ਮਨੁੱਖਤਾ ਨੂੰ ਮਾਰੂ ਜੰਗਾਂ ਵੱਲ ਧੱਕਦਾ ਸਾਮਰਾਜੀ ਨਿਜ਼ਾਮ
ਮਾਨਵ
‘ਇਹ ਖੁਸ਼ਗਵਾਰ ਸਮਾਂ ਨਹੀਂ’।
ਸੰਸਾਰ ਦੇ ਹਾਕਮ ਹਲਕਿਆਂ ਦੀ ਸਭ ਤੋਂ ਪ੍ਰਸਿੱਧ ਮੈਗਜ਼ੀਨ ‘ਦਿ ਇਕੋਨੌਮਿਸਟ’ ਵਿਚ ਛਪਿਆ ਤਾਜ਼ਾ ਲੇਖ ਇਨ੍ਹਾਂ ਸ਼ਬਦਾਂ ਨਾਲ ਚੱਲ ਰਹੀਆਂ ਜੰਗਾਂ ਤੇ ਸਾਮਰਾਜੀ ਤਾਕਤਾਂ ਦਰਮਿਆਨ ਵਧ ਰਹੇ ਜੰਗੀ ਤਣਾਅ ਨੂੰ ਬਿਆਨਦਾ ਹੈ। ਬਹੁਤਾ ਸਮਾਂ ਨਹੀਂ ਹੋਇਆ ਜਦੋਂ ਅਜਿਹੇ ਮੈਗਜ਼ੀਨ ਸਰਮਾਏਦਾਰਾ ਪ੍ਰਬੰਧ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਦੇ, ਇਸੇ ਪ੍ਰਬੰਧ ਨੂੰ ਇੱਕੋ-ਇੱਕ ਬਦਲ ਵਜੋਂ ਸੁਝਾਇਆ ਕਰਦੇ ਸਨ!
ਅਜੋਕਾ ਸਾਮਰਾਜੀ ਪ੍ਰਬੰਧ ਮਨੁੱਖਤਾ ਨੂੰ ਜੰਗ ਦਰ ਜੰਗ ਨਵੀਆਂ ਨਿਵਾਣਾਂ ਵੱਲ ਧੱਕ ਰਿਹਾ ਹੈ। ਫ਼ਲਸਤੀਨ ਉੱਪਰ ਢਾਹੇ ਜਾ ਰਹੇ ਜ਼ੁਲਮ ਮੱਧ-ਪੂਰਬ ਵਿਚ ਨਵੀਂ ਜੰਗ ਦਾ ਮਾਹੌਲ ਸਿਰਜ ਰਹੇ ਹਨ, ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰੋਪੀਅਨ ਖਿੱਤੇ ਦੀ ਸਭ ਤੋਂ ਲੰਮੀ, ਯੂਕਰੇਨ ਜੰਗ ਅਜੇ ਚੱਲ ਰਹੀ ਹੈ, ਅਫਰੀਕਾ ਦਾ ਸਾਹੇਲ ਇਲਾਕਾ ਸਾਮਰਾਜੀ ਖਹਿ ਦਾ ਇਲਾਕਾ ਬਣਿਆ ਹੋਇਆ ਹੈ ਤੇ ਅਫਰੀਕੀ ਮੁਲਕਾਂ ਮਾਲੀ, ਸੁਡਾਨ, ਇਥੋਪੀਆ ਆਦਿ ਵਿਚ ਘਰੇਲੂ ਜੰਗ ਲੱਗੀ ਹੋਈ ਹੈ; ਨੇੜ ਗੁਆਂਢ ਮਿਆਂਮਾਰ ਵਿਚ ਵੀ ਜਾਬਰ ਫੌਜੀ ਹਕੂਮਤ ਖਿਲਾਫ ਵੱਖ ਵੱਖ ਸਮੂਹਾਂ ਦੀ ਜੰਗ ਚੱਲ ਰਹੀ ਹੈ। ਪ੍ਰਸ਼ਾਂਤ ਮਹਾਂਸਾਗਰ ਦੇ ਖਿੱਤੇ ਵਿਚ ਵੀ ਦਿਨੋ-ਦਿਨ ਸਾਮਰਾਜੀ ਅਮਰੀਕਾ ਤੇ ਚੀਨ ਦਰਮਿਆਨ ਤਾਇਵਾਨ ਦੇ ਮਸਲੇ ਉੱਤੇ ਸਿੱਧੀ ਜੰਗ ਦਾ ਮਾਹੌਲ ਭੜਕਦਾ ਦਿਸ ਰਿਹਾ ਹੈ। ਕਹਿਣ ਦਾ ਭਾਵ, ਅੱਜ ਦਾ ਇਹ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੁਨੀਆ ਨੂੰ ਨਿੱਤ ਨਵੀਆਂ ਤੇ ਵਧੇਰੇ ਮਾਰੂ ਜੰਗਾਂ ਵੱਲ ਧੱਕ ਰਿਹਾ ਹੈ ਜਿਸ ਵਿਚ ਲੱਖਾਂ ਹੀ ਬੇਦੋਸ਼ੇ ਲੋਕ ਅਣਆਈ ਮੌਤ ਮਾਰੇ ਜਾ ਰਹੇ ਹਨ, ਕਿੰਨੇ ਹੀ ਬੱਚੇ ਯਤੀਮ ਕੀਤੇ ਜਾ ਰਹੇ ਹਨ।
ਕਈ ਵਿਸ਼ਲੇਸ਼ਕ ਅਜੋਕੀ ਹਾਲਤ ਨੂੰ 1960-70ਵਿਆਂ ਦੀ ਸੰਸਾਰ ਹਾਲਤ ਨਾਲ਼ ਮੇਚਦੇ ਹਨ ਜਦੋਂ ਅਰਬ-ਇਜ਼ਰਾਈਲ ਜੰਗ, 1958 ਵਿਚ ਲਬਿਨਾਨ ਤੇ ਤਾਇਵਾਨ ਦਾ ਸੰਕਟ, 60ਵਿਆਂ ਵਿਚ ਵੀਅਤਨਾਮ ਦੀ ਜੰਗ ਅਤੇ 70ਵਿਆਂ ਵਿਚ ਸ਼ੁਰੂ ਹੋਈ ਅਫ਼ਗਾਨਿਸਤਾਨ ਦੀ ਜੰਗ ਵਰਗੀਆਂ ਵੱਡੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਕੁਝ ਹੀ ਸਾਲਾਂ ਵਿਚ ਵਾਪਰੀਆਂ ਸਨ ਪਰ ਉਦੋਂ ਦੀ ਅਤੇ ਅੱਜ ਦੀ ਹਾਲਤ ਵਿਚ ਬੁਨਿਆਦੀ ਫ਼ਰਕ ਇਹ ਹੈ ਕਿ ਹੁਣ ਪਹਿਲਾਂ ਵਾਂਗ ਅਮਰੀਕੀ ਅਗਵਾਈ ਵਿਚ ਪੱਛਮੀ ਸਾਮਰਾਜੀਆਂ ਲਈ ਮਨਮਰਜੀ ਨਾਲ ਕਿਸੇ ਮੁਲਕ ਉੱਤੇ ਹਮਲਾ ਕਰਨਾ ਇੰਨਾ ਸੌਖਾ ਨਹੀਂ ਰਿਹਾ। ਵੀਅਤਨਾਮ ਵਿਚ ਅਮਰੀਕੀ ਸਾਮਰਾਜ ਨੂੰ ਮਿਲੀ ਹਾਰ, ਅਫ਼ਗਾਨਿਸਤਾਨ ਵਿਚ ਪਹਿਲਾਂ ਸਮਾਜਿਕ-ਸਾਮਰਾਜੀ ਸੋਵੀਅਤ ਯੂਨੀਅਨ (ਸੋਵੀਅਤ ਯੂਨੀਅਨ ਵਿਚ ਸਮਾਜਵਾਦ ਨੂੰ ਪਿਛਲਮੋੜਾ 1956 ਵਿਚ ਖਰੁਸ਼ਚੇਵ ਦੇ ਆਉਣ ਤੋਂ ਹੀ ਲੱਗ ਗਿਆ ਸੀ, ਉਸ ਤੋਂ ਬਾਅਦ ਉੱਥੇ ਸਿਰਫ ਨਾਂ ਦਾ ਹੀ ਸਮਾਜਵਾਦ ਬਚਿਆ ਸੀ ਜਿਵੇਂ ਅੱਜ ਕੱਲ੍ਹ ਚੀਨ ਵਿਚ ਹੈ) ਤੇ ਮਗਰੋਂ ਸਾਮਰਾਜੀ ਅਮਰੀਕਾ ਦੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਾਮਰਾਜੀਏ ਅਜਿੱਤ ਨਹੀਂ ਹਨ; ਕਿ ਇਹ ਹੁਣ ਸਦੀ ਪਹਿਲਾਂ ਦਾ ਜ਼ਮਾਨਾ ਨਹੀਂ ਰਿਹਾ ਜਦੋਂ ਸਾਮਰਾਜੀਏ ਮਨਮਰਜ਼ੀ ਨਾਲ ਕਿਸੇ ਮੁਲਕ ’ਤੇ ਕਬਜ਼ਾ ਕਰ ਲੈਂਦੇ ਸਨ। ਬਸਤੀਆਂ ਅੰਦਰ ਚੱਲੀਆਂ ਸਾਮਰਾਜ ਵਿਰੋਧੀ ਲਹਿਰਾਂ ਨੇ ਲੋਕਾਂ ਦੀ ਚੇਤਨਾ ਇੰਨੀ ਕੁ ਵਿਕਸਤ ਕਰ ਦਿੱਤੀ ਹੈ ਕਿ ਉਹ ਹੁਣ ਬਹੁਤਾ ਚਿਰ ਕਿਸੇ ਵਿਦੇਸ਼ੀ ਤਾਕਤ ਦਾ ਕਬਜ਼ਾ ਸਹਿਣ ਨੂੰ ਰਾਜ਼ੀ ਨਹੀਂ।
ਨਾਲ ਹੀ ਚੀਨ-ਰੂਸ ਦੇ ਰੂਪ ਵਿਚ ਉੱਭਰੇ ਦੂਜੇ ਸਾਮਰਾਜੀ ਧੜੇ ਦੀ ਸਥਿਤੀ 60-70ਵਿਆਂ ਦੇ ਸੋਵੀਅਤ ਯੂਨੀਅਨ ਨਾਲੋਂ ਕਿਤੇ ਬਿਹਤਰ ਹੈ। ਇਸ ਨੇ ਜਿੱਥੇ ਪੱਛਮੀ ਸਾਮਰਾਜੀਆਂ ਦੀ ਇੱਕ ਛਤਰ ਦਬਦਬੇ ਵਾਲੀ ਹਾਲਤ ਪੁਗਾ ਦਿੱਤੀ ਹੈ ਉਥੇ ਸੰਸਾਰ ਪੱਧਰ ਉੱਤੇ ਗਲਬੇ ਲਈ ਸਾਮਰਾਜੀ ਖਿੱਚੋਤਾਣ ਵੀ ਤੇਜ਼ ਕਰ ਦਿੱਤੀ ਹੈ।
ਜਦੋਂ 1991 ਵਿਚ ਸੋਵੀਅਤ ਯੂਨੀਅਨ ਖਿੰਡਿਆ ਤਾਂ ਇਸ ਨਵੀਂ ਹਾਲਤ ਵਿਚ ਹੋਰ ਹਮਲਾਵਰ ਹੋਏ ਅਮਰੀਕਾ ਦੀ ਨੀਤੀ ਦੀ ਨਿਸ਼ਾਨਦੇਹੀ ਕਰਦਾ ਗੁਪਤ ਦਸਤਾਵੇਜ਼ ‘ਵੋਲਫੋਵਿਟਜ ਮੱਤ’ ਨਸ਼ਰ ਹੋਇਆ ਜਿਹੜਾ ਅਮਰੀਕਾ ਦੇ ਸੁਰੱਖਿਆ ਵਿਭਾਗ ਨੇ ਜਾਰੀ ਕੀਤਾ ਸੀ। ਪ੍ਰੈੱਸ ਵਿਚ ਨਸ਼ਰ ਹੋਣ ਮਗਰੋਂ ਭਾਵੇਂ ਅਮਰੀਕੀ ਹਕੂਮਤ ਨੂੰ ਇਸ ਦੀ ਸੁਰ ਕੁਝ ਹਲਕੀ ਕਰਨੀ ਪਈ ਪਰ ਹਕੀਕਤ ਇਹ ਸੀ ਕਿ ਅਗਲੇ ਦੋ ਦਹਾਕਿਆਂ ਤੱਕ ਦੀ ਅਮਰੀਕੀ ਸਾਮਰਾਜ ਦੀ ਵਿਸਥਾਰਵਾਦੀ ਨੀਤੀ ਇਸ ਵਿਚ ਜ਼ਾਹਿਰ ਕਰ ਦਿੱਤੀ ਗਈ ਸੀ।
ਇਸੇ ਨੀਤੀ ਤਹਿਤ ਸੰਸਾਰ ਗਲਬੇ ਲਈ 1991 ਤੋਂ ਬਾਅਦ ਅਮਰੀਕਾ ਨੇ ਸੰਸਾਰ ਭਰ ਵਿਚ ਨਵੀਆਂ ਜੰਗਾਂ ਨੂੰ ਅੰਜਾਮ ਦਿੱਤਾ। ਅਮਰੀਕਾ ਨੇ 1991 ਵਿਚ ਇਰਾਕ, 1999 ਵਿਚ ਯੂਗੋਸਲਾਵੀਆ, 2001 ਵਿਚ ਅਫ਼ਗਾਨਿਸਤਾਨ, 2003 ਵਿਚ ਇਰਾਕ, 2011 ਵਿਚ ਲੀਬੀਆ ਤੇ ਸੀਰੀਆ ਆਦਿ ’ਤੇ ਭਾਰੀ ਹਮਲੇ ਕਰ ਕੇ ਸੰਸਾਰ ਭਰ ਦੀਆਂ ਹਕੂਮਤਾਂ ਵਿਚ ਇਹ ਖ਼ੌਫ਼ ਪਾਉਣ ਦੀ ਕੋਸ਼ਿਸ਼ ਕੀਤੀ ਕਿ ਅਮਰੀਕਾ ਹੀ ਹੁਣ ਪੂਰੀ ਦੁਨੀਆ ਦਾ ਚੌਧਰੀ ਹੈ ਤੇ ਜਿਹੜੀ ਵੀ ਹਕੂਮਤ ਉਸ ਦੇ ਕਹਿਣੇ ਮੁਤਾਬਕ ਨਹੀਂ ਚੱਲੇਗੀ, ਉਸ ਦਾ ਹਸ਼ਰ ਇਨ੍ਹਾਂ ਮੁਲਕਾਂ ਵਰਗਾ ਹੀ ਹੋਵੇਗਾ। ਉਂਝ, ਇਰਾਕ ਤੇ ਅਫ਼ਗਾਨਿਸਤਾਨ ਵਿਚ ਅਮਰੀਕਾ ਨੂੰ ਲੱਗੀ ਪਛਾੜ ਨੇ ਇਸ ਦੇ ਇੱਕ ਛਤਰ ਦਬਦਬੇ ਦੀ ਮਿੱਥ ਉਡਾ ਦਿੱਤੀ। ਉਧਰ ਰੂਸ ਦੇ ਸੰਭਲਣ ਅਤੇ ਚੀਨ ਦੇ ਉਭਾਰ ਨੇ ਪੱਛਮੀ ਸਾਮਰਾਜ ਵਿਰੋਧੀ ਨਵੇਂ ਸਾਮਰਾਜੀ ਗੱਠਜੋੜ ਨੂੰ ਜਨਮ ਦਿੱਤਾ। ਇਸ ਗੱਠਜੋੜ ਦੀ ਸਭ ਤੋਂ ਨੁਮਾਇੰਦਾ ਮਿਸਾਲ ਸੀ 2009 ਵਿਚ ਬਰਿਕਸ ਗੱਠਜੋੜ ਦਾ ਬਣਨਾ ਜਿਸ ਵਿਚ ਭਾਰਤ, ਬ੍ਰਾਜ਼ੀਲ ਜਿਹੇ ਨਵੇਂ ਉੱਭਰ ਰਹੇ ਅਰਥਚਾਰਿਆਂ ਨੇ ਵੀ ਬਦਲੇ ਹਾਲਾਤ ਤਹਿਤ ਆਪਣੇ ਹਿੱਤ ਸੁਰੱਖਿਅਤ ਰੱਖਣ ਲਈ ਸ਼ਾਮਲ ਹੋਣਾ ਵਾਜਬਿ ਸਮਝਿਆ। ਚੀਨ, ਰੂਸ ਦੀ ਅਗਵਾਈ ਵਾਲਾ ਇਹ ਗੱਠਜੋੜ ਅੱਜ ਪੱਛਮੀ ਸਾਮਰਾਜੀਆਂ ਦੇ ਮੁਕਾਬਲੇ ਦੂਜੇ ਲੋਟੂ ਧੜੇ ਦੇ ਹਿੱਤ ਪੂਰਨ ਵਾਲਾ ਵੱਡਾ ਮੰਚ ਬਣ ਚੁੱਕਾ ਹੈ।
ਜਨਵਰੀ 2016 ਵਿਚ ਅਮਰੀਕਾ ਦੀ ਕਾਂਗਰਸ ਅੱਗੇ ਆਪਣੇ ਆਖਿ਼ਰੀ ਸਾਲਾਨਾ ਭਾਸ਼ਣ ਵਿਚ ਵੇਲੇ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜ਼ੋਰ ਦੇ ਕੇ ਕਿਹਾ ਸੀ, “ਹਰ ਅਹਿਮ ਕੌਮਾਂਤਰੀ ਮਸਲੇ ਉੱਤੇ ਦੁਨੀਆ ਭਰ ਦੇ ਲੋਕ ਅਗਵਾਈ ਲਈ ਪੇਈਚਿੰਗ ਜਾਂ ਮਾਸਕੋ ਵੱਲ ਨਹੀਂ ਸਗੋਂ ਸਾਡੇ ਵੱਲ ਤੱਕਦੇ ਨੇ।”
ਉਸ ਵੇਲੇ ਦਿੱਤਾ ਇਹ ਬਿਆਨ ਅੱਜ ਸੱਤਾਂ ਸਾਲਾਂ ਬਾਅਦ ਹੀ ਹਕੀਕਤ ਤੋਂ ਕਿੰਨਾ ਨਿੱਖੜ ਗਿਆ ਲਗਦਾ ਹੈ। ਯੂਕਰੇਨ ਅਤੇ ਹੁਣ ਫ਼ਲਸਤੀਨ ਦੇ ਮਸਲੇ ਨੇ ਅਮਰੀਕਾ ਅਤੇ ਇਸ ਦੇ ਪੱਛਮੀ ਜੋਟੀਦਾਰਾਂ ਦੀ ਭੜਕਾਊ ਕੂਟਨੀਤੀ ਨੂੰ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। ਫਰਵਰੀ ਵਿਚ ‘ਵਿਦੇਸ਼ੀ ਸਬੰਧਾਂ ਬਾਰੇ ਯੂਰੋਪੀਅਨ ਕੌਂਸਲ” ਦੇ ਸਰਵੇਖਣ ਮੁਤਾਬਕ ਦੋ-ਤਿਹਾਈ ਤੋਂ ਵੱਧ ਚੀਨੀ, ਰੂਸੀ ਤੇ ਤੁਰਕੀ ਅਤੇ ਭਾਰਤ ਦੇ ਅੱਧਿਓਂ ਵੱਧ ਲੋਕ ਪੱਛਮੀ ਸਾਮਰਾਜ ਦੇ ਇੱਕ ਛਤਰ ਦਾਬੇ ਵਾਲਾ ਸਮਾਂ ਪੁੱਗ ਗਿਆ ਸਮਝਦੇ ਹਨ ਤੇ ਭਵਿੱਖ ਵਿਚ ਚੀਨ ਦੇ ਦਬਦਬੇ ਵਾਲਾ ਨਵਾਂ ਦੌਰ ਬਣਦਾ ਦੇਖ ਰਹੇ ਹਨ।
ਯੂਕਰੇਨ ਜੰਗ ਤੋਂ ਬਾਅਦ ਚੀਨ ਅਤੇ ਰੂਸ ਦੀ ਭਾਈਵਾਲੀ ਹੋਰ ਪੱਕੀ ਹੋਈ ਹੈ। ਫ਼ਲਸਤੀਨ ਮਸਲੇ ਉੱਤੇ ਰੂਸ ਹਮਾਸ ਦੇ ਹੋਰ ਨੇੜੇ ਆ ਚੁੱਕਾ ਹੈ; ਚੀਨ ਨੇ ਇਸ ਮਸਲੇ ਨੂੰ ਖਿੱਤੇ ਵਿਚ ਅਮਰੀਕੀ ਨੀਤੀ ਦੇ ਅਸਫਲ ਹੋਣ ਵਜੋਂ ਪੇਸ਼ ਕਰਦਿਆਂ ਇਸ ਦੀ ਆਲੋਚਨਾ ਕੀਤੀ ਹੈ। ਚੀਨ ਤੇ ਰੂਸ ਨੇ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿਚ ਚਾਰ ਸਾਲਾਂ ਅੰਦਰ ਹੀ ਛੇ ਫੌਜੀ ਮਸ਼ਕਾਂ ਕੀਤੀਆਂ ਹਨ। ਫਿਰ ਅਗਸਤ ਮਹੀਨੇ ਹੀ ਦੋਹਾਂ ਦੀਆਂ ਸਮੁੰਦਰੀ ਫੌਜਾਂ ਨੇ ਸਾਂਝੀ ਮਸ਼ਕ ਕੀਤੀ। ਬਦਲੇ ਹਾਲਾਤ ਨੇ ਨਾ ਸਿਰਫ ਦੋਹਾਂ ਸਾਮਰਾਜੀ ਧੜਿਆਂ ਦੀ ਆਪਸੀ ਟੱਕਰ ਤੇਜ਼ ਕੀਤੀ ਹੈ ਸਗੋਂ ਇਸ ਟਕਰਾਅ ਵਿਚ ਨਵੇਂ ਖਿਡਾਰੀ ਵੀ ਸ਼ਾਮਿਲ ਹੋ ਰਹੇ ਹਨ। ਇਰਾਨ ਤੇ ਉੱਤਰੀ ਕੋਰੀਆ ਨੇ ਰੂਸ ਕੋਲ਼ੋਂ ਫੌਜੀ ਤਕਨੀਕ ਦੀ ਸਾਂਝ ਬਦਲੇ ਉਸ ਨੂੰ ਯੂਕਰੇਨ ਜੰਗ ਵਿਚ ਮਦਦ ਤਹਿਤ ਹਥਿਆਰਾਂ ਦੀ ਲਗਾਤਾਰ ਪੂਰਤੀ ਕੀਤੀ ਹੈ। ਦੂਜੇ ਪਾਸੇ ਆਸਟਰੇਲੀਆ, ਨਿਊਜੀਲੈਂਡ, ਜਪਾਨ ਤੇ ਦੱਖਣੀ ਕੋਰੀਆ ਦੇ ਆਗੂਆਂ ਨੇ ਯੂਰੋਪ ਵਿਚ ਹੋਈਆਂ ਪਿਛਲੀਆਂ ਦੋਹਾਂ ਨਾਟੋ ਬੈਠਕਾਂ ਵਿਚ ਸ਼ਿਰਕਤ ਕੀਤੀ। ਪੱਛਮੀ ਮੁਲਕਾਂ ਤੋਂ ਬਿਨਾਂ ਇਸ ਸਾਲ ਯੂਕਰੇਨ ਨੂੰ ਦੱਖਣੀ ਕੋਰੀਆ ਨੇ ਵੱਡੀ ਪੱਧਰ ਉੱਤੇ ਅਸਲ੍ਹੇ ਦੀ ਖੇਪ ਭੇਜੀ। ਮੱਧ-ਪੂਰਬ ਤੇ ਕੇਂਦਰੀ ਏਜੰਸੀਆਂ ਦੇ ਖਿੱਤੇ ਵਿਚ ਚੱਲਦੀ ਦੋ ਸਾਮਰਾਜੀ ਧੜਿਆਂ ਦੀ ਟੱਕਰ ਵਿਚ ਤੁਰਕੀ ਨੇ ਵੀ ਆਪਣੇ ਹੱਥ ਧੋਂਦੇ ਹੋਏ ਖੁਦ ਨੂੰ ਖਿੱਤੇ ਅੰਦਰ ਹਥਿਆਰਾਂ ਦੇ ਵੱਡੇ ਪੂਰਤੀਕਾਰ ਵਜੋਂ ਸਥਾਪਿਤ ਕੀਤਾ ਹੈ ਜਿਸ ਦਾ ਅਸਰ ਲੀਬੀਆ, ਸੀਰੀਆ ਤੇ ਅਜਰਬਾਈਜਾਨ ਦੀਆਂ ਜੰਗਾਂ ਉੱਪਰ ਵੀ ਪਿਆ। ਕਹਿਣ ਦਾ ਭਾਵ, ਸਾਮਰਾਜੀਆਂ ਦੀ ਟੱਕਰ ਨਾ ਸਿਰਫ ਹੋਰਾਂ ਇਲਾਕਿਆਂ ਵੱਲ ਵਧ ਰਹੀ ਹੈ ਸਗੋਂ ਨਵੇਂ ਲੋਟੂ ਖਿਡਾਰੀ ਵੀ ਇਸ ਵਿਚ ਸ਼ਾਮਿਲ ਹੋ ਰਹੇ ਨੇ। ਨਿਸ਼ਚੇ ਹੀ ਇਹ ਅਜੋਕੇ ਸਾਮਰਾਜੀ ਪ੍ਰਬੰਧ ਦੇ ਹੋਰ ਖੂੰਖਾਰ, ਹੋਰ ਪਰਜੀਵੀ, ਹੋਰ ਮਨੁੱਖਤਾ ਵਿਰੋਧੀ ਹੁੰਦੇ ਜਾਣ ਦੀ ਨਿਸ਼ਾਨੀ ਹੈ।
ਇਸ ਸਾਮਰਾਜੀ ਖਿੱਚੋਤਾਣ ਨੂੰ ਨਵੇਂ ਹਾਲਾਤ ਨੇ ਵੀ ਜ਼ਰਬ ਦਿੱਤੀ ਹੈ। ਮੌਸਮੀ ਤਬਦੀਲੀ ਦੀ ਚਰਚਾ ਮਗਰੋਂ ਊਰਜਾ ਦੇ ‘ਹਰੇ ਸਰੋਤਾਂ’ ਦੀ ਗੱਲ ਤੁਰ ਪਈ ਹੈ ਪਰ ਹਕੀਕਤ ਵਿਚ ਅਜੋਕੇ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਹੇਠ ਵਾਤਾਵਰਨ ਨੂੰ ਠੱਲ੍ਹ ਪਾਉਣ ਦੀਆਂ ਇਨ੍ਹਾਂ ਨਵੀਆਂ ਫਿ਼ਕਰਾਂ ਨੇ ਇੱਕ ਹੋਰ ਮੁਕਾਬਲੇਬਾਜ਼ੀ ਨੂੰ ਜਨਮ ਦਿੱਤਾ ਹੈ ਜਿਸ ਤਹਿਤ ਪੌਣ ਚੱਕੀਆਂ, ਬਿਜਲਈ ਵਾਹਨਾਂ ਆਦਿ ਲਈ ਕੱਚੇ ਮਾਲ ਵਜੋਂ ਲੋੜੀਂਦੇ ਤੱਤਾਂ ਦੀ ਖੋਹ-ਖਿੰਝ ਹੋਰ ਤੇਜ਼ ਹੋ ਗਈ ਹੈ। ਮਿਸਾਲ ਦੇ ਤੌਰ ’ਤੇ ਲੀਥੀਅਮ ਧਾਤ ਲਈ ਮੁਕਾਬਲਾ ਬਹੁਤ ਤੇਜ਼ ਹੋ ਚੁੱਕਾ ਹੈ। ਇਹ ਧਾਤ ਬਿਜਲਈ ਵਾਹਨਾਂ, ਸਮਾਰਟ ਯੰਤਰਾਂ, ਡਿਜੀਟਲ ਕੈਮਰਿਆਂ, ਮੋਬਾਈਲਾਂ, ਲੈਪਟੌਪਾਂ, ਬੈਟਰੀਆਂ ਆਦਿ ਵਿਚ ਵਰਤੀ ਜਾਣ ਵਾਲੀ ਧਾਤ ਹੈ। ਇਸ ਧਾਤ ਦੀ ਮੰਗ 2040 ਤੱਕ 42 ਗੁਣਾ ਵਧਣ ਦੇ ਆਸਾਰ ਹਨ। ਇਸ ਧਾਤ ਦੇ ਵਧੇਰੇ ਸਰੋਤ ਫਿਲਹਾਲ ਆਸਟਰੇਲੀਆ ਤੇ ਲਾਤੀਨੀ ਅਮਰੀਕਾ ਦੇ ਮੁਲਕਾਂ ਬੋਲੀਵੀਆ, ਅਰਜਨਟੀਨਾ ਤੇ ਚਿਲੀ ਵਿਚ ਹਨ। ਇਨ੍ਹਾਂ ਸਰੋਤਾਂ ਉੱਤੇ ਕਬਜ਼ੇ ਨੂੰ ਲੈ ਕੇ ਵੱਡੀਆਂ ਕੰਪਨੀਆਂ ਦਰਮਿਆਨ ਮੁਕਾਬਲਾ ਤੇਜ਼ ਹੋ ਗਿਆ ਹੈ। ਨਾਲ ਹੀ ਉੱਥੇ ਬੇਕਿਰਕ ਖਣਨ ਕਾਰਨ ਸਥਾਨਕ ਲੋਕਾਂ ਤੇ ਖਣਨ ਕੰਪਨੀਆਂ ਦਰਮਿਆਨ ਟਕਰਾਅ ਵੀ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਬੁਨਿਆਦੀ ਧਾਤਾਂ ਹਨ ਜਿਨ੍ਹਾਂ ਲਈ ਸਰਮਾਏਦਾਰਾ ਸਾਮਰਾਜੀ ਮੁਕਾਬਲੇਬਾਜ਼ੀ ਆਉਣ ਵਾਲੇ ਸਾਲਾਂ ਵਿਚ ਹੋਰ ਤੇਜ਼ ਹੋਣੀ ਹੈ।
ਅੱਜ ਦੀ ਦੁਨੀਆ ਦੇ ਇਹ ਹਾਲਾਤ ਸਪੱਸ਼ਟ ਕਰਦੇ ਹਨ ਕਿ ਕਿਵੇਂ ਸਾਮਰਾਜੀ ਦੁਨੀਆ ਮਨੁੱਖਤਾ ਨੂੰ ਕੁਝ ਵੀ ਉਸਾਰੂ ਦੇਣ ਦੀ ਹਾਲਤ ਵਿਚ ਨਹੀਂ ਸਗੋਂ ਇਹ ਜੰਗਾਂ ਤੇ ਹੋਰ ਤਬਾਹੀ ਦੀ ਸੂਰਤ ਵਿਚ ਮਨੁੱਖਤਾ ਵੱਲੋਂ
ਸਿਰਜੀਆਂ ਹਾਂਦਰੂ ਚੀਜਾਂ, ਭਾਵੇਂ ਉਹ ਤਕਨੀਕ ਹੋਵੇ
ਤੇ ਭਾਵੇਂ ਕਲਾਤਮਕ ਵਿਕਾਸ, ਸਭ ਦਾ ਵਿਨਾਸ਼ ਕਰ ਰਹੀ ਹੈ। ਇਹ ਜੰਗੀ ਮਾਹੌਲ ਤੇ ਮਾਰੂ ਜੰਗਾਂ ਖ਼ਤਮ ਕਰਨ ਲਈ ਇੱਕ ਹੋਰ ਵੱਡੀ, ਸਰਮਾਏਦਾਰਾ ਸਾਮਰਾਜ ਵਿਰੋਧੀ ਜੰਗ ਦੀ ਲੋੜ ਹੈ।
ਸੰਪਰਕ: 98888-08188