For the best experience, open
https://m.punjabitribuneonline.com
on your mobile browser.
Advertisement

ਸਾਮਰਾਜਵਾਦ, ਪਰਵਾਸ ਅਤੇ ਵਿਦਿਆਰਥੀ

08:40 AM Jan 06, 2024 IST
ਸਾਮਰਾਜਵਾਦ  ਪਰਵਾਸ ਅਤੇ ਵਿਦਿਆਰਥੀ
Advertisement

ਪਰਮਜੀਤ ਸਿੰਘ* ਪਰਗਟ ਸਿੰਘ**

Advertisement

ਕੈਨੇਡਾ ਜੋ ਸਾਮਰਾਜਵਾਦੀ ਮੁਲਕ ਹੈ, ਨੇ ਹਾਲ ਹੀ ਵਿਚ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਆਪਣੀ ਨੀਤੀ ਵਿਚ ਕੁਝ ਅਹਿਮ ਬਦਲਾਓ ਕੀਤੇ ਹਨ। ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਸਭ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਭਾਰਤ ਤੋਂ ਕੈਨੇਡਾ ਜਾਂਦੇ ਹਨ। ਭਾਰਤ ਦੇ ਸਾਰੇ ਸੂਬਿਆਂ ਵਿਚੋਂ ਕੈਨੇਡਾ ਵੱਲ ਕੌਮਾਂਤਰੀ ਵਿਦਿਆਰਥੀਆਂ ਦੇ ਹੋ ਰਹੇ ਪਰਵਾਸ ਵਿਚ ਪੰਜਾਬ ਨੰਬਰ ਇੱਕ ’ਤੇ ਹੈ। ਇਸ ਲਈ ਕੈਨੇਡਾ ਦੀ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਨੀਤੀ ਵਿਚ ਹੋਏ ਪਰਿਵਰਤਨਾਂ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ’ਤੇ ਪੈਣ ਦੇ ਕਿਆਸ ਹਨ। ਬੁਧੀਜੀਵੀਆਂ ਦੇ ਇਸ ਬਾਰੇ ਵੱਖ ਵੱਖ ਬਿਆਨ ਹੋ ਸਕਦੇ ਹਨ ਪਰ ਜ਼ਿਆਦਾਤਰ ਵਿਸ਼ਲੇਸ਼ਣ ਇਸ ਸਮੱਸਿਆ ਦਾ ਦਵੰਦਵਾਦੀ ਵਿਸ਼ਲੇਸ਼ਣ ਕਰਨ ਦੇ ਬਜਾਇ ਇਸ ਦਾ ਸਤਹੀ ਜਿਹਾ ਨਿਰੀਖਣ ਕਰਦੇ ਹਨ। ਇਹ ਲੇਖ ਦਾ ਉਦੇਸ਼ ਕੈਨੇਡਾ ਦੀ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਨੀਤੀਆਂ ਦੀ ਪੜਚੋਲ ਮਾਰਕਸਵਾਦੀ ਰਾਜਨੀਤਕ-ਆਰਥਿਕਤਾ ਅਨੁਸਾਰ ਕਰਦੇ ਹੋਏ ਪਾਠਕਾਂ ਦਾ ਇਸ ਸਮੱਸਿਆ ਦੇ ਅਸਲ ਕਾਰਨਾਂ ਵੱਲ ਧਿਆਨ ਦਿਵਾਉਣਾ ਹੈ। ਸਾਡਾ ਇਹ ਮੰਨਣਾ ਹੈ ਕਿ ਸਾਮਰਾਜਵਾਦੀ ਮੁਲਕਾਂ ਦੀ ਰਾਜਨੀਤਕ-ਆਰਥਿਕਤਾ ਦਾ ਪਰਵਾਸ ਨਾਲ ਗੁੰਝਲਦਾਰ ਰਿਸ਼ਤਾ ਹੈ। ਇਸ ਲਈ ਕੈਨੇਡਾ ਦੀਆਂ ਨੀਤੀਆਂ ਵਿਚ ਬਦਲਾਓ ਅਤੇ ਪੰਜਾਬੀ ਵਿਦਿਆਰਥੀਆਂ ਨਾਲ ਇਸ ਦੇ ਸਬੰਧਾਂ ਦੀ ਗੁੰਝਲਾਂ ਨੂੰ ਸਮਝਣਾ ਬੇਹੱਦ ਅਹਿਮ ਹੈ।

ਸਾਮਰਾਜਵਾਦੀ ਸੰਕਟ ਅਤੇ ਪਰਵਾਸ

ਜੇਕਰ ਅਸੀਂ ਸਾਮਰਾਜਵਾਦੀ ਮੁਲਕਾਂ ਦੇ ਸੰਕਟ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਦੋ ਪ੍ਰਮੁੱਖ ਪਹਿਲੂ ਹਨ ਜੋ ਇਨ੍ਹਾਂ ਮੁਲਕਾਂ ਦੇ ਪੂੰਜੀਵਾਦੀ ਪ੍ਰਬੰਧ ਨੂੰ ਤਬਾਹੀ ਵੱਲ ਲਿਜਾ ਸਕਦੇ ਹਨ। ਪਹਿਲਾ, ਪੂੰਜੀਵਾਦੀ ਜਮਾਤ ਦੇ ਮੁਨਾਫ਼ੇ ਵਿਚ ਕਮੀ। ਦੂਜਾ, ਕਿਰਤੀਆਂ ਦੀ ਰਾਖਵੀਂ ਸੈਨਾ ਵਿਚ ਲਗਾਤਾਰ ਵਾਧਾ। ਇਹ ਦੋਵੇਂ ਸੰਕਟਾਂ ਦਾ ਆਪਸ ਵਿਚ ਵੀ ਗੂੜਾ ਰਿਸ਼ਤਾ ਹੈ। ਪੂੰਜੀਵਾਦੀ ਪ੍ਰਬੰਧ ਵਿਚ ਮੁਨਾਫੇ ਦੇ ਪੱਧਰ ਨੂੰ ਕਾਇਮ ਰੱਖਣ ਲਈ ਇੱਕ ਪੱਧਰ ਤੱਕ ਦੀ ਬੇਰੁਜ਼ਗਾਰੀ ਲਾਜ਼ਮੀ ਹੁੰਦੀ ਹੈ। ਜੇਕਰ ਪੂੰਜੀਵਾਦੀ ਮੁਲਕਾਂ ਦੀ ਆਰਥਿਕਤਾ ਵਿਚ ਪੂਰਨ ਰੁਜ਼ਗਾਰ ਹੋ ਜਾਵੇ ਤਾਂ ਇਸ ਨਾਲ ਉਨ੍ਹਾਂ ਮੁਲਕਾਂ ਦੀ ਮਜ਼ਦੂਰ ਜਮਾਤ ਦੀ ਮਜ਼ਦੂਰੀ ਨਿਰਧਾਰਨ ਇੱਕਜੁਟਤਾ (ਬਾਰਗੇਨਿੰਗ ਪਾਵਰ) ਵੱਧ ਜਾਂਦੀ ਹੈ ਜਿਸ ਦਾ ਪੂੰਜੀਵਾਦੀ ਲਾਭ ਦਰ ਨਾਲ ਉਲਟਾ ਸਬੰਧ ਹੈ। ਇਸ ਲਈ ਇਨ੍ਹਾਂ ਮੁਲਕਾਂ ਦੀ ਪੂੰਜੀਵਾਦੀ ਜਮਾਤ ਅਤੇ ਰਾਜ ਪ੍ਰਬੰਧ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ ਕਿ ਇਨ੍ਹਾਂ ਮੁਲਕਾਂ ਵਿਚ ਮਜ਼ਦੂਰ ਜਮਾਤ ਦੀ ਮਜ਼ਦੂਰੀ ਨਿਰਧਾਰਨ ਇੱਕਜੁਟਤਾ ਕੰਟਰੋਲ ਵਿਚ ਰਹੇ। ਇਸ ਨੂੰ ਕੰਟਰੋਲ ਵਿਚ ਰੱਖਣ ਲਈ ਉਹ ਤੀਜੀ ਦੁਨੀਆ ਦੀ ਸੰਭਾਵਿਤ ਕਿਰਤੀਆਂ ਦੀ ਰਾਖਵੀਂ ਸੈਨਾ ਨੂੰ ਕੂਟਨੀਤਕ ਤਰੀਕੇ ਰਾਹੀਂ ਆਪਣੇ ਮੁਲਕਾਂ ਵਿਚ ਦਰਾਮਦ ਕਰਦੇ ਹਨ। ਪੂੰਜੀਵਾਦੀ ਮੁਲਕਾਂ (ਕੈਨੇਡਾ, ਆਸਟਰੇਲੀਆ, ਬਰਤਾਨੀਆ ਆਦਿ) ਦੀਆਂ ਵੱਖ ਵੱਖ ਕਿਸਮ ਦੀਆਂ ਪਰਵਾਸ ਸਕੀਮਾਂ/ਨੀਤੀਆਂ ਦਾ ਸੂਖਮ ਅਧਿਐਨ ਕਰਨ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ।
ਸਾਮਰਾਜਵਾਦੀ ਸੰਕਟ ਦਾ ਦੂਜਾ ਵੱਡਾ ਕਾਰਨ ਵਧ ਰਹੀ ਬੇਰੁਜ਼ਗਾਰੀ ਹੁੰਦਾ ਹੈ ਜਿਸ ਦਾ ਵੀ ਪਰਵਾਸ ਨਾਲ ਗੂੜ੍ਹਾ ਸਬੰਧ ਹੈ। ਜੇਕਰ ਸਾਮਰਾਜਵਾਦੀ ਮੁਲਕਾਂ ਵਿਚ ਕਿਰਤੀਆਂ ਦੀ ਰਾਖਵੀਂ ਸੈਨਾ ਇੱਕ ਸੀਮਾ ਤੋਂ ਵਧ ਜਾਵੇ ਤਾਂ ਉਹ ਆਰਥਿਕ ਢਾਂਚੇ ਦੀ ਸਥਿਰਤਾ ਲਈ ਵੱਡਾ ਸੰਕਟ ਬਣ ਜਾਂਦੀ ਹੈ। ਇਸ ਲਈ ਆਰਥਿਕ ਮੰਦੀ ਦੇ ਦੌਰ ਵਿਚ ਸਾਮਰਾਜਵਾਦੀ ਮੁਲਕ ਕਿਰਤੀਆਂ ਦੀ ਰਾਖਵੀਂ ਸੈਨਾ ਦੇ ਵਾਧੇ ਨੂੰ ਰੋਕਣ ਲਈ ਕਈ ਹੱਥਕੰਡੇ ਅਪਣਾਉਂਦੇ ਹਨ। ਉਨਾਂ ਹੱਥ ਕੰਡਿਆਂ ਵਿਚੋਂ ਇੱਕ ਪ੍ਰਮੁੱਖ ਹੱਥਕੰਡਾ ਇਨ੍ਹਾਂ ਮੁਲਕਾਂ ਦੀਆਂ ਪਰਵਾਸ ਨੀਤੀਆ ਵਿਚ ਫੇਰ-ਬਦਲ ਹੈ। ਜੇਕਰ ਸਾਮਰਾਜਵਾਦੀ ਮੁਲਕਾਂ ਵਿਚ ਅੰਦਰੂਨੀ ਬੇਰੁਜ਼ਗਾਰੀ ਬਹੁਤ ਜਿ਼ਆਦਾ ਹੋ ਜਾਵੇ ਤਾਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਨੂੰ ਹੱਲ ਕਰਨ ਲਈ ਇਹ ਮੁਲਕ ਜਾਂ ਤਾਂ ਜੰਗ ਦਾ ਸਹਾਰਾ ਲੈਂਦੇ ਹਨ ਜਾਂ ਬੇਰੁਜ਼ਗਾਰ ਵਸੋਂ ਦੀ ਹੋਰ ਮੁਲਕਾਂ ਨੂੰ ਬਰਾਮਦ ਕਰਦੇ ਹਨ। 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਵਿਚ ਬੇਰੁਜ਼ਗਾਰ ਦੀ ਸੱਮਸਿਆ ਹੱਲ ਕਰਨ ਲਈ ਇਹ ਦੋਵੇਂ ਹੀ ਬਹੁਤ ਮਹੱਤਵਪੂਰਨ ਸਾਧਨ ਰਹੇ ਹਨ। ਇਸ ਦੀ ਕਲਾਸਿਕ ਉਦਾਹਰਨ 1870 ਤੋਂ 1915 ਤੱਕ ਯੂਰੋਪ ਤੋਂ ਅਮਰੀਕਾ, ਕੈਨੇਡਾ ,ਆਸਟਰੇਲੀਆ, ਨਿਊਜ਼ੀਲੈਂਡ, ਅਰਜਨਟੀਨਾ, ਦੱਖਣੀ ਅਫਰੀਕਾ ਆਦਿ ਮੁਲਕਾਂ ਨੂੰ ਹੋਇਆ ਪਰਵਾਸ ਹੈ। ਇਸ ਪਰਵਾਸ ਦਾ ਮੁੱਖ ਕਾਰਨ ਉਸ ਸਮੇ ਦੇ ਯੂਰੋਪ ਦੇ ਸਾਮਰਾਜਵਾਦੀ ਮੁਲਕਾਂ ਵਿਚ ਵੱਧ ਰਹੀ ਬੇਰੁਜ਼ਗਾਰੀ ਸੀ ਜੋ ਪੂੰਜੀਵਾਦੀ ਪ੍ਰਬੰਧ ਲਈ ਵੱਡਾ ਖਤਰਾ ਬਣ ਗਈ ਸੀ। ਇਸ ਖਤਰੇ ਦੀ ਉਦਾਹਰਨ ਲੈਨਿਨ ਨੇ ਸੀਸਿਲ ਰੋਡ ਦੁਆਰਾ ਬਰਤਾਨੀਆ ਦੀ 1895 ਦੀ ਹਾਲਤ ਨੂੰ ਬਿਆਨ ਕਰਦੇ ਹੋਏ ਦਿੱਤੀ ਹੈ। ਸੀਸਿਲ ਰੋਡ ਅਨੁਸਾਰ ਬਰਤਾਨੀਆ ਵਿਚ ਬੇਰੁਜ਼ਗਾਰੀ ਵਿਚ ਹੋ ਰਿਹਾ ਵਾਧਾ ਸਾਰੇ ਦੇ ਸਾਰੇ ਪੂੰਜੀਵਾਦੀ ਪ੍ਰਬੰਧ ਲਈ ਵੱਡਾ ਖਤਰਾ ਬਣ ਰਿਹਾ ਸੀ। ਇਸ ਸਮੱਸਿਆ ਕਾਰਨ ਉਹ ਬਰਤਾਨੀਆ ਵਿਚ ਖੂਨੀ ਘਰੇਲੂ ਜੰਗ ਦਾ ਖ਼ਦਸ਼ਾ ਮਹਿਸੂਸ ਕਰ ਰਿਹਾ ਸੀ। ਉਸ ਅਨੁਸਾਰ ਇਸ ਸਮੱਸਿਆ ਦੇ ਹੱਲ ਲਈ ਸਭ ਤੋਂ ਅਸਰਦਾਰ ਪ੍ਰਬੰਧ ਇਹ ਹੈ ਕਿ ਬੇਰੁਜ਼ਗਾਰ ਸਮੱਸਿਆ ਦੇ ਹੱਲ ਲਈ ਵਸੋਂ ਦੀ ਬਰਾਮਦ ਕੀਤੀ ਜਾਵੇ। 1871 ਤੋਂ 1915 ਦੌਰਾਨ 36 ਮਿਲੀਅਨ ਯੂਰੋਪੀਅਨਾਂ ਦਾ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵੱਲ ਬਰਾਮਦ ਕੀਤੀ ਗਈ ਜੋ ਲਿਖਤ ਇਤਿਹਾਸ ਵਿਚ ਸਭ ਤੋਂ ਵੱਡੇ ਪਰਵਾਸ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵੀ ਪੂੰਜੀਵਾਦੀ ਪ੍ਰਬੰਧ ਰੁਜ਼ਗਾਰ ਵਿਚ ਜਿ਼ਆਦਾ ਵਾਧਾ ਹੁੰਦਾ ਹੈ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਨ ਇੱਕਜੁਟਤਾ ਵਿਚ ਵਾਧਾ ਹੁੰਦਾ ਹੈ, ਇਹ ਪੂੰਜੀਵਾਦੀ ਮੁਨਾਫੇ ਦਾ ਸੰਕਟ ਪੈਦਾ ਕਰ ਦਿੰਦਾ ਹੈ। ਅਜਿਹੀ ਹਾਲਤ ਵਿਚ ਘੱਟ ਵਿਕਸਿਤ ਮੁਲਕਾਂ ਤੋਂ ਸਸਤੀ ਅਤੇ ਨੌਜਵਾਨ ਕਿਰਤ ਸ਼ਕਤੀ ਦਰਾਮਦ ਕੀਤੀ ਜਾਂਦੀ ਹੈ ਤਾਂ ਜੋ ਘਰੇਲੂ ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਨ ਇੱਕਜੁਟਤਾ ਨੂੰ ਕਮਜ਼ੋਰ ਕੀਤਾ ਜਾ ਸਕੇ।

ਕੈਨੇਡੀਅਨ ਨਵ-ਉਦਾਰਵਾਦ ਅਤੇ ਵਿਦਿਆਰਥੀ

ਜੇਕਰ ਅਸੀਂ ਕੈਨੇਡਾ ਦੀਆਂ ਅਜੋਕੀਆਂ ਆਰਥਿਕ ਅਤੇ ਪਰਵਾਸ ਨੀਤੀਆਂ ਨੂੰ ਉਪਰੋਕਤ ਵਿਸ਼ਲੇਸ਼ਣ ਦੇ ਪ੍ਰਸੰਗ ਵਿਚ ਜੋੜ ਕੇ ਪਰਖਣ ਦੀ ਕੋਸ਼ਿਸ਼ ਕਰੀਏ ਤਾਂ ਪੂੰਜੀਵਾਦ, ਪਰਵਾਸ ਅਤੇ ਪੰਜਾਬੀ ਵਿਦਿਆਰਥੀ ਦੇ ਦਵੰਦਵਾਦੀ ਸਬੰਧ ਦੀ ਅਸਲ ਤਸਵੀਰ ਬਣ ਕੇ ਉਭਰਦੀ ਹੈ। ਕੈਨੇਡਾ ਵਿਚ 1990ਵਿਆਂ ਤੋਂ ਬਾਅਦ ਨਵ-ਉਦਾਰਵਾਦ ਨੀਤੀਆਂ ਦੇ ਫੈਲਾਅ ਨੇ ਕੁਝ ਬੁਨਿਆਦੀ ਪਰਿਵਰਤਨ ਲਿਆਂਦੇ ਜਿਸ ਕਾਰਨ ਉਨ੍ਹਾਂ ਲਈ ਪਰਵਾਸ ਲਾਜ਼ਮੀ ਜ਼ਰੂਰਤ ਬਣ ਗਿਆ। ਇਸ ਲੇਖ ਦੇ ਵਿਸ਼ਾ ਖੇਤਰ ਅਨੁਸਾਰ ਇਨ੍ਹਾਂ ਨੀਤੀਆਂ ਵਿਚੋਂ ਦੋ ਨੀਤੀਆਂ ਨੂੰ ਸਮਝਣਾ ਲਾਜ਼ਮੀ ਹੈ ਜਿਨ੍ਹਾਂ ਨੇ ਕੌਮਾਂਤਰੀ ਵਿਦਿਆਰਥੀਆਂ ਰਾਹੀਂ ਦੋ ਸਮੱਸਿਆਵਾਂ ਦਾ ਹੱਲ ਕੀਤਾ। ਪਹਿਲਾ, ਦੁਨੀਆ ਦੇ ਬਾਕੀ ਮੁਲਕਾਂ ਵਾਂਗ ਕੈਨੇਡਾ ਵਿਚ ਵੀ ਸਰਕਾਰ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਘਟਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਨਾਲ ਪ੍ਰਾਈਵੇਟ ਮੁਨਾਫਾ ਆਧਾਰਿਤ ਵਿਦਿਅਕ ਅਦਾਰੇ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ। ਇਨ੍ਹਾਂ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਇਹ ਖੁੱਲ੍ਹ ਵੀ ਮਿਲ ਗਈ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਤੋਂ ਜਿੰਨੀ ਮਰਜ਼ੀ ਫੀਸ ਲੈਣ ਅਤੇ ਜੋ ਮਰਜ਼ੀ ਕੋਰਸ ਚਲਾਉਣ। ਇਸ ਖੁੱਲ੍ਹ ਦੇ ਦੋ ਅੰਦਰੂਨੀ ਉਦੇਸ਼ ਬਣਦੇ ਹਨ। ਪਹਿਲਾ, ਇਹ ਅਦਾਰੇ ਸਰਕਾਰ ਉੱਤੇ ਕਿਸੇ ਤਰ੍ਹਾਂ ਦਾ ਵਾਧੂ ਵਿੱਤੀ ਬੋਝ ਨਹੀਂ ਹਨ। ਦੂਜਾ ਤੇ ਮਹੱਤਵਪੂਰਨ, ਇਨ੍ਹਾਂ ਅਦਾਰਿਆਂ ਦੁਆਰਾ ਚਲਾਏ ਜਾਂਦੇ ਕੋਰਸਾਂ ਦਾ ਕੈਨੇਡਾ ਦੀ ਉੱਚ ਪੱਧਰੀ ਕਿਰਤ ਬਾਜ਼ਾਰ ਵਿਚ ਕੋਈ ਖਾਸ ਪੁੱਛ-ਗਿਛ ਨਹੀਂ। ਇਸ ਤਰ੍ਹਾਂ ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਜੋ ਪੰਜਾਬੀ ਵਿਦਿਆਰਥੀ ਜਾ ਰਹੇ ਹਨ, ਉਹ ਆਪਣੇ ਮਾਪਿਆਂ ਤੋਂ ਕਾਫੀ ਪੂੰਜੀ ਲੈ ਕੇ ਜਾ ਰਹੇ ਹਨ। ਇਸ ਪੂੰਜੀ ਨਾਲ ਨਾ ਸਿਰਫ ਮੁਨਾਫਾ ਆਧਾਰਿਤ ਕਾਲਜਾਂ ਦਾ ਮੁਨਾਫਾ ਵਧ ਰਿਹਾ ਹੈ ਸਗੋਂ ਇਸ ਦੇ ਨਾਲ ਨਾਲ ਬੈਕਾਂ ਅਤੇ ਹੋਰ ਪੂੰਜੀਵਾਦੀ ਕਾਰੋਬਾਰ ਦਾ ਮੁਨਾਫਾ ਵੀ ਵਧ ਰਿਹਾ ਹੈ।
ਦੂਜੇ ਪਾਸੇ ਨਵ-ਉਦਾਰਵਾਦੀ ਨੀਤੀਆਂ ਦਾ ਪ੍ਰਮੁੱਖ ਉਦੇਸ਼ ਕੈਨੇਡਾ ਵਿਚ ਕਿਰਤੀਆਂ ਦੀ ਵਧ ਰਹੀ ਇੱਕਜੁੱਟਤਾ ਨੂੰ ਠੱਲ੍ਹ ਪਾਉਣਾ ਸੀ ਜਿਸ ਲਈ ਕੈਨੇਡਾ ਦੀ ਲੋਅਰ-ਟੇਅਰ ਕਿਰਤ ਸ਼ਕਤੀ ਜੋ ਅੰਦਾਜ਼ਨ ਕੈਨੇਡਾ ਵਿਚ ਕੁੱਲ ਕਾਮਿਆਂ ਦਾ 80% ਤੋਂ ਵੀ ਵੱਧ ਹੋਵੇਗੀ, ਨੂੰ ਕਟਰੋਲ ਕਰਨਾ ਲਾਜ਼ਮੀ ਸੀ। ਇਸ ਤਰ੍ਹਾਂ ਕੈਨੇਡਾ ਦੀ ਪੂੰਜੀਵਾਦੀ ਜਮਾਤ ਦੇ ਏਜੰਡੇ ਅਨੁਸਾਰ, ਤੀਜੀ ਦੁਨੀਆ ਦੇ ਮੁਲਕਾਂ ਵਿਚ ਜੋ ਕਿਰਤੀ ਜਮਾਤ ਬੁਲਾਈ ਜਾਵੇ, ਉਹ ਕੁਝ ਹੱਦ ਤੱਕ ਪੜ੍ਹੀ ਲਿਖੀ ਹੋਵੇ, ਨੌਜਵਾਨ ਹੋਵੇ ਅਤੇ ਲੋਅਰ-ਟੇਅਰ ਕੰਮ ਲਈ ਤਿਆਰ ਹੋਵੇ ਤਾਂ ਕਿ ਘਰੇਲੂ ਮਜ਼ਦੂਰ ਜਮਾਤ ਨੂੰ ਇਹ ਸੰਕੇਤ ਮਿਲਦਾ ਰਹੇ ਕਿ ਕੈਨੇਡਾ ਦੇ ਆਰਥਿਕ ਢਾਂਚੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਰੂਪ ਵਿਚ ਵਾਧੂ ਕਿਰਤ ਸ਼ਕਤੀ ਮੌਜੂਦ ਹੈ। ਕੈਨੇਡਾ ਦੀ ਪੂੰਜੀਵਾਦੀ ਜਮਾਤ ਦੇ ਮੁਨਾਫੇ ਨੂੰ ਬਣਾ ਕੇ ਰੱਖਣ ਦੀ ਇਸ ਕੂਟਨੀਤੀ ਨੂੰ ਇੱਕ ਉਦਾਹਰਨ ਰਾਹੀਂ ਸਮਝਿਆ ਜਾ ਸਕਦਾ ਹੈ। ਮੰਨ ਲਓ ਕਿ ਪੂੰਜੀਵਾਦੀ ਪ੍ਰਬੰਧ ਆਧਾਰਿਤ ਉਦਯੋਗ ਵਿਚ 100 ਕਾਮੇ ਹਨ। ਜੇਕਰ 100 ਕਾਮੇ ਇੱਕਜੁੱਟ ਹੋ ਕੇ ਪ੍ਰਤੀ ਘੰਟਾ ਮਜ਼ਦੂਰੀ ਵਧਾਉਣ ਲਈ ਹੜਤਾਲ ਕਰਦੇ ਹਨ ਅਤੇ ਮਜ਼ਦੂਰੀ ਵਧਾਉਣ ਵਿਚ ਸਫਲ ਹੋ ਜਾਂਦੇ ਹਨ ਤਾਂ ਪੂੰਜੀਵਾਦੀ ਉਦਯੋਗਪਤੀ ਨੂੰ ਅੱਠ ਘੰਟਿਆਂ ਦੇ ਹਿਸਾਬ ਨਾਲ 100 ਮਜ਼ਦੂਰਾਂ ਨੂੰ ਕਿੰਨੀ ਵੱਧ ਮਜ਼ਦੂਰੀ ਦੇਣੀ ਪਵੇਗੀ। ਇਸ ਪ੍ਰਕਾਰ ਦੀ ਹੜਤਾਲ ਅਤੇ ਇੱਕਜੁੱਟਤਾ ਹਰ ਉਦਯੋਗ ਵਿਚ ਤਾਂ ਹੀ ਸੰਭਵ ਅਤੇ ਸਫਲ ਹੋ ਸਕਦੀ ਹੈ ਜੇਕਰ ਆਰਥਿਕ ਢਾਂਚੇ ਵਿਚ ਸਸਤੀ ਅਤੇ ਵਾਧੂ ਕਿਰਤ ਸ਼ਕਤੀ ਨਾ ਹੋਵੇ।
ਇਸ ਤਰ੍ਹਾਂ ਦੀ ਮਜ਼ਦੂਰ ਇੱਕਜੁੱਟਤਾ ਨੂੰ ਠੱਲ੍ਹ ਪਾਉਣ ਅਤੇ ਮੁਨਾਫੇ ਦੀ ਦਰ ਨੂੰ ਕਾਇਮ ਰੱਖਣ ਲਈ ਕੈਨੇਡਾ ਨੇ ਵਿਦਿਆਰਥੀਆਂ ਦੇ ਰੂਪ ਵਿਚ ਜੋ ਨਵੀਂ ਸਸਤੀ ਕਿਰਤ ਸ਼ਕਤੀ ਪੈਦਾ ਕੀਤੀ ਹੈ, ਉਸ ਨੂੰ ਕੰਮ ਲੱਗੀ ਹੋਈ ਕਿਰਤ ਸ਼ਕਤੀ ਦੇ ਸਾਮਾਨ-ਅੰਤਰ ਖੜ੍ਹਾ ਕਰ ਦਿੱਤਾ ਹੈ। ਪੂੰਜੀਪਤੀ ਜਮਾਤ ਲਈ ਇਹ ਸ਼ਕਤੀ ਮੁਹੱਈਆ ਹੋਣ ਕਾਰਨ ਇਸ ਜਮਾਤ ਦੀ ਮਜ਼ਦੂਰੀ ਨਿਧਾਰਨ ਸ਼ਕਤੀ ਮਜ਼ਦੂਰੀ ਜਮਾਤ ਦੀ ਸ਼ਕਤੀ ਨਾਲੋਂ ਵਧ ਗਈ। ਇਸ ਤਰ੍ਹਾਂ ਇਸ ਨਵ-ਉਦਾਰਵਾਦੀ ਸਸਤੀ ਕਿਰਤ ਪਰਵਾਸ ਨੀਤੀ ਦੀ ਨਾ ਸਿਰਫ ਪੂੰਜੀਵਾਦੀ ਲਾਭ ਦਰ ਕਾਇਮ ਰੱਖਣ ਲਈ ਵਰਤੋਂ ਕੀਤੀ ਗਈ ਬਲਕਿ ਮਜ਼ਦੂਰ ਜਮਾਤ ਦੀ ਸੰਗਠਿਤ ਸ਼ਕਤੀ ਨੂੰ ਠੱਲ੍ਹ ਪਾਉਣ ਲਈ ਵੀ ਵਰਤੋਂ ਕੀਤੀ ਗਈ। ਇਸ ਪ੍ਰਸੰਗ ਵਿਚ ਨਵ-ਉਦਾਰਵਾਦੀ ਵਿਦਿਆਰਥੀ ਕੂਟਨੀਤੀ ਨੇ ਕਾਰਪੋਰੇਟ ਜਮਾਤ ਅਤੇ ਮਜ਼ਦੂਰ ਜਮਾਤ ਦੇ ਸੰਘਰਸ਼ ਨੂੰ ਧੀਮਾ ਹੀ ਨਹੀਂ ਕੀਤਾ ਬਲਕਿ ਮਜ਼ਦੂਰ ਜਮਾਤ ਅੰਦਰ ਪਾੜਾ ਪਾਉਣ ਦਾ ਕੰਮ ਵੀ ਕੀਤਾ। ਗੌਰਤਲਬ ਹੈ ਕਿ ਪਹਿਲੀ ਸਟੇਜ ’ਤੇ ਪਰਵਾਸੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਖਿੱਚੋਤਾਣ ਜਾਂ ਝਗੜਾ ਕੁਝ ਸਾਲ ਪਹਿਲਾਂ ਆ ਚੁੱਕੇ ਪੰਜਾਬੀਆਂ ਜੋ ਵਿਦਿਆਰਥੀਆਂ ਜਾਂ ਕਾਮਿਆਂ ਦੇ ਰੂਪ ਵਿਚ ਆਏ ਸਨ, ਨਾਲ ਪੈਦਾ ਕਰ ਦਿੱਤਾ ਹੈ।
ਜੇਕਰ ਅਸੀਂ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਨੀਤੀ ਵਿਚ ਆਏ ਤਾਜ਼ੇ ਪਰਿਵਰਤਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ, ਕੈਨੇਡਾ ਵਿਚ ਮੰਦੀ ਦਾ ਦੌਰ ਜਿਸ ਕਾਰਨ ਬੇਰੁਜ਼ਗਾਰੀ ਦੀ ਦਰ ਵਧਣੀ ਸ਼ੁਰੂ ਹੋ ਗਈ ਹੈ। ਪੂੰਜੀਵਾਦ ਪ੍ਰਬੰਧ ਅਧੀਨ ਇਸ ਵਧ ਰਹੀ ਬੇਰੁਜ਼ਗਾਰੀ ਨੂੰ ਵੱਡੇ ਸੰਕਟ ਵਿਚ ਤਬਦੀਲ ਹੋਣ ਤੋਂ ਰੋਕਣ ਲਈ ਸਭ ਤੋਂ ਪਹਿਲਾ ਹਥਿਆਰ ਪਰਵਾਸ ’ਤੇ ਰੋਕ ਲਗਾਉਣੀ ਹੁੰਦੀ ਹੈ ਪਰ ਇਸ ਪ੍ਰਸੰਗ ਵਿਚ ਕੈਨੇਡੀਅਨ ਪੂੰਜੀਵਾਦ ਲਈ ਇਹ ਵੀ ਮਹੱਤਵਪੂਰਨ ਹੈ ਕਿ ਪੰਜਾਬ ਤੋਂ ਆ ਰਹੀ ਪੂੰਜੀ ਘੱਟ ਨਾ ਹੋਵੇ ਤਾਂ ਜੋ ਕਾਲਜ, ਬੈਂਕ ਅਤੇ ਹੋਰ ਪੂੰਜੀਵਾਦੀ ਸੰਸਥਾਵਾਂ ਦਾ ਮੁਨਾਫਾ ਬਣਿਆ ਰਹੇ। ਇਸ ਲਈ ਕੈਨੇਡਾ ਨੇ ਜੀਆਈਸੀ (ਗਾਰੰਟੀਡ ਇੰਨਵੈਸਟਮੈਂਟ ਸਰਟੀਫਿਕੇਟ) ਦੁਗਣਾ ਕਰ ਦਿੱਤਾ ਹੈ ਜਿਸ ਦਾ ਭਾਵ ਇਹ ਹੈ ਕਿ ਜੇਕਰ ਕੈਨੇਡਾ ਪਰਵਾਸੀ ਵਿਦਿਆਰਥੀਆਂ ਦੀ ਗਿਣਤੀ ਅੱਧੀ ਵੀ ਕਰ ਦਿੰਦਾ ਹੈ ਤਾਂ ਕੈਨੇਡਾ ਨੂੰ ਜਾ ਰਹੀ ਪੂੰਜੀ ਵਿਚ ਕੋਈ ਖਾਸ ਕਮੀ ਨਾ ਆਵੇ। ਦੂਜਾ, ਕੈਨੇਡਾ ਵਿਚ ਆਮ ਚੋਣਾਂ ਦੇ ਪ੍ਰਸੰਗ ਵਿਚ ਹੋਏ ਸਰਵੇਖਣ ਅਨੁਸਾਰ ਲਬਿਰਲ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਹਾਰ ਦਿਸ ਰਹੀ ਹੈ। ਲਬਿਰਲ ਪਾਰਟੀ ਦੀ ਕਈ ਦਹਾਕੇ ਤੋਂ ਕੈਨੇਡਾ ਰਹਿ ਰਹੀ ਪੰਜਾਬੀ ਪਰਵਾਸੀ ਵਸੋਂ ਨਾਲ ਬਹੁਤ ਚੰਗੀ ਸਾਂਝ ਹੈ। ਪੰਜਾਬੀ ਜਿਨ੍ਹਾਂ ਦੀ ਲਬਿਰਲ ਪਾਰਟੀ ਤੱਕ ਸਿੱਧੇ ਜਾਂ ਅਸਿੱਧੇ ਰੂਪ ਵਿਚ ਪਹੁੰਚ ਹੈ, ਨੇ ਪਾਰਟੀ ਨੂੰ ਇਹ ਗੱਲ ਜਚਾ ਦਿੱਤੀ ਹੈ ਕਿ ਜੇਕਰ ਉਹ ਕੌਮਾਂਤਰੀ ਪੰਜਾਬੀ ਵਿਦਿਆਰਥੀਆਂ ਦੀ ਸੰਖਿਆ ਨੂੰ ਰੈਗੂਲੇਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਪੰਜਾਬੀ ਅਸਰ ਵਾਲੇ ਹਲਕਿਆਂ ਵਿਚ ਆਉਣ ਵਾਲੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮੁੱਖ ਕਾਰਨ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਉਪਰੀ ਢਾਂਚੇ ਦੀ ਕਮੀ ਹੋ ਜਾਣ ਕਾਰਨ ਆ ਰਹੀਆਂ ਕਿਲਤਾਂ ਹਨ। ਸੋ ਪਰਵਾਸ ਨੀਤੀ ਵਿਚ ਪਰਿਵਰਤਨ ਜੋ ਪੂੰਜੀਵਾਦੀ ਆਰਥਿਕ ਅਤੇ ਰਾਜਨੀਤਕ ਪ੍ਰਬੰਧ ਨੂੰ ਕਾਇਮ ਰੱਖਣ ਦਾ ਅਹਿਮ ਹਥਿਆਰ ਹੈ, ਵਿਚ ਫੇਰ-ਬਦਲ ਦਾ ਕਾਰਨ ਕੈਨੇਡਾ ਦਾ ਰਾਜਨੀਤਕ ਆਰਥਿਕ ਸੰਕਟ ਹੈ।

ਪੰਜਾਬੀ ਜਵਾਨੀ ਦੀ ਹੋਣੀ

ਉਪਰੋਕਤ ਪ੍ਰਸੰਗ ਵਿਚ ਪਰਵਾਸ ਸਬੰਧੀ ਨੀਤੀਆਂ ਵਿਚ ਆਏ ਪਰਿਵਰਤਨ ਨੇ ਪੰਜਾਬ ਤੋਂ ਹੋਣ ਵਾਲੇ ਵਿਦਿਆਰਥੀ ਪਰਵਾਸ ਨੂੰ ਇਕ ਵਾਰ ਫਿਰ ਬੁਧੀਜੀਵੀਆਂ ਦੇ ਵਿਸ਼ਲੇਸ਼ਣ ਦੇ ਘੇਰੇ ਵਿਚ ਲੈ ਆਂਦਾ ਹੈ। ਪੰਜਾਬ ਦੇ ਅੰਦਰੂਨੀ ਆਰਥਿਕ-ਰਾਜਨੀਤਕ ਸੰਕਟ ਅਤੇ ਕੈਨੇਡਾ ਦੇ ਆਰਥਿਕ-ਰਾਜਨੀਤਕ ਪ੍ਰਬੰਧ ਦਾ ਪੰਜਾਬੀ ਦੀ ਨੌਜਵਾਨ ਪੀੜ੍ਹੀ ਦੀ ਹੋਣੀ ਨਾਲ ਕਿਹੋ ਜਿਹਾ ਸਬੰਧ ਬਣਦਾ ਹੈ, ਦਾ ਵੀ ਦਵੰਦਵਾਦੀ ਅਧਿਐਨ ਕਰਨਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕੈਨੇਡਾ ਦੀ ਪਰਵਾਸ ਨੀਤੀ ਵਿਚ ਆਏ ਪਰਿਵਰਤਨ ਦਾ। ਪੰਜਾਬੀ ਔਸਤਨ ਨੌਜਵਾਨ ਜੋ ਪੰਜਾਬ ਛੱਡ ਕੇ ਕੈਨੇਡਾ ਆਉਣ ਦੀ ਤਾਂਘ ਰੱਖਦਾ ਹੈ, ਉਹ ਕੈਨੇਡਾ ਦੀ ਸਸਤੀ ਕਿਰਤ ਸ਼ਕਤੀ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ। ਪੰਜਾਬ ਤੋਂ ਪਰਵਾਸ ਕਰਨ ਵਾਲੇ 95% ਤੋਂ ਵੀ ਵੱਧ ਨੌਜਵਾਨਾਂ ਦਾ ਉਦੇਸ਼ ਕੈਨੇਡਾ ਵਿਚ ਪੜ੍ਹ ਕੇ ਕੈਨੇਡਾ ਦੇ ਸੰਸਥਾਈ ਢਾਂਚੇ ਦਾ ਹਿੱਸਾ ਬਣਨਾ ਨਹੀਂ ਬਲਕਿ ਪੈਸੇ ਕਮਾਉਣ ਤੱਕ ਸੀਮਤ ਹੈ। ਇਸ ਕਰ ਕੇ ਉਹ ਪਰਵਾਸ ਏਜੰਟਾਂ ਤੋਂ ਕਦੇ ਇਹ ਪੁੱਛਣਾ ਵਾਜਬ ਨਹੀਂ ਸਮਝਦੇ ਕਿ ਜਿਹੜੇ ਕੋਰਸ ਅਤੇ ਕਾਲਜ ਵਿਚ ਏਜੰਟ ਉਨ੍ਹਾਂ ਨੂੰ ਭੇਜ ਰਿਹਾ ਹੈ? ਉਸ ਦੀ ਕਿਰਤ ਬਾਜ਼ਾਰ ਵਿਚ ਕਿੰਨੀ ਕੁ ਮੰਗ ਹੈ? ਪੰਜਾਬੀ ਨੌਜਵਾਨਾਂ ਦੀ ਇਹ ਪੜ੍ਹਾਈ ਅਤੇ ਕਾਲਜ ਨੂੰ ਆਪਣੀ ਕੈਨੇਡਾ ਵਾਲੀ ਜ਼ਿੰਦਗੀ ਵਿਚ ਸੈਕੰਡਰੀ ਜਾਂ ਮਨਫੀ ਕਰ ਦੇਣ ਦਾ ਰੁਝਾਨ ਕੈਨੇਡਾ ਦੇ ਪੂੰਜੀਵਾਦੀ ਪ੍ਰਬੰਧ ਲਈ ਪੂੰਜੀ ਦਾ ਕੰਮ ਕਰਦੀ ਹੈ। ਪੂੰਜੀ ਦਾ ਇਹ ਰੂਪ ਸਸਤੀ ਕਿਰਤ ਸ਼ਕਤੀ, ਪੜ੍ਹਨ ਅਤੇ ਕਾਲਜ ਜਾਣ ਦੀ ਇੱਛਾ ਨਾ ਰੱਖਣਾ, ਉੱਚ ਪੱਧਰੀ ਕਿਰਤ ਸ਼ਕਤੀ ਨਾਲ ਮੁਕਾਬਲੇ ਵਿਚ ਨਾ ਆਉਣਾ, ਸੰਸਥਾਈ ਢਾਂਚੇ ਦਾ ਹਿੱਸਾ ਨਾ ਬਣਨਾ, ਅੰਨ੍ਹਾ ਉਪਭੋਗਤਾਵਾਦ ਆਦਿ ਹਨ। ਇਹ ਪੂੰਜੀ ਕੈਨੇਡੀਅਨ ਪੂੰਜੀਵਾਦ ਦੇ ਸੰਕਟ ਦੇ ਹੱਲ ਲਈ ਸਭ ਤੋਂ ਢੁਕਵੀਂ ਹੈ। ਅਜੋਕੇ ਰੁਝਾਨ ਅਨੁਸਾਰ ਪੰਜਾਬੀ ਨੌਜਵਾਨ ਪੜ੍ਹਾਈ ਤੋਂ ਗੁਰੇਜ਼ ਰੱਖ ਕੇ ਅਤੇ ਕੈਨੇਡਾ ਦੇ ਪੱਕੇ ਵਸਨੀਕ ਬਣ ਕੇ ਇੱਥੋਂ ਦੀ ਰਾਜਨੀਤਕ ਜਮਾਤ ਲਈ ਵੋਟ ਬੈਂਕ ਤਾਂ ਬਣ ਸਕਦੇ ਹਨ ਪਰ ਕੈਨੇਡਾ ਦੇ ਆਰਥਿਕ ਅਤੇ ਸੰਸਥਾਈ ਢਾਂਚੇ ਦੇ ਥੰਮ੍ਹਾਂ (ਆਰਥਿਕ ਨੀਤੀਆਂ ਵਾਲੇ ਅਦਾਰੇ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਆਦਿ) ਅੰਦਰ ਆਪਣੀ ਹੋਂਦ ਨਹੀਂ ਬਣਾ ਸਕਦੇ। ਇਸ ਦੇ ਉਲਟ ਚੀਨ, ਦੱਖਣੀ ਕੋਰੀਆ, ਇਜ਼ਰਾਈਲ, ਭਾਰਤੀ ਸੂਬੇ ਕੇਰਲ, ਪੱਛਮੀ ਬੰਗਾਲ ਆਦਿ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਸਾਰਾ ਦਾਰੋਮਦਾਰ ਚੰਗੀ ਸਿੱਖਿਆ ਹਾਸਲ ਕਰ ਕੇ ਸੰਸਥਾਈ ਢਾਂਚੇ ਦਾ ਹਿੱਸਾ ਬਣਨਾ ਹੈ। ਇਹ ਰੁਝਾਨ ਪੰਜਾਬੀਆਂ ਵਿਦਿਆਰਥੀਆਂ ਦੀ ਛੇਤੀ ਛੇਤੀ ਪਦਾਰਥਵਾਦੀ ਅਮੀਰ ਬਣਨ ਦੀ ਤਾਂਘ ਨੂੰ ਬਾਖੂਬੀ ਬਿਆਨ ਕਰਦਾ ਹੈ ਜਿਸ ਦੇ ਸਾਹਮਣੇ ਬਹੁਤੇ ਵਿਦਿਆਰਥੀਆਂ ਲਈ ਸਭ ਕੁਝ ਫਿੱਕਾ ਹੈ। ਪੰਜਾਬੀ ਵਿਦਿਆਰਥੀਆਂ ਵਿਚ ਅਜਿਹਾ ਕਿਉ ਹੈ, ਵੱਖਰੇ ਲੇਖ ਦਾ ਹਿੱਸਾ ਹੋ ਸਕਦਾ ਹੈ ਪਰ ਇਕ ਗੱਲ ਤੈਅ ਹੈ ਕਿ ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਦੁਆਰਾ ਛੇਤੀ ਛੇਤੀ ਪਦਾਰਥਵਾਦੀ ਅਮੀਰ ਬਣਨ ਨੂੰ ਪ੍ਰਮੁੱਖ ਰੱਖ ਕੇ ਆਪਣੇ ਚੰਗੇ ਭਵਿੱਖ ਵਿਚ ਉੱਚ ਪੱਧਰੀ ਸਿੱਖਿਆ ਨੂੰ ਮਨਫੀ ਕਰ ਦੇਣਾ ਪੰਜਾਬੀ ਕੌਮ ਨੂੰ ਕੈਨੇਡਾ ਅਤੇ ਵਿਸ਼ਵ ਪੱਧਰ ’ਤੇ ਸੂਝਵਾਨ ਕੌਮ ਬਣਨ ਅਤੇ ਉੱਚ ਸੰਸਥਾਈ ਢਾਂਚੇ ਨੂੰ ਸਮਝ ਕੇ ਉਸ ਦਾ ਹਿੱਸਾ ਬਣਨ ਜਾਂ ਉਸ ਨੂੰ ਕਿਸੇ ਬਿਹਤਰ ਢਾਂਚੇ ਵਿਚ ਪਰਿਵਰਤਨ ਕਰਨ ਦੀ ਪ੍ਰਤਿਭਾ ਨਾਲ ਮੇਲ ਨਹੀਂ ਖਾਂਦਾ।
ਅੰਤ ਵਿਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਜੋਕੇ ਸਾਮਰਾਜਵਾਦੀ ਮੁਲਕਾਂ ਦੀਆਂ ਵਿਦਿਆਰਥੀ/ਨੌਜਵਾਨ ਪਰਵਾਸ ਸਬੰਧੀ ਨੀਤੀਆਂ ਸਿੱਧੇ ਤੌਰ ’ਤੇ ਉਨ੍ਹਾਂ ਮੁਲਕਾਂ ਦੇ ਪੂੰਜੀਵਾਦੀ ਜਮਾਤ ਦੇ ਸੰਕਟ ਨੂੰ ਹੱਲ ਕਰਨ ਨਾਲ ਸਬੰਧਿਤ ਹਨ। ਇਨ੍ਹਾਂ ਨੀਤੀਆਂ ਵਿਚ ਅਜੇ ਤੱਕ ਹੋਈ ਫੇਰ-ਬਦਲ ਦਾ ਸਿੱਧਾ ਅਸਰ ਪੰਜਾਬੀ ਵਿਦਿਆਰਥੀਆਂ, ਕੈਨੇਡੀਅਨ ਮਜ਼ਦੂਰ ਜਮਾਤ ਅਤੇ ਪੰਜਾਬ ਤੋਂ ਹੋਣ ਵਾਲੀ ਪੂੰਜੀ ਦੀ ਬਰਾਮਦ ਨਾਲ ਹੈ। ਇਸ ਦੇ ਨਾਲ ਨਾਲ ਇਨ੍ਹਾਂ ਨੀਤੀਆਂ ਦੇ ਉਦੇਸ਼ਾਂ ਨੂੰ ਸਮਝੇ ਬਗੈਰ ਪੰਜਾਬ ਦੇ ਰਾਜਨੀਤਕ-ਆਰਥਿਕ ਸੰਕਟ ਤੋਂ ਨਿਕਲਣ ਵਾਲੀ ਨੌਜਵਾਨ ਪੀੜ੍ਹੀ ਜਿਹੜੀ ਸੋਚ ਨਾਲ ਕੈਨੇਡਾ ਜਾ ਕੇ ਜਿਸ ਨਵੇਂ ਰਾਜਨੀਤਕ-ਆਰਥਿਕ ਪ੍ਰਬੰਧ ਦਾ ਹਿੱਸਾ ਬਣਦੀ ਹੈ, ਉਹ ਉਨ੍ਹਾਂ ਅਤੇ ਕੈਨੇਡੀਅਨ ਮਜ਼ਦੂਰ ਜਮਾਤ ਲਈ ਕੋਈ ਆਸ਼ਾਵਾਦੀ ਭਵਿੱਖ ਨਹੀਂ ਸਿਰਜ ਸਕਦੀ।
ਸੰਪਰਕ: +1-647-468-3380* 94178-62967**

Advertisement
Author Image

joginder kumar

View all posts

Advertisement
Advertisement
×