For the best experience, open
https://m.punjabitribuneonline.com
on your mobile browser.
Advertisement

ਇੰਪੈਕਟ ਸਪੋਰਟਸ ਕਲੱਬ ਨੇ ਜਿੱਤਿਆ ਫੁੱਟਬਾਲ ਕੱਪ

08:01 AM Aug 28, 2024 IST
ਇੰਪੈਕਟ ਸਪੋਰਟਸ ਕਲੱਬ ਨੇ ਜਿੱਤਿਆ ਫੁੱਟਬਾਲ ਕੱਪ
ਖੇਡ ਮੇਲੇ ਦੌਰਾਨ ਫੁੱਟਬਾਲ ਦੀ ਜੇਤੂ ਟੀਮ ਪ੍ਰਬੰਧਕਾਂ ਕੋਲੋਂ ਆਪਣਾ ਇਨਾਮ ਪ੍ਰਾਪਤ ਕਰਦੀ ਹੋਈ
Advertisement

ਸੁਰਿੰਦਰ ਮਾਵੀ

ਵਿਨੀਪੈੱਗ: ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ 45ਵਾਂ ਸਰਬ ਸਾਂਝਾ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈੱਗ ਵਿੱਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੋੜਨਾ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨਾ ਸੀ। ਮੇਲੇ ਵਿੱਚ ਕੌਂਸਲਰ ਦੇਵੀ ਸ਼ਰਮਾ, ਐੱਮ.ਐੱਲ.ਏ. ਮਿੰਟੂ ਸੰਧੂ, ਐੱਮ. ਐੱਲ.ਏ. ਦਲਜੀਤ ਬਰਾੜ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।
ਟੂਰਨਾਮੈਂਟ ਵਿੱਚ ਮੈਪਲ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਈ.ਕੇ. ਸਪੋਰਟਸ ਕਲੱਬ, ਇੰਪੈਕਟ ਸਪੋਰਟਸ ਕਲੱਬ, ਵਾਈ.ਐੱਫ.ਸੀ. ਸਪੋਰਟਸ ਕਲੱਬ, ਰੈਪਟਰ ਸਪੋਰਟਸ ਕਲੱਬ, ਅਰਜਨਟੀਨਾ ਸਪੋਰਟਸ ਕਲੱਬ ਤੇ ਰੇਡਰਜ਼ ਸਪੋਰਟਸ ਕਲੱਬ ਮੁੱਖ ਤੌਰ ’ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਲੱਬਾਂ ਵੱਲੋਂ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ ਤੇ ਅਥਲੈਟਿਕਸ ਵਿੱਚ ਵੀ ਜ਼ੋਰ ਅਜ਼ਮਾਇਸ਼ ਕੀਤੀ ਗਈ। ਇਨ੍ਹਾਂ ਸਾਰੀਆਂ ਖੇਡਾਂ ਵਿੱਚ ਤਕਰੀਬਨ 150 ਤੋਂ ਵੱਧ ਟੀਮਾਂ ਨੇ ਭਾਗ ਲਿਆ। ਫੁੱਟਬਾਲ ਵਿੱਚ ਅੰਡਰ 6 ਵਰਗ ਵਿੱਚ ਇੰਪੈਕਟ ਸਪੋਰਟਸ ਕਲੱਬ ਦੀ ਟੀਮ ਨੇ ਵਾਈ ਐੱਫ.ਸੀ. ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਜਿੱਤਿਆ। ਅੰਡਰ 10 ਵਿੱਚ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਨੇ ਵਾਈ.ਐੱਫ.ਸੀ. ਸਪੋਰਟਸ ਕਲੱਬ ਨੂੰ ਫਾਈਨਲ ਵਿੱਚ ਹਰਾਇਆ। ਅੰਡਰ 12 ਤੇ ਅੰਡਰ 14 ਦੀਆਂ ਟਰਾਫੀਆਂ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਨੇ ਮੇਪਲ ਫੁੱਟਬਾਲ ਕਲੱਬ ਨੂੰ ਹਰਾ ਕੇ ਜਿੱਤੀਆਂ। ਮੇਪਲ ਦੀ ਕੁੜੀਆਂ ਦੀ ਫੁੱਟਬਾਲ ਟੀਮ ਨੇ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਟਰਾਫੀ ਜਿੱਤੀ। ਫੁੱਟਬਾਲ ਓਪਨ ਵਿੱਚ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੇ ਟੀਮ ਨੇ ਇੱਕ ਗੋਲ ਨਾਲ ਮੈਪਲ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਕੱਪ ਆਪਣੇ ਨਾਂ ਕੀਤਾ। ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੇ ਗੁਰਪਰਮ ਧਾਲੀਵਾਲ ਨੂੰ ਬੈਸਟ ਪਲੇਅਰ ਐਲਾਨਿਆ ਗਿਆ।
ਇਸ ਮੌਕੇ ਵਜ਼ਨੀ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਗਏ। 155 ਪੌਂਡ ਵਰਗ ਵਿੱਚ ਮਤਵਾਣੀ ਦੀ ਟੀਮ ਨੇ 19 ਦੇ ਮੁਕਾਬਲੇ 20 ਪੁਆਇੰਟਾਂ ਨਾਲ ਬਾਘਾ ਪੁਰਾਣਾ ਦੀ ਟੀਮ ਨੂੰ ਹਰਾਇਆ। ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਅਨਮੋਲ ਸਿੰਘ ਤੇ ਗੁਰਵਿੰਦਰ ਸਿੰਘ ਦੀ ਟੀਮ ਨੇ ਸਹਿਜ ਤੇ ਕਰਮਵੀਰ ਸਿੰਘ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਦੀਪਲ ਤੇ ਨੇਹਾ ਦੀ ਟੀਮ ਨੇ ਨਵਨੂਰ ਕੰਗ ਤੇ ਇਸਵਿਨ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ। ਇਸ ਤੋਂ ਇਲਾਵਾ ਬਾਸਕਟਬਾਲ ਦੇ ਮੁਕਾਬਲੇ ਵੀ ਕਰਵਾਏ ਗਏ। ਲੜਕੀਆਂ ਦੇ ਵਰਗ ਵਿੱਚ ‘ਅਟੈਕ ਏ’ ਟੀਮ ਨੇ ‘ਅਟੈਕ ਬੀ’ ਟੀਮ ਨੂੰ ਹਰਾ ਕੇ ਫਾਈਨਲ ਜਿੱਤਿਆ। ਵਾਲੀਬਾਲ ਮੈਚ ਰਾਣਾ, ਰਾਜੂ , ਨਿੰਮਾ ਤੇ ਫੌਜੀ ਦੀ ਰੇਖ ਦੇਖ ਵਿੱਚ ਕਰਵਾਏ ਗਏ। ਵਾਲੀਬਾਲ ਵਿੱਚ ਰੈਪਟਰ ਸਪੋਰਟਸ ਕਲੱਬ ਦੀ ਟੀਮ ਨੇ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਕੱਪ ਜਿੱਤਿਆ।
ਮੇਲੇ ਵਿੱਚ ਆਏ ਦਰਸ਼ਕਾਂ ਨੇ ਹਰ ਉਮਰ ਵਰਗ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਆਨੰਦ ਮਾਣਿਆ। 100 ਮੀਟਰ ਕੁੜੀਆਂ ਦੀ ਅੰਡਰ 14 ਦੀ ਪ੍ਰਨੀਤ ਕੌਰ ਸਿੱਧੂ ਨੇ ਪਹਿਲਾ, ਜਪ੍ਰੀਤ ਬਰਾੜ ਨੇ ਦੂਜਾ ਅਤੇ ਪ੍ਰਿਯਾ ਸ਼ੇਰਗਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਮੁੰਡਿਆਂ ਦੇ ਅੰਡਰ 14 ਵਰਗ ਵਿੱਚ ਗੁਰਮਹਿਕ ਨੇ ਪਹਿਲਾ, ਜਗਜੋਤ ਨੇ ਦੂਜਾ ਅਤੇ ਜੋਬਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਕੁੜੀਆਂ ਦੇ ਅੰਡਰ 14 ਵਰਗ ਵਿੱਚ ਪ੍ਰਿਯਾ ਸ਼ੇਰਗਿੱਲ ਨੇ ਪਹਿਲਾ, ਜਸਮੀਨ ਨੇ ਦੂਜਾ ਅਤੇ ਦੀਪਇੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਮੁੰਡਿਆਂ ਦੇ ਅੰਡਰ 14 ਵਰਗ ਵਿੱਚ ਗੁਰਮਹਿਕ ਨੇ ਪਹਿਲਾ, ਜਗਜੋਤ ਨੇ ਦੂਜਾ ਅਤੇ ਜਸਮੀਤ ਗਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 12 ਮੁੰਡਿਆਂ ਦੇ ਵਰਗ ਵਿੱਚ ਜਗਜੋਤ ਗਿੱਲ ਪਹਿਲੇ, ਬੰਤਾਜ ਦੂਜੇ ਅਤੇ ਹਰਸ਼ਾਨ ਤੀਜੇ ਸਥਾਨ ’ਤੇ ਰਹੇ। ਅੰਡਰ 12 ਕੁੜੀਆਂ ਦੇ ਵਰਗ ਵਿੱਚ ਗੁਰਲੀਨ ਵਿਰਕ ਪਹਿਲੇ, ਨਵਰੂਪ ਬਾਜਵਾ ਦੂਜੇ ਅਤੇ ਜਸਪ੍ਰੀਤ ਬਰਾੜ ਤੀਜੇ ਸਥਾਨ ’ਤੇ ਰਹੇ। ਸ਼ਾਟਪੁੱਟ ਸੱਠ ਸਾਲਾਂ ਵਰਗ ਵਿੱਚ ਐੱਸ. ਮਾਵੀ ਨੇ ਪਹਿਲਾ, ਸਰਬਜੀਤ ਮਾਵੀ ਨੇ ਦੂਜਾ ਤੇ ਜਸਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸਤਰੀਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਸਰਬਜੀਤ ਕੌਰ, ਰਾਜਵਿੰਦਰ ਗਿੱਲ ਤੇ ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਓਪਨ ਵਰਗ ਵਿੱਚ ਨਵਨੀਤ ਸਿੰਘ ਪਹਿਲੇ, ਰਣਜੀਤ ਸਿੰਘ ਦੂਜੇ ਤੇ ਜਗਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। ਤਾਸ਼ ਦੀ ਬਾਜ਼ੀ ਵਿੱਚ ਬਲਕਰਨ ਸਿੰਘ ਤੇ ਜਗਜੀਤ ਸਿੰਘ ਦੀ ਟੀਮ ਨੇ ਗੁਰਤੇਜ ਸਿੰਘ ਤੇ ਗੁਰਮਿੰਦਰ ਸਿੰਘ ਦੀ ਟੀਮ ਨੂੰ ਹਰਾ ਕੇ ਕੱਪ ਜਿੱਤਿਆ।
ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ। ਜਿਸ ਨੂੰ ਪਿੰਕੀ ਘੁੰਮਣ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ। ਗਾਇਕ ਚੰਨ ਚਮਕੌਰ ਨੇ ਆਪਣੇ ਨਵੇਂ ਤੇ ਪੁਰਾਣੇ ਗੀਤ ਸੁਣਾ ਕੇ ਸਭ ਦਾ ਮਨ ਮੋਹਿਆ। ਇਸ ਮੌਕੇ ਬੱਚਿਆਂ ਵੱਲੋਂ ਭੰਗੜਾ ਤੇ ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਇਸ ਪੂਰੇ ਟੂਰਨਾਮੈਂਟ ਦੌਰਾਨ ਧਰਮ ਸਿੰਘ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।

Advertisement

‘ਸੰਦੂਕੜੀ ਖੋਲ੍ਹ ਨਰੈਣਿਆ’ ਦਾ ਮੰਚਨ 21 ਨੂੰ

ਕੈਲਗਰੀ (ਹਰਚਰਨ ਸਿੰਘ ਪ੍ਰਹਾਰ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਅਦਾਰਾ ਸਰੋਕਾਰਾਂ ਦੀ ਆਵਾਜ਼ ਵੱਲੋਂ ਉੱਘੇ ਲੇਖਕ, ਥੀਏਟਰ ਕਲਾਕਾਰ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਸੋਲੋ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਕੈਲਗਰੀ ਵਿੱਚ ਸ਼ਨਿਚਰਵਾਰ 21 ਸਤੰਬਰ, 2024 ਨੂੰ ਰੈਡ ਸਟੋਨ ਨਾਰਥ ਈਸਟ ਦੇ ਥੀਏਟਰ ਵਿੱਚ ਖੇਡਿਆ ਜਾਵੇਗਾ। ਇਸ ਨਾਟਕ ਵਿੱਚ ਸਾਰੇ ਕਿਰਦਾਰ ਡਾ. ਸਾਹਿਬ ਸਿੰਘ ਆਪ ਹੀ ਨਿਭਾਉਣਗੇ। ਇੱਥੇ ਇਸ ਨਾਟਕ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਮਾਸਟਰ ਭਜਨ ਸਿੰਘ ਨੇ ਨਾਟਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਵਿੱਚ ‘ਸੰਦੂਕੜੀ ਖੋਲ੍ਹ ਨਰੈਣਿਆ’ ਤੋਂ ਇਲਾਵਾ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵੱਲੋਂ ਇੱਕ ਹੋਰ ਨਾਟਕ ‘ਐੱਲਐੱਮਆਈਏ’ ਵੀ ਖੇਡਿਆ ਜਾਵੇਗਾ ਜੋ ਕਿ ਕੈਨੇਡਾ ਵਿੱਚ ਐੱਲਐੱਮਆਈਏ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਦਾਸਤਾਨ ਹੈ।
ਸੰਪਰਕ: 403-455-4220

Advertisement
Author Image

Advertisement