅਮਨ ਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਮਗਰੋਂ ਇਹ ਫੈਸਲਾ ਲਿਆ ਗਿਆ ਹੈ।
ਉਧਰ ਕੁੱਕੀ ਭਾਈਚਾਰੇ ਦੀ ਸਿਖਰਲੀ ਜਥੇਬੰਦੀ ਇਨਡਿਜੀਨਸ ਟਰਾਈਬਲ ਲੀਡਰਜ਼ ਫੋਰਮ (ਆਈਟੀਐੱਲਐੱਫ) ਨੇ ਕਬਾਇਲੀਆਂ ਦੀਆਂ ਹੱਤਿਆਵਾਂ ਤੇ ਬਲਾਤਕਾਰ ਨਾਲ ਜੁੜੇ ਮਾਮਲਿਆਂ ਦੀ ਸੀਬੀਆਈ ਜਾਂਚ ਦੇ ਹੁਕਮਾਂ ਵਿੱਚ ਕੀਤੀ ਜਾ ਰਹੀ ਦੇਰੀ ਖਿਲਾਫ਼ ਚੂਰਾਚਾਂਦਪੁਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਵੱਖ ਵੱਖ ਜਥੇਬੰਦੀਆਂ ਤੇ ਵਿੰਗਾਂ ਵੱਲੋਂ ਵਿਉਂਤੀਆਂ ਰੈਲੀਆਂ ਦੇ ਮੱਦੇਨਜ਼ਰ ਮਨੀਪੁਰ ਪੁਲੀਸ, ਸੀਆਰਪੀਐੱਫ ਤੇ ਰੈਪਿਡ ਐਕਸ਼ਨ ਫੋਰਸ ਦੇ ਵੱਡੀ ਗਿਣਤੀ ਜਵਾਨ ਇੰਫਾਲ ਵਾਦੀ ਵਿੱਚ ਵੱਖ ਵੱਖ ਥਾਈਂ ਤਾਇਨਾਤ ਰਹੇ। ਇਕ ਵਿਦਿਆਰਥੀ ਥੋਕਚੋਮ ਖੋਗੇਂਦਰੋ ਸਿੰਘ ਨੇ ਕਿਹਾ, ‘‘ਅਸੀਂ ਆਪਣੇ ਸਾਥੀ ਵਿਦਿਆਰਥੀਆਂ ਦੇ ਅਗਵਾ ਤੇ ਹੱਤਿਆ ਖਿਲਾਫ਼ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਰੋਸ ਵਜੋਂ ਕਾਲੇ ਬਿੱਲੇ ਲਾਉਣ ਲਈ ਕਿਹਾ ਹੈ।’’ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਦੋ ਵਿਦਿਆਰਥੀਆਂ ਦੇ ਹੱਤਿਆਰਿਆਂ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਜਾਵੇ। ਮੁੱਖ ਮੰਤਰੀ ਬੀਰੇਨ ਸਿੰਘ ਦੇ ਬੰਗਲੇ ਵੱਲ ਵਧ ਰਹੇ ਵਿਦਿਆਰਥੀਆਂ ਨੇ ਰੋਸ ਮਾਰਚ ਦੌਰਾਨ ‘ਅਸੀਂ ਨਿਆਂ ਚਾਹੁੰਦੇ ਹਾਂ’ ਦੇ ਨਾਅਰੇ ਲਾਏ। ਉਨ੍ਹਾਂ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਨਿ੍ਹਾਂ ’ਤੇ ਜੁਲਾਈ ਵਿਚ ਅਗਵਾ ਹੋਏ ਵਿਦਿਆਰਥੀਆਂ ਦੀਆਂ ਤਸਵੀਰਾਂ ਸਨ। ਪੁੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਹਾਲਾਤ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ।
ਚੂਰਾਚਾਂਦਪੁਰ ਵਿੱਚ ਰੋਸ ਮਾਰਚ ਦੀ ਅਗਵਾਈ ਕਰਨ ਵਾਲੀ ਆਈਟੀਐੱਲਐੱਫ ਮਹਿਲਾ ਵਿੰਗ ਦੀ ਕਨਵੀਨਰ ਮੈਰੀ ਜੌਨ ਨੇ ਕਿਹਾ, ‘‘ਇਹ ਰੈਲੀ ਦੋ ਗੱਭਰੂਆਂ ਦੀ ਹੱਤਿਆ ਮਾਮਲੇ ਵਿਚ ਸੀਬੀਆਈ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਹੈ। ਆਦਵਿਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਤੇ ਸਾਡੇ ਕਈ ਵਿਅਕਤੀ ਮਾਰੇ ਗਏ, ਪਰ ਅਜੇ ਤੱਕ ਸੀਬੀਆਈ ਜਾਂਚ ਨਹੀਂ ਕੀਤੀ ਗਈ। ਸਾਡੇ ਨਾਲ ਇਹ ਪੱਖਪਾਤ ਕਿਉਂ? ਅਸੀਂ ਕਬਾਇਲੀਆਂ ਖਿਲਾਫ਼ ਹਿੰਸਕ ਕਾਰਵਾਈਆਂ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ।’’ ਲਮਕਾ ਮੈਦਾਨ ਤੋਂ ਸ਼ੁਰੂ ਹੋਈ ਰੈਲੀ ਵਿਚ ਹਜ਼ਾਰਾਂ ਮਹਿਲਾਵਾਂ ਸ਼ਾਮਲ ਹੋਈਆਂ। ਝੜਪਾਂ ਮਗਰੋਂ ਸਰਕਾਰ ਨੇ ਪਹਿਲੀ ਅਕਤੂਬਰ ਤੱਕ ਇੰਟਰਨੈੱਟ ਮੋਬਾਈਲ ਸੇਵਾਵਾਂ ’ਤੇ 1 ਅਕਤੂਬਰ ਤੱਕ ਰੋਕ ਲਾ ਦਿੱਤੀ ਸੀ। ਇਸ ਦੌਰਾਨ ਸੀਆਰਪੀਐੱਫ/ ਰੈਪਿਡ ਐਕਸ਼ਨ ਫੋਰਸ ਨੇ ਦੋ ਵਿਦਿਆਰਥੀਆਂ ਦੀ ਹੱਤਿਆ ਖਿਲਾਫ਼ ਜਾਰੀ ਪ੍ਰਦਰਸ਼ਨਾਂ ਦਰਮਿਆਨ ਮੁਜ਼ਾਹਰਾਕਾਰੀਆਂ ਨਾਲ ਸਿੱਝਣ ਮੌਕੇ ਉਨ੍ਹਾਂ ਖਿਲਾਫ਼ ਜਾਤੀ ਅਧਾਰਿਤ ਟਿੱਪਣੀਆਂ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। -ਪੀਟੀਆਈ

Advertisement

ਵਿਸ਼ੇਸ਼ ਡਾਇਰੈਕਟਰ ਦੀ ਅਗਵਾਈ ਵਾਲੀ ਸੀਬੀਆਈ ਟੀਮ ਇੰਫਾਲ ਪੁੱਜੀ

ਇਫਾਲ/ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਅਜੈ ਭਟਨਾਗਰ ਦੀ ਅਗਵਾਈ ਵਾਲੀ ਸੀਬੀਆਈ ਟੀਮ ਅੱਜ ਵਿਸ਼ੇਸ਼ ਉਡਾਣ ਰਾਹੀਂ ਇੰਫਾਲ ਪੁੱਜ ਗਈ। ਇਸ ਟੀਮ ਵੱਲੋਂ ਦੋ ਵਿਦਿਆਰਥੀਆਂ ਦੇ ‘ਅਗਵਾ ਤੇ ਹੱਤਿਆ’ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਵੇਂ ਵਿਦਿਆਰਥੀ 6 ਜੁਲਾਈ ਤੋਂ ਲਾਪਤਾ ਸਨ। ਸੂਤਰਾਂ ਨੇ ਕਿਹਾ ਕਿ ਭਟਨਾਗਰ ਦੀ ਅਗਵਾਈ ਵਾਲੀ ਟੀਮ ਵਿੱਚ ਜੁਆਇੰਟ ਡਾਇਰੈਕਟਰ ਘਣਸ਼ਿਆਮ ਉਪਾਧਿਆਏ ਵੀ ਸ਼ਾਮਲ ਹੋਣਗੇ। ਦੋ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਵਾਲੀ ਤਸਵੀਰ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। -ਪੀਟੀਆਈ

ਭਾਜਪਾ ਦੇ ਅਯੋਗ ਸੀਐੱਮ ਨੂੰ ਹਟਾਇਆ ਜਾਵੇ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ਦੇ ਮੌਜੂਦਾ ਹਾਲਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਮੰਗ ਕੀਤੀ ਕਿ ਉਹ ਸੂਬੇ ਵਿਚ ਜਾਰੀ ਹਫੜਾ-ਦਫੜੀ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਭਾਜਪਾ ਦੇ ‘ਅਯੋਗ’ ਮੁੱਖ ਮੰਤਰੀ ਨੂੰ ਲਾਂਭੇ ਕਰਨ। ਕਾਂਗਰਸ ਆਗੂ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਭਾਜਪਾ ਕਰਕੇ ਉੱਤਰ-ਪੂਰਬੀ ਰਾਜ ‘ਜੰਗ ਦੇ ਮੈਦਾਨ’ ਵਿਚ ਤਬਦੀਲ ਹੋ ਚੁੱਕਾ ਹੈ ਤੇ ਮਹਿਲਾਵਾਂ ਤੇ ਬੱਚਿਆਂ ਖਿਲਾਫ਼ ਹਿੰਸਾ ਨੂੰ ਹਥਿਆਰਬੰਦ ਕੀਤਾ ਜਾ ਰਿਹੈ। ਖੜਗੇ ਨੇ ਕਿਹਾ, ‘‘ਪਿਛਲੇ 147 ਦਿਨਾਂ ਤੋਂ ਮਨੀਪੁਰ ਸੰਤਾਪ ਭੋਗ ਰਿਹੈ, ਪਰ ਪ੍ਰਧਾਨ ਮੰਤਰੀ ਮੋਦੀ ਕੋਲ ਸੂਬੇ ਦਾ ਦੌਰਾ ਕਰਨ ਦਾ ਸਮਾਂ ਨਹੀਂ। ਇਸ ਹਿੰਸਾ ਦਾ ਸ਼ਿਕਾਰ ਬਣੇ ਵਿਦਿਆਰਥੀਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਾਲ ਮੁੜ ਪੂਰੇ ਦੇਸ਼ ਨੂੰ ਝਟਕਾ ਲੱਗਾ ਹੈ। ਸ੍ਰੀ ਮੋਦੀ ਨੂੰ ਸਿਰਫ਼ ਆਪਣੀ ਦਿੱਖ ਦੀ ਫ਼ਿਕਰ ਹੈ।’’ ਕਾਂਗਰਸ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਮਨੀਪੁਰ ਵਿਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×